#OTHERS

ਦੁਬਈ ‘ਚ ਉੱਡਦੇ ਜਹਾਜ਼ ਦੀ ਤਸਵੀਰ ਲੈਣਾ ਭਾਰਤੀ ਨੌਜਵਾਨ ਨੂੰ ਪਿਆ ਮਹਿੰਗਾ

-ਅਦਾਲਤ ਵੱਲੋਂ 10 ਸਾਲ ਦੀ ਸਖਤ ਸਜ਼ਾ
ਯੂ.ਏ.ਈ., 18 ਮਈ (ਪੰਜਾਬ ਮੇਲ)- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਇੱਕ ਨੌਜਵਾਨ ਨੂੰ ਦੁਬਈ ‘ਚ ਉੱਡਦੇ ਜਹਾਜ਼ ਦੀ ਤਸਵੀਰ ਲੈਣਾ ਅਤੇ ਉਸਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਨਾ ਬਹੁਤ ਮਹਿੰਗਾ ਪੈ ਗਿਆ ਹੈ। ਜਾਣਕਾਰੀ ਅਨੁਸਾਰ, ਨਗਰ ਥਾਣਾ ਖੇਤਰ ਦੇ ਰਫੀ ਇੰਦਰਵਾ ਪਿੰਡ ਦੇ ਰਹਿਣ ਵਾਲੇ ਵਸੀਮ ਅਕਰਮ ਨੂੰ ਦੁਬਈ ਦੀ ਇੱਕ ਅਦਾਲਤ ਨੇ ਇਸ ਮਾਮਲੇ ਵਿਚ 10 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅਪੂਰਨ ਹਾਲਾਤਾਂ ਦੌਰਾਨ ਵਸੀਮ ਨੇ ਅਣਜਾਣੇ ਵਿਚ ਆਪਣੇ ਮੋਬਾਈਲ ਫ਼ੋਨ ਨਾਲ ਇੱਕ ਉੱਡਦੇ ਜਹਾਜ਼ ਦੀ ਫੋਟੋ ਖਿੱਚ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਪਲੋਡ ਕਰ ਦਿੱਤੀ ਸੀ। ਵਸੀਮ ਨੂੰ ਦੁਬਈ ਦੇ ‘ਰਸਲ ਖੇਮਾ ਰਮਸ’ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਨਮਾਜ਼ ਪੜ੍ਹਨ ਲਈ ਬਾਹਰ ਨਿਕਲਿਆ ਸੀ। ਉੱਥੋਂ ਦੀ ਅਦਾਲਤ ਨੇ ਇਸ ਕਾਰਵਾਈ ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਇੱਕ ਬਹੁਤ ਹੀ ਗੰਭੀਰ ਮਾਮਲਾ ਮੰਨਿਆ ਹੈ।
ਵਸੀਮ ਕਰੀਬ 22 ਮਹੀਨੇ ਪਹਿਲਾਂ ਰੁਜ਼ਗਾਰ ਦੇ ਸਿਲਸਿਲੇ ਵਿਚ ਦੁਬਈ ਗਿਆ ਸੀ ਅਤੇ ਉਹ ਆਪਣੇ ਪਰਿਵਾਰ ਦੇ ਗੁਜ਼ਾਰਾ ਚਲਾਉਣ ਲਈ ਉੱਥੋਂ ਪੈਸੇ ਭੇਜਦਾ ਸੀ। ਸਜ਼ਾ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਵਿਚ ਸੋਗ ਦਾ ਮਾਹੌਲ ਹੈ। ਪੀੜਤ ਪਰਿਵਾਰ ਨੇ ਗੋਪਾਲਗੰਜ ਦੇ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਮੁਲਾਕਾਤ ਕਰਕੇ ਆਪਣੇ ਪੁੱਤਰ ਦੀ ਭਾਰਤ ਵਾਪਸੀ ਲਈ ਮਦਦ ਦੀ ਗੁਹਾਰ ਲਗਾਈ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੂੰ ਸਾਰੀ ਜਾਣਕਾਰੀ ਭੇਜ ਦਿੱਤੀ ਹੈ। ਪ੍ਰਸ਼ਾਸਨ ਨੇ ਵਸੀਮ ਦੀ ਵਤਨ ਵਾਪਸੀ ਲਈ ਲੋੜੀਂਦੇ ਕਦਮ ਚੁੱਕਣ ਦੀ ਸਿਫਾਰਸ਼ ਕੀਤੀ ਹੈ। ਇਹ ਮਾਮਲਾ ਵਿਦੇਸ਼ ਜਾਣ ਵਾਲੇ ਨੌਜਵਾਨਾਂ ਲਈ ਇੱਕ ਸਬਕ ਹੈ ਕਿ ਦੂਜੇ ਦੇਸ਼ਾਂ ਦੇ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਿੰਨੀ ਘਾਤਕ ਹੋ ਸਕਦੀ ਹੈ।