ਲੈਸਟਰ, 17 ਅਕਤੂਬਰ (ਪੰਜਾਬ ਮੇਲ)- ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਨੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਬਰਤਾਨਵੀ ਅਤੇ ਅਮਰੀਕੀ ਪਾਸਪੋਰਟ ਧਾਰਕਾਂ ਲਈ ਪੰਜ ਸਾਲਾ ਭਾਰਤੀ ਈ-ਟੂਰਿਸਟ ਵੀਜ਼ੇ ਦੀਆਂ ਫੀਸਾਂ ‘ਚ ਭਾਰੀ ਅੰਤਰ ਦੀ ਤੁਰੰਤ ਜਾਂਚ ਕੀਤੀ ਜਾਵੇ। ਐਸੋਸੀਏਸ਼ਨ ਮੁਤਾਬਕ ਬਰਤਾਨਵੀ ਪਾਸਪੋਰਟ ਧਾਰਕਾਂ ਲਈ ਇਹ ਫੀਸ 484 ਅਮਰੀਕੀ ਡਾਲਰ ਹੈ, ਜਦਕਿ ਅਮਰੀਕੀਆਂ ਲਈ ਇਹ ਸਿਰਫ਼ 160 ਡਾਲਰ ਹੈ। ਐਸੋਸੀਏਸ਼ਨ ਦੀ ਲੈਸਟਰਸ਼ਾਇਰ ਬ੍ਰਾਂਚ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਸਵਾਲ ਕੀਤਾ ਕਿ ਘੱਟ ਮਿਆਦ ਵਾਲੇ ਵੀਜ਼ਿਆਂ ਦੀਆਂ ਫੀਸਾਂ ਇੱਕੋ ਜਿਹੀਆਂ ਹੋਣ ਦੇ ਬਾਵਜੂਦ ਪੰਜ ਸਾਲਾ ਵੀਜ਼ੇ ਲਈ ਬ੍ਰਿਟਿਸ਼ ਨਾਗਰਿਕਾਂ ਤੋਂ ਤਿੰਨ ਗੁਣਾ ਵੱਧ ਫੀਸ ਕਿਉਂ ਲਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜੇ ਇਹ ਕੋਈ ਪ੍ਰਸ਼ਾਸਕੀ ਗ਼ਲਤੀ ਹੈ, ਤਾਂ ਇਸ ਨੂੰ ਸੁਧਾਰਿਆ ਜਾਵੇ ਅਤੇ ਵਾਧੂ ਵਸੂਲੀ ਗਈ ਰਕਮ ਵਾਪਸ ਕੀਤੀ ਜਾਵੇ, ਤਾਂ ਜੋ ਦੋਵੇਂ ਮੁਲਕਾਂ ਦੇ ਸਬੰਧਾਂ ‘ਚ ਪਾਰਦਰਸ਼ਤਾ ਅਤੇ ਜਵਾਬਦੇਹੀ ਬਣੀ ਰਹੇ। ਉਨ੍ਹਾਂ ਕਿਹਾ ਕਿ ਉਹ ਬਰਤਾਨਵੀ ਵਿਦੇਸ਼ ਮੰਤਰੀ ਤੱਕ ਪਹੁੰਚ ਕਰ ਕੇ ਬ੍ਰਿਟਿਸ਼ ਸਰਕਾਰ ਨੂੰ ਅਪੀਲ ਕਰਨਗੇ ਕਿ ਇਹ ਮਾਮਲਾ ਭਾਰਤ ਸਰਕਾਰ ਕੋਲ ਉਠਾਇਆ ਜਾਵੇ।
ਬਰਤਾਨਵੀ ਤੇ ਅਮਰੀਕੀ ਪਾਸਪੋਰਟ ਧਾਰਕਾਂ ਲਈ ਈ-ਟੂਰਿਸਟ ਵੀਜ਼ਾ ਫੀਸਾਂ ‘ਚ ਫ਼ਰਕ ‘ਤੇ ਜਾਂਚ ਦੀ ਮੰਗ

