-ਫਾਈਨਲ ਮੁਕਾਬਲੇ ਵਿਚ ਸ੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ;
ਚੰਡੀਗੜ੍ਹ, 14 ਸਤੰਬਰ (ਪੰਜਾਬ ਮੇਲ)- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਠਵੀਂ ਵਾਰ ਏਸ਼ੀਆ ਕੱਪ ਜਿੱਤ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਭਾਰਤ ਨੇ ਸ੍ਰੀਲੰਕਾ ਦੀ ਟੀਮ ਨੂੰ ਟੀ 20 ਮੈਚ ਵਿਚ 72 ਦੌੜਾਂ ਨਾਲ ਹਰਾਇਆ।
ਦੁਬਈ ਵਿਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਟੀ-20 ਦੇ ਫ਼ਾਈਨਲ ਮੈਚ ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ‘ਤੇ 183 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (68 ਦੌੜਾਂ) ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ (59 ਦੌੜਾਂ) ਨੇ ਵਧੀਆ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਵਿਕਟ ਲਈ ਸਿਰਫ਼ 77 ਗੇਂਦਾਂ ਵਿਚ 129 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਸ਼ੈਫਾਲੀ ਨੇ ਮਹਿਲਾ ਏਸ਼ੀਆ ਕੱਪ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਜੜਨ ਦਾ ਰਿਕਾਰਡ ਬਣਾਉਂਦਿਆਂ ਮਹਿਜ਼ 24 ਗੇਂਦਾਂ ਵਿਚ ਆਪਣੀ ਫ਼ਿਫਟੀ ਪੂਰੀ ਕੀਤੀ। ਸਮ੍ਰਿਤੀ ਮੰਧਾਨਾ ਨੇ ਵੀ 35 ਗੇਂਦਾਂ ਵਿਚ ਆਪਣਾ 36ਵਾਂ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜਾ ਪੂਰਾ ਕੀਤਾ।
ਸ਼ੈਫਾਲੀ ਅਤੇ ਮੰਧਾਨਾ ਦੇ ਆਊਟ ਹੋਣ ਤੋਂ ਬਾਅਦ ਸ੍ਰੀਲੰਕਾਈ ਗੇਂਦਬਾਜ਼ਾਂ ਨੇ ਮੈਚ ਵਿਚ ਸ਼ਾਨਦਾਰ ਵਾਪਸੀ ਕੀਤੀ ਅਤੇ ਭਾਰਤੀ ਟੀਮ ਨੂੰ 200 ਦੌੜਾਂ ਤੱਕ ਪਹੁੰਚਣ ਤੋਂ ਰੋਕ ਦਿੱਤਾ। ਭਾਰਤੀ ਮਹਿਲਾ ਟੀਮ ਨੇ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 183 ਦੌੜਾਂ ਬਣਾਈਆਂ। ਪਰ ਸ੍ਰੀਲੰਕਾ ਦੀ ਟੀਮ 111 ਦੌੜਾਂ ‘ਤੇ ਹੀ ਆਲ ਆਊਟ ਹੋ ਗਈ।
ਸ੍ਰੀਲੰਕਾ ਲਈ ਇਮੇਸ਼ਾ ਦੁਲਾਨੀ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਕਪਤਾਨ ਅਟਾਪੱਟੂ ਨੇ 36 ਦੌੜਾਂ ਅਤੇ ਵਿਸ਼ਮੀ ਗੁਣਾਰਤਨੇ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਪਰ ਸ੍ਰੀਲੰਕਾ ਦੀ ਪਾਰੀ 111 ਦੌੜਾਂ ‘ਤੇ ਹੀ ਸਿਮਟ ਗਈ।
ਭਾਰਤ ਦੀਆਂ ਗੇਂਦਬਾਜ਼ਾਂ ਨੇ ਪੂਰੇ ਮੈਚ ਦੌਰਾਨ ਸ਼ਾਨਦਾਰ ਅਨੁਸ਼ਾਸਨ ਦਿਖਾਉਂਦੇ ਹੋਏ ਸ੍ਰੀਲੰਕਾਈ ਬੱਲੇਬਾਜ਼ਾਂ ਨੂੰ ਦਬਾਅ ਵਿਚ ਰੱਖਿਆ। ਸ੍ਰੀ ਚਰਨੀ ਨੇ ਵਧੀਆ ਗੇਂਦਬਾਜ਼ੀ ਕਰਦਿਆਂ ਸ੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਟਿਕਣ ਨਾ ਦਿੱਤਾ ਅਤੇ 4 ਅਹਿਮ ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਤੋਂ ਇਲਾਵਾ ਦੀਪਤੀ ਸ਼ਰਮਾ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 2 ਵਿਕਟਾਂ ਹਾਸਲ ਕੀਤੀਆਂ। ਕ੍ਰਾਂਤੀ ਗੌੜ, ਪ੍ਰੇਮਾ ਰਾਵਤ ਅਤੇ ਸ਼ੈਫਾਲੀ ਵਰਮਾ ਨੇ 1-1 ਵਿਕਟ ਹਾਸਲ ਕਰਕੇ ਭਾਰਤ ਦੀ ਇਸ ਇਤਿਹਾਸਕ ਅਤੇ ਸ਼ਾਨਦਾਰ ਜਿੱਤ ਵਿਚ ਮਹੱਤਵਪੂਰਨ ਯੋਗਦਾਨ ਪਾਇਆ।
ਭਾਰਤ ਅੱਠਵੀਂ ਵਾਰ ਬਣਿਆ ਮਹਿਲਾ ਏਸ਼ੀਆ ਕ੍ਰਿਕਟ ਕੱਪ ਦਾ ਚੈਂਪੀਅਨ

