#AMERICA

ਬੋਸਟਨ ‘ਚ ਇਮੀਗਰੇਸ਼ਨ ਵਿਭਾਗ ਵੱਲੋਂ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਬਿਨਾਂ ਦਸਤਾਵੇਜ਼ਾਂ ਵਾਲੇ ਟਰੱਕ ਡਰਾਈਵਰਾਂ ਦੀ ਕੀਤੀ ਜਾਂਚ; ਵਿਵਾਦਿਤ ਪੋਸਟਰ ਹਟਾਉਣ ਤੋਂ ਕੁਝ ਦਿਨਾਂ ਬਾਅਦ ਹੋਈ ਕਾਰਵਾਈ
ਬੋਸਟਨ, 16 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਨੇ ਬੋਸਟਨ ਵਿਚ ਇੱਕ ਨੈਸ਼ਨਲ ਹਾਈਵੇਅ ‘ਤੇ ਹਿਲਸਬਰੋਅ ਵਿਚ ਕਮਰਸ਼ੀਅਲ ਵਾਹਨ ਜਾਂਚ ਸਟੇਸ਼ਨ ‘ਤੇ ਚਲਾਈ ਗਈ ਖਾਸ ਮੁਹਿੰਮ ਦੌਰਾਨ ਪੰਜਾਬੀ ਮੂਲ ਦੇ ਭਾਰਤੀ ਟਰੱਕ ਡਰਾਈਵਰ ਸਤਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਊ ਜਰਸੀ ਵਿਚ ਰਹਿਣ ਵਾਲੇ ਅਤੇ ਅੰਤਰ-ਰਾਜ ਟਰੱਕਿੰਗ ਦਾ ਕੰਮ ਕਰਨ ਵਾਲੇ ਸਤਵੀਰ ਸਿੰਘ ਨੂੰ 11 ਸਤੰਬਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਆਈਸ ਨੇ ਕਿਹਾ ਕਿ ਸਤਵੀਰ ਸਿੰਘ 2017 ਵਿਚ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਇਆ ਸੀ ਪਰ ਅੱਠ ਸਾਲਾਂ ਤੋਂ ਵੱਧ ਸਮੇਂ ਤੱਕ ਗੈਰ-ਕਾਨੂੰਨੀ ਤੌਰ ‘ਤੇ ਦੇਸ਼ ਵਿਚ ਰਹਿ ਕੇ ਉਸ ਨੇ ਆਪਣੇ ਦਾਖਲੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ।
ਇਹ ਗ੍ਰਿਫ਼ਤਾਰੀ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਵੱਲੋਂ ਬਿਨਾਂ ਦਸਤਾਵੇਜ਼ਾਂ ਤੋਂ ਟਰੱਕ ਚਲਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਵਿਵਾਦਿਤ ਡਿਜੀਟਲ ਇਸ਼ਤਿਹਾਰ ਨੂੰ ਹਟਾਉਣ ਤੋਂ ਸਿਰਫ਼ ਇੱਕ ਦਿਨ ਬਾਅਦ ਸਾਹਮਣੇ ਆਈ। ‘ਐਕਸ’ ‘ਤੇ ਪੋਸਟ ਕੀਤੇ ਗਏ ਇਸ ਏ.ਆਈ.-ਤਿਆਰ ਪੋਸਟਰ ਵਿਚ ਭੂਰੀ ਦਾੜ੍ਹੀ ਵਾਲੇ ਇੱਕ ਵਿਅਕਤੀ ਨੂੰ ਦਿਖਾਇਆ ਗਿਆ ਸੀ ਅਤੇ ਨਾਲ ਟੈਗਲਾਈਨ ਸੀ: ”ਸਾਡੀਆਂ ਸੜਕਾਂ ਤੋਂ ਪਾਸੇ ਹੋ ਜਾਓ, ਤੁਹਾਨੂੰ ਡਰਾਈਵਿੰਗ ਕਰਨੀ ਨਹੀਂ ਆਉਂਦੀ, ਮਿਸਟਰ ਸਿੰਘ।”
ਇਸ ਮੁਹਿੰਮ ਦੀ ਭਾਰਤੀ-ਅਮਰੀਕੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਸੀ ਅਤੇ ਇਸ ਨੂੰ ਨਸਲੀ ਪ੍ਰਚਾਰ ਕਰਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਸਮੇਤ ਕਈ ਡੈਮੋਕ੍ਰੈਟਿਕ ਨੇਤਾਵਾਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ।
ਜਨਵਰੀ 2025 ਵਿਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਵ੍ਹਾਈਟ ਹਾਊਸ ਵਿਚ ਵਾਪਸੀ ਤੋਂ ਬਾਅਦ ਦੇਸ਼ ਨਿਕਾਲਾ ਮੁਹਿੰਮ ਤਹਿਤ ਆਈਸ ਨੇ ਕਈ ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਸ ਮੁਹਿੰਮ ਤਹਿਤ ਜਨਤਕ ਥਾਵਾਂ ‘ਤੇ ਹਜ਼ਾਰਾਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਅਕਸਰ ਪ੍ਰਦਰਸ਼ਨਕਾਰੀਆਂ ਨਾਲ ਤਕਰਾਰਾਂ ਵੀ ਦੇਖਣ ਨੂੰ ਮਿਲਦੀਆਂ ਹਨ।
11 ਸਤੰਬਰ ਦੇ ਹਮਲਿਆਂ ਤੋਂ ਬਾਅਦ 2002 ਦੇ ਹੋਮਲੈਂਡ ਸਕਿਓਰਿਟੀ ਐਕਟ ਤਹਿਤ ਬਣੀ ਇਹ ਏਜੰਸੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀ ਜਾਂਚ ਕਰਦੀ ਹੈ। ਇਸ ਦੇ ਏਜੰਟ ਉਨ੍ਹਾਂ ਵਿਅਕਤੀਆਂ ਨੂੰ ਰੋਕ ਸਕਦੇ ਹਨ, ਹਿਰਾਸਤ ਵਿਚ ਲੈ ਸਕਦੇ ਹਨ ਅਤੇ ਗ੍ਰਿਫ਼ਤਾਰ ਕਰ ਸਕਦੇ ਹਨ, ਜਿਨ੍ਹਾਂ ‘ਤੇ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਦਾ ਸ਼ੱਕ ਹੋਵੇ, ਹਾਲਾਂਕਿ ਕਿਸੇ ਦੇ ਨਿੱਜੀ ਘਰਾਂ ਵਿਚ ਦਾਖਲ ਹੋਣ ਲਈ ਅਦਾਲਤੀ ਵਾਰੰਟ ਦੀ ਲੋੜ ਹੁੰਦੀ ਹੈ।