18 ਸਾਲਾ ਵਿਦਿਆਰਥੀ ਦੇ ਕਤਲ ਮਾਮਲੇ ਵਿਚ ਸੁਣਾਈ ਸੀ 21 ਸਾਲ ਦੀ ਸਜ਼ਾ; 5 ਨਵੰਬਰ ਨੂੰ ਅਪੀਲ ‘ਤੇ ਸੁਣਵਾਈ
ਲੰਡਨ, 1 ਅਕਤੂਬਰ (ਪੰਜਾਬ ਮੇਲ)- ਦੱਖਣ-ਪੂਰਬੀ ਇੰਗਲੈਂਡ ‘ਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਵਾਲੇ 23 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਨੂੰ ਮੰਗਲਵਾਰ ਨੂੰ ਆਪਣੀ ਸਜ਼ਾ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ। ਵਿਕਰਮ ਦਿਗਵਾ ਨੂੰ ਸਾਊਥੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੇ ਅਦਾਲਤ ‘ਚ ਆਪਣੇ ਬਚਾਅ ਲਈ ਧਾਰਮਿਕ ਕਾਰਨਾਂ ਦੀਆਂ ਦਲੀਲਾਂ ਦਿੱਤੀਆਂ ਸਨ। ਉਸ ਨੇ ਕਿਹਾ ਸੀ ਕਿ ਉਸ ਕੋਲ ਕਿਰਪਾਨ ਸੀ, ਜਿਸ ਨੂੰ ਸਿੱਖ ਬਰਤਾਨੀਆ ‘ਚ ਕਾਨੂੰਨੀ ਤੌਰ ‘ਤੇ ਆਪਣੇ ਕੋਲ ਰੱਖ ਸਕਦੇ ਹਨ। ਅਦਾਲਤ ਮੁਤਾਬਕ ਹੈਨਰੀ ਨੇ ਦਿਗਵਾ ਨੂੰ ਸਿਰਫ਼ ਇਹ ਪੁੱਛਿਆ ਸੀ ਕਿ ”ਕੀ ਤੁਸੀਂ ਬੁਰੇ ਆਦਮੀ ਹੋ?”; ਦਿਗਵਾ ਵੱਲੋਂ ਉਸ ‘ਤੇ ਨਸਲੀ ਟਿੱਪਣੀ ਕਰਨ ਦਾ ਦਾਅਵਾ ਅਦਾਲਤ ਨੇ ਰੱਦ ਕਰ ਦਿੱਤਾ ਸੀ।
ਜਾਣਕਾਰੀ ਅਨੁਸਾਰ ਦਿਗਵਾ ਨੂੰ ਪਿਛਲੇ ਸਾਲ ਦਸੰਬਰ ਵਿਚ ਸਾਊਥੈਂਪਟਨ ਯੂਨੀਵਰਸਿਟੀ ਦੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤ ਮੁਤਾਬਕ ਨੋਵਾਕ ਪੋਰਟਸਵੁੱਡ ਵਿਚ ਰਾਤ ਬਾਹਰ ਬਿਤਾਉਣ ਮਗਰੋਂ ਘਰ ਪਰਤ ਰਿਹਾ ਸੀ, ਜਦੋਂ ਦਿਗਵਾ ਨੇ ਉਸ ‘ਤੇ ਪੰਜ ਵਾਰ ਵਾਰ ਕੀਤੇ।
ਜੂਨ ਵਿਚ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ-ਘੱਟ 21 ਸਾਲ ਜੇਲ੍ਹ ਵਿਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਹੁਣ ਉਸ ਨੂੰ 5 ਨਵੰਬਰ ਨੂੰ ਕੋਰਟ ਆਫ਼ ਅਪੀਲ ਵਿੱਚ ਇਸ ਸਜ਼ਾ ਦੀ ਮਿਆਦ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ। ਉਸ ਨੇ ਆਪਣੇ ਕਤਲ ਦੇ ਦੋਸ਼ੀ ਠਹਿਰਾਏ ਜਾਣ ਖ਼ਿਲਾਫ਼ ਵੀ ਅਪੀਲ ਕਰਨ ਦੀ ਅਰਜ਼ੀ ਦਿੱਤੀ ਹੈ, ਜਿਸ ‘ਤੇ ਵੱਖਰੇ ਤੌਰ ‘ਤੇ ਫ਼ੈਸਲਾ ਕੀਤਾ ਜਾਵੇਗਾ।
ਇਹ ਕਿਹਾ ਗਿਆ ਸੀ ਕਿ ਦਿਗਵਾ ਨੇ ਧਾਰਮਿਕ ਆਧਾਰ ‘ਤੇ ਸਵੈ-ਰੱਖਿਆ ਦੀ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਕਤਲ ਵਿਚ ਵਰਤਿਆ ਗਿਆ ਚਾਕੂ ਨਹੀਂ, ਕਿਰਪਾਨ ਸੀ। ਬ੍ਰਿਟੇਨ ਵਿਚ ਸਿੱਖਾਂ ਨੂੰ ਧਾਰਮਿਕ ਕਕਾਰ ਕਿਰਪਾਨ ਰੱਖਣ ਦੀ ਕਾਨੂੰਨੀ ਇਜਾਜ਼ਤ ਹੈ।
ਇਸ ਮਾਮਲੇ ਮਗਰੋਂ ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਭਾਈਚਾਰੇ ਖ਼ਿਲਾਫ਼ ਪ੍ਰਤੀਕਿਰਿਆ ਅਤੇ ‘ਹੇਟ ਕ੍ਰਾਈਮ’ ਵਧਣ ਦਾ ਖ਼ਦਸ਼ਾ ਜ਼ਾਹਰ ਕੀਤਾ ਸੀ।
ਜੁਲਾਈ ਵਿਚ ਦਿਗਵਾ ਦੀ ਭਾਰਤ ਵਿਚ ਜਨਮੀ ਮਾਂ ਕਿਰਨ ਕੌਰ ਨੂੰ ਵੀ ਸਾਊਥੈਂਪਟਨ ਕ੍ਰਾਊਨ ਕੋਰਟ ਨੇ ਮੁਲਜ਼ਮ ਦੀ ਮਦਦ ਕਰਨ ਦੇ ਦੋਸ਼ ਵਿਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
53 ਸਾਲਾ ਕਿਰਨ ਕੌਰ ਨੂੰ ਦਿਗਵਾ ਵੱਲੋਂ ਨੋਵਾਕ ਦੇ ਕਤਲ ਲਈ ਵਰਤੇ ਗਏ ਹਥਿਆਰ ਨੂੰ ਆਪਣੇ ਕਬਜ਼ੇ ਵਿਚ ਲੈਣ ਅਤੇ ਜਾਂਚ ਵਿਚ ਰੁਕਾਵਟ ਪਾਉਣ ਲਈ ਉਸ ਨੂੰ ਘਟਨਾ ਸਥਾਨ ਤੋਂ ਹਟਾਉਣ ਵਿਚ ਮਦਦ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਕਿਰਨ ਕੌਰ ਨੂੰ ਸਜ਼ਾ ਸੁਣਾਉਂਦੇ ਸਮੇਂ ਜਸਟਿਸ ਵਿਲੀਅਮ ਮੌਸਲੇ ਨੇ ਕਿਹਾ ਕਿ ਸਿੱਖ ਧਰਮ ਦਾ ਬੁਨਿਆਦੀ ਸਿਧਾਂਤ ਹੈ ਕਿ ਕਿਰਪਾਨ ਧਾਰਮਿਕ ਵਿਸ਼ਵਾਸ ਦੇ ਪ੍ਰਤੀਕ ਵਜੋਂ ਪਹਿਨੀ ਜਾਂਦੀ ਹੈ ਅਤੇ ਇਸ ਨੂੰ ਕਿਸੇ ‘ਤੇ ਹਮਲਾ ਕਰਨ ਦੇ ਮਕਸਦ ਨਾਲ ਨਹੀਂ ਰੱਖਿਆ ਜਾਂਦਾ।
ਉਨ੍ਹਾਂ ਕਿਹਾ ਕਿ ਕਿਸੇ ਖ਼ਤਰੇ ਦੇ ਜਵਾਬ ਵਿਚ ਕਿਰਪਾਨ ਦੀ ਵਰਤੋਂ ਨੂੰ ਵਾਜਬ ਮੰਨਣ ਲਈ ਹਾਲਾਤ ਬਹੁਤ ਗੰਭੀਰ ਅਤੇ ਤੁਰੰਤ ਖ਼ਤਰੇ ਵਾਲੇ ਹੋਣੇ ਚਾਹੀਦੇ ਹਨ।
ਇਸ ਸਾਲ ਮਾਮਲੇ ਦੀ ਸੁਣਵਾਈ ਦੌਰਾਨ ਅਪਰਾਧ ਦੇ ਵੇਰਵੇ ਸਾਹਮਣੇ ਆਉਣ ਮਗਰੋਂ ਬ੍ਰਿਟਿਸ਼ ਸਿੱਖ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਕਿਰਪਾਨ ਦੀ ਗ਼ਲਤ ਵਿਆਖਿਆ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਮਾਮਲੇ ਵਿਚ ਧਾਰਮਿਕ ਸੁਰੱਖਿਆ ਜਾਂ ਧਾਰਮਿਕ ਆਧਾਰ ‘ਤੇ ਕੋਈ ਜਾਇਜ਼ ਠਹਿਰਾਉਣਾ ਲਾਗੂ ਨਹੀਂ ਹੁੰਦਾ।
ਇਸ ਮਾਮਲੇ ਕਾਰਨ ਸਾਊਥੈਂਪਟਨ ਵਿਚ ਭਾਈਚਾਰਕ ਤਣਾਅ ਵੀ ਪੈਦਾ ਹੋਇਆ। ਹੈਂਪਸ਼ਾਇਰ ਅਤੇ ਆਇਲ ਆਫ਼ ਵਾਈਟ ਕਾਂਸਟੈਬੁਲਰੀ ਦੇ ਅਧਿਕਾਰੀ ਵੀ ਪੁਲਿਸ ਦੇ ਕੰਮਕਾਜ ਵਿਚ ‘ਦੋਹਰੇ ਮਾਪਦੰਡਾਂ’ ਦੇ ਦੋਸ਼ਾਂ ਨੂੰ ਲੈ ਕੇ ਇੰਡੀਪੈਂਡੈਂਟ ਆਫ਼ਿਸ ਫ਼ਾਰ ਪੁਲਿਸ ਕੰਡਕਟ (ਆਈ.ਓ.ਪੀ.ਸੀ.) ਦੀ ਜਾਂਚ ਦੇ ਘੇਰੇ ਵਿਚ ਆਏ।
ਇਹ ਮਾਮਲਾ ਪੀੜਤ ਦੇ ਆਖ਼ਰੀ ਪਲਾਂ ਦੀ ਪੁਲਿਸ ਬਾਡੀ ਕੈਮਰੇ ਦੀ ਵੀਡੀਓ ਨਾਲ ਵੀ ਜੁੜਿਆ ਸੀ। ਵੀਡੀਓ ਵਿਚ ਪੁਲਿਸ ਅਧਿਕਾਰੀ ਉਸ ਨੂੰ ਹੱਥਕੜੀਆਂ ਲਾਉਂਦੇ ਨਜ਼ਰ ਆਏ ਸਨ। ਇਹ ਕਾਰਵਾਈ ਦਿਗਵਾ ਵੱਲੋਂ ਉਸ ‘ਤੇ ਨਸਲਵਾਦ ਦੇ ਲਾਏ ਦੋਸ਼ਾਂ ਦੇ ਆਧਾਰ ‘ਤੇ ਕੀਤੀ ਗਈ ਸੀ, ਪਰ ਬਾਅਦ ਵਿਚ ਅਦਾਲਤ ਵਿਚ ਇਹ ਦੋਸ਼ ਗ਼ਲਤ ਸਾਬਤ ਹੋਏ।
ਬ੍ਰਿਟਿਸ਼ ਸਿੱਖ ਨੌਜਵਾਨ ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਕਰਨ ਦੀ ਮਿਲੀ ਇਜਾਜ਼ਤ

