#PUNJAB

ਮਜੀਠਾ ਪੁਲਿਸ ਥਾਣੇ ਦੇ ਮਾਮਲੇ ‘ਚ ਬਿਕਰਮ ਮਜੀਠੀਆ ਨੂੰ ਮਿਲੀ ਪੱਕੀ ਜ਼ਮਾਨਤ

ਮਜੀਠਾ, 4 ਜੁਲਾਈ (ਪੰਜਾਬ ਮੇਲ)- ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਸੰਬੰਧਤ ਐੱਫ਼.ਆਈ.ਆਰ. ਨੰਬਰ 91 ਦੇ ਮਾਮਲੇ ‘ਚ ਅੱਜ ਅਦਾਲਤ ਅੰਦਰ ਸੁਣਵਾਈ ਹੋਈ। ਸੁਣਵਾਈ ਦੌਰਾਨ ਮਜੀਠੀਆ ਦੀ ਪੱਖੋਂ ਉਨ੍ਹਾਂ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਅਦਾਲਤ ਵਿਚ ਪੇਸ਼ ਹੋਏ। ਹੁਣ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਈ ਹੈ। ਅਦਾਲਤ ਨੇ ਮਜੀਠਾ ਪੁਲਿਸ ਸਟੇਸ਼ਨ ਮਾਮਲੇ ‘ਚ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਹੈ। ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਨੇ ਪਹਿਲਾਂ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ। ਹੁਣ ਉਨ੍ਹਾਂ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਮਜੀਠਾ ਪੁਲਿਸ ਥਾਣੇ ‘ਤੇ ਕਥਿਤ ਹਮਲੇ ਦੇ ਮਾਮਲੇ ‘ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ਦੀ ਪੱਕੀ ਜ਼ਮਾਨਤ ਦੀ ਅਰਜ਼ੀ ‘ਤੇ ਅਦਾਲਤ ਨੇ ਸੁਣਵਾਈ ਕਰਦਿਆਂ ਫ਼ੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਅਦਾਲਤ ‘ਚ ਪੱਕੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਹੋਈ ਸੀ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਿਆ ਹੈ ਅਤੇ ਸ਼ਾਮ ਵੇਲੇ ਇਸ ਕੇਸ ਸਬੰਧੀ ਫ਼ੈਸਲੇ ਨੂੰ ਅੱਜ 4 ਜੁਲਾਈ ਲਈ ਰਾਖਵਾਂ ਰੱਖ ਲਿਆ ਸੀ। ਇਸ ਤੋਂ ਪਹਿਲਾਂ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਮਾਮਲੇ ‘ਚ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ। ਹੁਣ ਅਦਾਲਤ ਵਿਚ ਪੱਕੀ ਜ਼ਮਾਨਤ ਵਾਸਤੇ ਅਰਜ਼ੀ ਦਾਇਰ ਕੀਤੀ ਗਈ ਸੀ।
ਦੱਸਣਯੋਗ ਹੈ ਕਿ ਇਹ ਘਟਨਾ ਨਗਰ ਪੰਚਾਇਤ ਨਗਰ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵਾਪਰੀ ਸੀ। ਅਕਾਲੀ ਦਲ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਇਕ ਸਮਰਥਕ ਪੁਲਿਸ ਵੱਲੋਂ ਜਬਰੀ ਚੁੱਕ ਲਿਆ ਗਿਆ, ਜਿਸ ਨੂੰ ਨਾਜਾਇਜ਼ ਪੁਲਿਸ ਹਿਰਾਸਤ ‘ਚ ਰੱਖਿਆ ਗਿਆ ਹੈ। ਜਿਸ ਦੀ ਰਿਹਾਈ ਵਾਸਤੇ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਧਰਨੇ ਦੌਰਾਨ ਹੀ ਇਹ ਘਟਨਾ ਵਾਪਰੀ ਸੀ ਅਤੇ ਪੁਲਿਸ ਵੱਲੋਂ ਥਾਣੇ ‘ਤੇ ਕਥਿਤ ਹਮਲੇ ਦਾ ਦੋਸ਼ ਲਾਇਆ ਗਿਆ ਸੀ। ਇਸ ਸਬੰਧ ‘ਚ ਕੇਸ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ‘ਤੇ ਛਾਪਾਮਾਰੀ ਵੀ ਕੀਤੀ ਸੀ ਪਰ ਉਹ ਘਰ ‘ਚ ਮੌਜੂਦ ਨਹੀਂ ਸਨ।