#AMERICA

ਭਾਰਤੀ ਮੂਲ ਦੇ ਡਾ. ਅਮੀਸ਼ ਸ਼ਾਹ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤੀ

ਸੈਕਰਾਮੈਂਟੋ, 29 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਡਾਕਟਰ ਅਤੇ ਐਰੀਜ਼ੋਨਾ ਰਾਜ ਦੇ ਸਾਬਕਾ ਪ੍ਰਤੀਨਿਧੀ ਭਾਰਤੀ ਮੂਲ ਦੇ ਡਾ. ਅਮੀਸ਼ ਸ਼ਾਹ ਨੇ ਐਰੀਜ਼ੋਨਾ ਦੇ ਪਹਿਲੇ ਕਾਂਗਰਸ ਜ਼ਿਲੇ ਲਈ ਡੈਮੋਕ੍ਰੇਟਿਕ ਨਾਮਜ਼ਦਗੀ ਚੋਣ ਜਿੱਤ ਲਈ ਹੈ। ਹੁਣ ਸ਼ਾਹ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਜੈ ਫੀਲੀ, ਜੋ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਸਮਰਥਤ ਸਾਬਕਾ ਨੈਸ਼ਨਲ ਫੁੱਟਬਾਲ ਲੀਗ ਕਿਕਰ ਹੈ, ਨਾਲ ਨਵੰਬਰ ਵਿਚ ਹੋਵੇਗਾ। ਸ਼ਾਹ ਦੀ ਜਿੱਤ ਇਸ ਲਈ ਅਹਿਮ ਹੈ ਕਿਉਂਕਿ ਉਸ ਨੇ ਸਾਬਕਾ ਟੈਲੀਵਿਜ਼ਨ ਪੱਤਰਕਾਰ ਮਾਰਲੀਨ ਗੈਲਨ-ਵੁੱਡਸ ਨੂੰ ਹਰਾਇਆ, ਜਿਸ ਨੂੰ ਐਰੀਜ਼ੋਨਾ ਡੈਮੋਕ੍ਰੇਟਿਕ ਨੇਤਾਵਾਂ, ਜਿਨ੍ਹਾਂ ਵਿਚ ਸੈਨੇਟਰ ਮਾਰਕ ਕੈਲੀ ਵੀ ਸ਼ਾਮਲ ਹੈ ਅਤੇ ਡੈਮੋਕ੍ਰੇਟਿਕ ਕਾਂਗਰੇਸ਼ਨਲ ਮੁਹਿੰਮ ਕਮੇਟੀ ਦਾ ਸਮਰਥਨ ਵੀ ਪ੍ਰਾਪਤ ਸੀ, ਜੋ ਕਿ ਆਮ ਤੌਰ ‘ਤੇ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਵਿਚ ਘੱਟ ਹੀ ਦਖਲ ਦਿੰਦੀ ਹੈ। ਆਪਣੀ ਜਿੱਤ ਤੋਂ ਬਾਅਦ ਸ਼ਾਹ ਨੇ ਕਿਹਾ ਕਿ ”ਮੈਂ ਹਮੇਸ਼ਾ ਇੱਕ ਮਿਹਨਤੀ, ਜ਼ਮੀਨੀ ਪੱਧਰ ‘ਤੇ ਉਮੀਦਵਾਰ ਹੋਣ ‘ਤੇ ਮਾਣ ਕੀਤਾ ਹੈ। ਇਸ ਪ੍ਰਾਇਮਰੀ ਚੋਣ ‘ਚ ਸਾਡੀ ਜਿੱਤ ਇੱਕ ਜ਼ਮੀਨੀ ਪੱਧਰ ‘ਤੇ ਹੋਈ ਜਿੱਤ ਹੈ, ਜਿੱਥੇ ਐਰੀਜ਼ੋਨਾ ਦੇ ਵੋਟਰਾਂ ਨੇ ਆਪਣੀ ਆਵਾਜ਼ ਨੂੰ ਪਛਾਣਿਆ ਹੈ।”