ਨਾਂਦੇੜ ਸਾਹਿਬ, 13 ਅਗਸਤ (ਪੰਜਾਬ ਮੇਲ)- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਹਮਲਾ ਹੋਇਆ ਹੈ। ਨਾਂਦੇੜ ਸਾਹਿਬ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਉਪਰ ਮਾਤਾ ਸਾਹਿਬ ਕੌਰ ਗੁਰਦੁਆਰਾ ਦੇ ਨਜ਼ਦੀਕ ਇਹ ਹਮਲਾ ਕੀਤਾ ਗਿਆ ਹੈ। ਹਮਲੇ ਪਿੱਛੋਂ ਸੁਖਬੀਰ ਸਿੰਘ ਬਾਦਲ ਨੂੰ ਉਥੋਂ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਹਰਸਿਮਰਤ ਕੌਰ ਬਾਦਲ ਸਣੇ ਪੂਰਾ ਪਰਿਵਾਰ ਸੁਖਬੀਰ ਬਾਦਲ ਦੇ ਨਾਲ ਮੌਜੂਦ ਸੀ।
ਹਮਲੇ ਦੌਰਾਨ ਸੁਰੱਖਿਆ ‘ਚ ਤਾਇਨਾਤ ਪੁਲਿਸ ਕਰਮੀ ਵੱਲੋਂ ਦਖ਼ਲ ਦੇਣ ਦੀ ਗੱਲ ਸਾਹਮਣੇ ਆਈ ਹੈ। ਇਸ ਘਟਨਾ ਵਿਚ ਇਕ ਪੁਲਿਸ ਕਰਮੀ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਹਾਲਾਂਕਿ ਸੁਖਬੀਰ ਸਿੰਘ ਬਾਦਲ ਦੀ ਹਾਲਤ ਨੂੰ ਲੈ ਕੇ ਮੁੱਢਲੀ ਜਾਣਕਾਰੀ ਇਹ ਹੈ ਕਿ ਉਹ ਖ਼ਤਰੇ ਤੋਂ ਬਾਹਰ ਹਨ। ਹਮਲੇ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਹਸਪਤਾਲ ਵੱਲੋਂ ਉਨ੍ਹਾਂ ਦੀ ਸਿਹਤ ਸਬੰਧੀ ਵਿਸਥਾਰਤ ਮੈਡੀਕਲ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ।
ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਬੀਤੇ ਦਿਨ ਪਰਿਵਾਰ ਸਮੇਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ। ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਸੀ। ਅੱਜ ਸਵੇਰੇ ਕਰੀਬ 11 ਵਜੇ ਸੁਖਬੀਰ ਸਿੰਘ ਬਾਦਲ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਣ ਦੌਰਾਨ ਇਹ ਹਮਲਾ ਹੋਇਆ। ਹਮਲੇ ਪਿੱਛੇ ਕੌਣ ਸੀ, ਹਮਲਾ ਕਿਸ ਮਕਸਦ ਨਾਲ ਕੀਤਾ ਗਿਆ ਅਤੇ ਹਮਲੇ ਲਈ ਕਿਸ ਤਰ੍ਹਾਂ ਦੇ ਹਥਿਆਰ ਜਾਂ ਸਾਧਨ ਦੀ ਵਰਤੋਂ ਕੀਤੀ ਗਈ, ਇਸ ਬਾਰੇ ਹਾਲੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ।
ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ ‘ਤੇ ਹੋਇਆ ਹਮਲਾ; ਹਸਪਤਾਲ ਦਾਖਲ ਕਰਵਾਇਆ

