#AMERICA

ਭਾਰਤੀ ਮੂਲ ਦੇ ਸੁਨਿਆਰੇ ਦੀ ਦੁਕਾਨ ‘ਤੇ ਡਕੈਤੀ

* 10 ਲੱਖ ਡਾਲਰ ਦੇ ਗਹਿਣੇ ਲੁੱਟੇ
ਸੈਕਰਾਮੈਂਟੋ, 19 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਕਾਬਪੋਸ਼ ਲੁਟੇਰਿਆਂ ਨੇ ਵੁੱਡਬਰਿਜ, ਨਿÀਜਰਸੀ ਵਿਖੇ ਇਕ ਭਾਰਤੀ ਮੂਲ ਦੇ ਸੁਨਿਆਰ ਦੀ ਗਹਿਣਿਆਂ ਦੀ ਦੁਕਾਨ ‘ਤੇ ਚਿੱਟੇ ਦਿਨ ਲੁੱਟਮਾਰ ਕੀਤੀ। ਪੁਲਿਸ ਅਨੁਸਾਰ ਲੁਟੇਰੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿਚ ਲਗਭਗ 10 ਲੱਖ ਡਾਲਰ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਕਾਲੇ ਕੱਪੜੇ ਪਹਿਨੇ ਚਾਰ ਲੁਟੇਰੇ ਵੁੱਡਬ੍ਰਿਜ ਵਿਚ 9 ਲੱਖਾ ਜਵੈਲਰਜ਼ ਵਿਚ ਦਾਖਲ ਹੋਏ, ਡਿਸਪਲੇਅ ਕੇਸਾਂ ਨੂੰ ਹਥੌੜਿਆਂ ਨਾਲ ਤੋੜਿਆ ਤੇ ਗਹਿਣੇ ਲੈ ਕੇ ਫਰਾਰ ਹੋ ਗਏ। 9 ਲੱਖਾ ਜਵੈਲਰਜ਼ ਦੇ ਸਹਿ-ਮਾਲਕ ਸੋਨੂੰ ਚੌਹਾਨ ਨੇ ਦੱਸਿਆ ਕਿ ਲੁਟੇਰਿਆਂ ਕੋਲ ਵੱਡੇ ਪਲਾਸਟਿਕ ਬੈਗ ਸਨ ਤੇ ਉਹ 30 ਜਾਂ 45 ਸਕਿੰਟਾਂ ਦੇ ਅੰਦਰ ਬੈਗ ਵਿਚ ਗਹਿਣੇ ਪਾ ਕੇ ਕਾਰ ਵਿਚ ਫਰਾਰ ਹੋ ਗਏ। ਸੀ.ਸੀ.ਟੀ.ਵੀ. ਫੁਟੇਜ ਵਿਚ ਲੁਟੇਰੇ ਇੱਕ ਚਾਂਦੀ ਰੰਗ ਦੀ ਕਾਰ ਵਿਚ ਆਉਂਦੇ ਵਿਖਾਈ ਦਿੰਦੇ ਹਨ ਤੇ ਸਟੋਰ ਦੇ ਬਾਹਰ ਕਾਰ ਖੜ੍ਹੀ ਕਰਕੇ ਜ਼ਬਰਦਸਤੀ ਅੰਦਰ ਦਾਖਲ ਹੋ ਜਾਂਦੇ ਹਨ। ਇਹ ਸਟੋਰ ਇੱਕ ਅਜਿਹੇ ਖੇਤਰ ਵਿਚ ਸਥਿਤ ਹੈ, ਜਿੱਥੇ ਕਾਫੀ ਭਾਰਤੀ ਅਮਰੀਕੀ ਆਬਾਦੀ ਹੈ ਅਤੇ ਕਈ ਭਾਰਤੀਆਂ ਦੇ ਗਹਿਣਿਆਂ ਦੇ ਕਾਰੋਬਾਰ ਹਨ। 9 ਲੱਖਾ ਜਵੈਲਰਜ਼ ਦੀ ਸਹਿ-ਮਾਲਕ ਸੁਸ਼ਮਿਤਾ ਚੌਹਾਨ ਦੇ ਅਨੁਸਾਰ, ਇਸੇ ਤਰ੍ਹਾਂ ਦੀਆਂ ਘਟਨਾਵਾਂ ਨੇੜਲੇ ਸਟੋਰਾਂ ਵਿਚ ਵੀ ਵਾਪਰੀਆਂ ਹਨ, ਜਿਸ ਕਾਰਨ ਕਾਰੋਬਾਰੀ ਮਾਲਕਾਂ ਵਿਚ ਚਿੰਤਾ ਤੇ ਡਰ ਪਾਇਆ ਜਾ ਰਿਹਾ ਹੈ। ਇਸੇ ਗਲੀ ‘ਤੇ ਵਿਰਾਨੀ ਜਵੈਲਰਜ਼ ਨੂੰ ਪਿਛਲੇ ਸਾਲ ਜੂਨ ਵਿਚ ਲੁੱਟਿਆ ਗਿਆ ਸੀ। ਪਿਛਲੇ ਸਾਲ ਮਈ ਵਿਚ ਪਰਥ ਐਂਬੋਏ ਵਿਚ ਰੂਬੀਜ਼ ਜਵੈਲਰਜ਼ ਅਤੇ ਜਰਸੀ ਸਿਟੀ ਵਿਚ ਰੀਮਾ ਜਵੈਲਰਜ਼ ਅਤੇ ਪਾਪੂਲਰ ਲੰਡਨ ਜਵੈਲਰਜ਼ ਵਿਚ ਡਕੈਤੀਆਂ ਪਈਆਂ ਸਨ।