ਸਾਊਥ ਆਈਲੈਂਡ, 16 ਜੁਲਾਈ (ਪੰਜਾਬ ਮੇਲ)- ਨਿਊਜ਼ੀਲੈਂਡ ਦੇ ਸਾਊਥ ਆਈਲੈਂਡ ‘ਚ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 6.3 ਅੰਕ ਮਾਪੀ ਗਈ। ਅਧਿਕਾਰੀਆਂ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਅਨਾਉ ਸ਼ਹਿਰ ਤੋਂ ਲਗਭਗ 25 ਮੀਲ (40 ਕਿਲੋਮੀਟਰ) ਉੱਤਰ ਵਿਚ ਸੀ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ ਦੇ ਅਨੁਸਾਰ ਭੂਚਾਲ ਸਤ੍ਹਾ ਤੋਂ 33 ਮੀਲ ਹੇਠਾਂ ਆਇਆ ਅਤੇ ਇਸ ਨੇ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਨੂੰ ਪ੍ਰਭਾਵਿਤ ਕੀਤਾ।
ਨਿਊਜ਼ੀਲੈਂਡ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਐੱਨ.ਈ.ਐੱਮ.ਏ.) ਅਨੁਸਾਰ, ਭੂਚਾਲ ਦਾ ਕੇਂਦਰ ਤੇ ਅਨਾਊ ਤੋਂ ਲਗਭਗ 40 ਕਿਲੋਮੀਟਰ ਉੱਤਰ ਵੱਲ ਸੀ। ਸੁਨਾਮੀ ਦੀ ਚੇਤਾਵਨੀ ਦੱਖਣੀ ਟਾਪੂ ਦੇ ਪੱਛਮੀ ਤੱਟ, ਖਾਸ ਕਰਕੇ ਮਿਲਫੋਰਡ ਸਾਊਂਡ ਤੋਂ ਪੁਇਸੇਗੁਰ ਪੁਆਇੰਟ ਤੱਕ ਦੇ ਖੇਤਰਾਂ ਲਈ ਜਾਰੀ ਕੀਤੀ ਗਈ ਹੈ। ਪ੍ਰਸ਼ਾਸਨ ਨੇ ਤੱਟਵਰਤੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਉੱਚੇ ਸਥਾਨਾਂ ਜਾਂ ਅੰਦਰੂਨੀ ਇਲਾਕਿਆਂ ਵੱਲ ਜਾਣ ਦੀ ਅਪੀਲ ਕੀਤੀ ਹੈ। ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਿਕਾਸੀ ਲਈ ਵਾਹਨਾਂ ਦੀ ਵਰਤੋਂ ਕਰਨ ਦੀ ਬਜਾਏ ਪੈਦਲ, ਦੌੜ ਕੇ ਜਾਂ ਸਾਈਕਲ ਰਾਹੀਂ ਸੁਰੱਖਿਅਤ ਥਾਵਾਂ ‘ਤੇ ਪਹੁੰਚਣ, ਤਾਂ ਜੋ ਟ੍ਰੈਫਿਕ ਜਾਮ ਵਿਚ ਫਸਣ ਤੋਂ ਬਚਿਆ ਜਾ ਸਕੇ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਭਾਵੇਂ ਕੁਝ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਨਾ ਹੋਏ ਹੋਣ, ਫਿਰ ਵੀ ਸੁਨਾਮੀ ਦਾ ਖਤਰਾ ਹੋ ਸਕਦਾ ਹੈ।
ਨਿਊਜ਼ੀਲੈਂਡ ਆਸਟ੍ਰੇਲੀਆਈ ਅਤੇ ਪ੍ਰਸ਼ਾਂਤ ਟੈਕਟੋਨਿਕ ਪਲੇਟਾਂ ਦੀ ਸਰਹੱਦ ‘ਤੇ ਸਥਿਤ ਹੈ, ਜਿਸ ਕਾਰਨ ਇਹ ਦੁਨੀਆਂ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਦੇਸ਼ਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਾਲ 2011 ਵਿਚ ਦੱਖਣੀ ਟਾਪੂ ਦੇ ਵੱਡੇ ਸ਼ਹਿਰ ਕ੍ਰਾਈਸਟਚਰਚ ਵਿਚ ਆਏ ਇੱਕ ਵਿਨਾਸ਼ਕਾਰੀ ਭੂਚਾਲ ਕਾਰਨ 185 ਲੋਕਾਂ ਦੀ ਮੌਤ ਹੋ ਗਈ ਸੀ।
ਨਿਊਜ਼ੀਲੈਂਡ ‘ਚ 6.3 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ; ਸੁਨਾਮੀ ਦੀ ਚੇਤਾਵਨੀ ਜਾਰੀ

