-ਭਾਰਤੀ ਨੌਜਵਾਨਾਂ ਨੂੰ ਬਣਾ ਰਹੇ ਨੇ ‘ਮੋਹਰਾ’
ਸਰੀ, 2 ਜੂਨ (ਪੰਜਾਬ ਮੇਲ)- ਕੈਨੇਡਾ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਹੈ। ਕੈਨੇਡੀਅਨ ਪੁਲਿਸ ਅਨੁਸਾਰ, ਇਸ ਗੈਂਗ ਦੇ ਘੱਟੋ-ਘੱਟ ਤਿੰਨ ਵੱਖ-ਵੱਖ ਧੜੇ ਦੇਸ਼ ਵਿਚ ਸਰਗਰਮ ਹਨ। ਇਹ ਜਾਣਕਾਰੀ ਐਡਮਿੰਟਨ ਪੁਲਿਸ ਸਰਵਿਸ ਦੇ ਕੰਸਟੇਬਲ ਅਤੇ ‘ਪ੍ਰੋਜੈਕਟ ਏ.ਆਈ.-ਐਕਸਟੋਰਸ਼ਨ’ ਦੇ ਜਾਂਚ ਅਧਿਕਾਰੀ ਕੇਵਿਨ ਸੇਂਟ ਲੂਈਸ ਨੇ ‘ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਆਫ ਕੈਨੇਡਾ’ (ਆਈ.ਆਰ.ਬੀ.) ਦੇ ਸਾਹਮਣੇ ਦਿੱਤੀ ਇੱਕ ਗਵਾਹੀ ਦੌਰਾਨ ਸਾਂਝੀ ਕੀਤੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਗੈਂਗ ਨੈੱਟਵਰਕ ਆਪਣੇ ਅਪਰਾਧਿਕ ਕੰਮਾਂ ਲਈ ਹਾਲ ਹੀ ਵਿਚ ਆਏ ਅਸਥਾਈ ਨਿਵਾਸੀਆਂ ਨੂੰ ‘ਫੁੱਟ ਸੋਲਜਰਜ਼’ (ਪਿਆਦਿਆਂ) ਵਜੋਂ ਵਰਤ ਰਹੇ ਹਨ। ਇਹ ਖੁਲਾਸਾ ਇੱਕ ਭਾਰਤੀ ਨਾਗਰਿਕ ਦੇ ਦੇਸ਼ ਨਿਕਾਲੇ ਦੀ ਸੁਣਵਾਈ ਦੌਰਾਨ ਹੋਇਆ, ਜਿੱਥੇ ਪੁਲਿਸ ਨੇ ਗੈਂਗ ਦੀ ਕਾਰਜਪ੍ਰਣਾਲੀ ਬਾਰੇ ਵਿਸਥਾਰ ਵਿਚ ਦੱਸਿਆ।
ਕੇਵਿਨ ਸੇਂਟ ਲੂਈਸ, ਜੋ ਕਿ ਪ੍ਰੋਜੈਕਟ ਏ.ਆਈ.-ਐਕਸਟੋਰਸ਼ਨ ਦੇ ਮੁੱਖ ਜਾਂਚਕਰਤਾ ਹਨ, ਨੇ ਅਦਾਲਤੀ ਕਾਰਵਾਈ ਦੌਰਾਨ ਦੱਸਿਆ ਕਿ ਕਿਵੇਂ ਇਹ ਗੈਂਗ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਆਪਣਾ ਜਾਲ ਵਿਛਾ ਰਹੇ ਹਨ। ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਇਹ ਧੜੇ ਭਾਰਤ ਤੋਂ ਆਏ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਕਰਦੇ ਹਨ।

