–USCIS ਦੀ ਸਖ਼ਤ ਨੀਤੀ ਨਾਲ ਪ੍ਰਵਾਸੀਆਂ ‘ਚ ਚਰਚਾ
ਵਾਸ਼ਿੰਗਟਨ ਡੀ.ਸੀ., 22 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਵਿਚ ਸਖ਼ਤੀ ਵਧਾਉਣ ਦੀ ਦਿਸ਼ਾ ਵਿਚ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਵੱਲੋਂ ਪੁਰਾਣੇ ਮਨਜ਼ੂਰਸ਼ੁਦਾ ਗ੍ਰੀਨ ਕਾਰਡ ਕੇਸਾਂ ਦੀ ਦੁਬਾਰਾ ਸਮੀਖਿਆ ਕਰਨ ਦੀ ਸੰਭਾਵਨਾ ਜਤਾਈ ਗਈ ਹੈ। ਇਹ ਕਦਮ ਖਾਸ ਕਰਕੇ ਉਨ੍ਹਾਂ ਮਾਮਲਿਆਂ ਲਈ ਹੋ ਸਕਦਾ ਹੈ, ਜਿੱਥੇ ਧੋਖਾਧੜੀ, ਗਲਤ ਜਾਣਕਾਰੀ, ਨਕਲੀ ਦਸਤਾਵੇਜ਼ ਜਾਂ ਤੱਥ ਲੁਕਾਉਣ ਦਾ ਸ਼ੱਕ ਹੋਵੇ।
ਜੋਸਫ ਐਡਲੋਅ ਦੇ ਹਾਲੀਆ ਬਿਆਨਾਂ ਤੋਂ ਬਾਅਦ ਇਹ ਮਾਮਲਾ ਹੋਰ ਚਰਚਾ ਵਿਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਮੀਗ੍ਰੇਸ਼ਨ ਲਾਭ ਧੋਖੇ ਨਾਲ ਹਾਸਲ ਕਰਕੇ ਸਮਝਦੇ ਹਨ ਕਿ ਹੁਣ ਬਚ ਗਏ ਹਨ, ਉਹ ਗਲਤਫਹਿਮੀ ਵਿਚ ਹਨ। ਏਜੰਸੀ ਪੁਰਾਣੇ ਰਿਕਾਰਡਾਂ ਨੂੰ ਦੁਬਾਰਾ ਖੰਗਾਲਣ ਅਤੇ ਸ਼ੱਕੀ ਕੇਸਾਂ ਦੀ ਜਾਂਚ ਕਰਨ ਲਈ ਵਾਧੂ ਸਰੋਤ ਲਗਾ ਰਹੀ ਹੈ।
ਇਸ ਮੁਹਿੰਮ ਵਿਚ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਅਤੇ ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਰਗੀਆਂ ਏਜੰਸੀਆਂ ਨਾਲ ਸਹਿਯੋਗ ਵੀ ਸ਼ਾਮਲ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਫਰਾਡ ਰਿਪੋਰਟਿੰਗ ਹੋਟਲਾਈਨ ਅਤੇ ਡਾਟਾ ਮੈਚਿੰਗ ਸਿਸਟਮ ਨੂੰ ਵੀ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਪੁਰਾਣੇ ਕੇਸਾਂ ਵਿਚ ਵੀ ਗੜਬੜੀਆਂ ਪਤਾ ਲੱਗ ਸਕਣ।
ਇਸ ਨਾਲ ਸਰਕਾਰ ਵੱਲੋਂ ”ਪਬਲਿਕ ਚਾਰਜ” ਅਤੇ ਫਾਈਨਾਂਸ਼ੀਅਲ ਸਵੈ-ਨਿਰਭਰਤਾ ਮਾਪਦੰਡਾਂ ਨੂੰ ਵੀ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਮਤਲਬ ਇਹ ਕਿ ਭਵਿੱਖ ਦੇ ਗ੍ਰੀਨ ਕਾਰਡ ਕੇਸਾਂ ਵਿਚ ਇਹ ਵੇਖਿਆ ਜਾਵੇਗਾ ਕਿ ਬਿਨੈਕਾਰ ਆਪਣਾ ਖਰਚਾ ਆਪ ਚਲਾ ਸਕਦਾ ਹੈ ਜਾਂ ਨਹੀਂ।
ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਸਹੀ ਤਰੀਕੇ ਨਾਲ, ਸੱਚੀ ਜਾਣਕਾਰੀ ਦੇ ਕੇ ਅਤੇ ਕਾਨੂੰਨੀ ਦਸਤਾਵੇਜ਼ਾਂ ਨਾਲ ਗ੍ਰੀਨ ਕਾਰਡ ਲਿਆ ਹੈ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ। ਪਰ ਜੇ ਕਿਸੇ ਨੇ ਝੂਠੀ ਵਿਆਹ ਜਾਣਕਾਰੀ, ਨਕਲੀ ਨੌਕਰੀ ਰਿਕਾਰਡ, ਜਾਲਸਾਜ਼ੀ ਵਾਲੇ ਸਪਾਂਸਰ ਪੇਪਰ ਜਾਂ ਗਲਤ ਪਛਾਣ ਵਰਤੀ ਹੈ, ਤਾਂ ਕੇਸ ਮੁੜ ਖੁੱਲ੍ਹ ਸਕਦਾ ਹੈ।
ਨਵੀਂ ਅਪਡੇਟ ਮੁਤਾਬਕ ਇਮੀਗ੍ਰੇਸ਼ਨ ਏਜੰਸੀ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ, ਬਾਇਓਮੈਟ੍ਰਿਕ ਵੈਰੀਫਿਕੇਸ਼ਨ ਅਤੇ ਕਰਾਸ ਏਜੰਸੀ ਡਾਟਾਬੇਸ ਚੈੱਕ ਦੀ ਵਰਤੋਂ ਵਧਾ ਰਹੀਆਂ ਹਨ, ਜਿਸ ਨਾਲ ਪੁਰਾਣੇ ਰਿਕਾਰਡਾਂ ਵਿਚ ਵੀ ਗਲਤੀਆਂ ਜਾਂ ਫਰਾਡ ਲੱਭਣਾ ਆਸਾਨ ਹੋਵੇਗਾ।
ਇਸ ਕਰਕੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਲਈ ਇਹ ਜ਼ਰੂਰੀ ਹੈ ਕਿ ਆਪਣੇ ਸਾਰੇ ਇਮੀਗ੍ਰੇਸ਼ਨ ਰਿਕਾਰਡਜ਼, ਟੈਕਸ ਰਿਟਰਨਜ਼, ਅਡਰੈੱਸ ਹਿਸਟਰੀ ਅਤੇ ਪੁਰਾਣੇ ਡਾਕੂਮੈਂਟਸ ਸਹੀ ਤਰੀਕੇ ਨਾਲ ਸੰਭਾਲ ਕੇ ਰੱਖਣ। ਇਮੀਗ੍ਰੇਸ਼ਨ ਪ੍ਰਣਾਲੀ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਸਖ਼ਤ, ਤਕਨੀਕੀ ਅਤੇ ਜਾਂਚ-ਕੇਂਦਰਿਤ ਬਣਦੀ ਜਾ ਰਹੀ ਹੈ।
ਪੁਰਾਣੇ ਗ੍ਰੀਨ ਕਾਰਡ ਕੇਸਾਂ ਦੀ ਮੁੜ ਹੋ ਸਕਦੀ ਹੈ ਜਾਂਚ!

