#PUNJAB

ਦੀਵਾਲੀ ਦੇ ਦਿਨਾਂ ਦੌਰਾਨ ਹਵਾਈ ਸਫ਼ਰ 30 ਤੋਂ 40 ਫ਼ੀਸਦੀ ਮਹਿੰਗਾ ਹੋਇਆ

– ਕੁਝ ਮਾਰਗਾਂ ‘ਤੇ ਕਿਰਾਏ ਪੰਜਾਹ ਫ਼ੀਸਦੀ ਤੱਕ ਵਧੇ
– ਸੰਸਦੀ ਕਮੇਟੀ ਨੇ ਵਧਦੇ ਹਵਾਈ ਕਿਰਾਇਆਂ ‘ਤੇ ਜਤਾਈ ਚਿੰਤਾ
ਚੰਡੀਗੜ੍ਹ, 3 ਨਵੰਬਰ (ਪੰਜਾਬ ਮੇਲ)- ਦੀਵਾਲੀ ਦੇ ਤਿਉਹਾਰੀ ਸੀਜ਼ਨ ਦੌਰਾਨ ਹਵਾਈ ਸਫ਼ਰ ਕਰਨਾ ਲੋਕਾਂ ਦੀ ਜੇਬ ‘ਤੇ ਭਾਰੀ ਪੈ ਰਿਹਾ ਹੈ। ਇਸ ਸਮੇਂ ਘਰੇਲੂ ਉਡਾਣਾਂ ਦੇ ਕਿਰਾਇਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਔਸਤਨ 30 ਤੋਂ 40 ਫ਼ੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਕੁਝ ਮਾਰਗਾਂ ‘ਤੇ ਇਹ ਵਾਧਾ 50 ਫ਼ੀਸਦੀ ਤੱਕ ਪਹੁੰਚ ਗਿਆ ਹੈ। ਇਸ ਦੌਰਾਨ ਸੰਸਦੀ ਕਮੇਟੀ ਨੇ ਵੀ ਹਵਾਈ ਕਿਰਾਇਆਂ ਵਿਚ ਲਗਾਤਾਰ ਹੋ ਰਹੇ ਵਾਧੇ ‘ਤੇ ਚਿੰਤਾ ਪ੍ਰਗਟਾਈ ਹੈ ਅਤੇ ਹਵਾਈ ਕੰਪਨੀਆਂ ਦੇ ਅਧਿਕਾਰੀਆਂ ਤੋਂ ਇਸ ਬਾਰੇ ਜਾਣਕਾਰੀ ਲਈ ਹੈ।
ਇਕ ਰਿਪੋਰਟ ਮੁਤਾਬਕ ਪਹਿਲੀ ਸਤੰਬਰ ਤੋਂ 10 ਨਵੰਬਰ ਤੱਕ ਦੀ ਯਾਤਰਾ ਲਈ ਪਿਛਲੇ ਸਾਲ ਦੇ ਮੁਕਾਬਲੇ ਦਿੱਲੀ-ਹੈਦਰਾਬਾਦ ਮਾਰਗ ‘ਤੇ ਹਵਾਈ ਕਿਰਾਇਆਂ ਵਿਚ ਸਭ ਤੋਂ ਵੱਧ 68 ਫ਼ੀਸਦੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਮੁੰਬਈ-ਕੋਲਕਾਤਾ ਮਾਰਗ ‘ਤੇ 51 ਫ਼ੀਸਦੀ, ਦਿੱਲੀ-ਗੋਆ ‘ਤੇ 39 ਫ਼ੀਸਦੀ ਅਤੇ ਮੁੰਬਈ-ਬੰਗਲੂਰੂ ਮਾਰਗ ‘ਤੇ 37 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਯਾਤਰਾ ਨਾਲ ਜੁੜੀਆਂ ਕੰਪਨੀਆਂ ਮੁਤਾਬਕ ਕੌਮਾਂਤਰੀ ਉਡਾਣਾਂ ਦੇ ਕਿਰਾਇਆਂ ਵਿਚ ਵੀ 30 ਤੋਂ 50 ਫ਼ੀਸਦੀ ਤੱਕ ਵਾਧਾ ਹੋਇਆ ਹੈ।
ਸੰਸਦੀ ਕਮੇਟੀ ਦੀ ਬੈਠਕ ਦੌਰਾਨ ਇੰਡੀਗੋ ਅਤੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਹਵਾਈ ਕਿਰਾਇਆਂ ਵਿਚ ਵਾਧੇ ਪਿੱਛੇ ਹਵਾਈ ਬਾਲਣ ਦੀਆਂ ਉੱਚੀਆਂ ਕੀਮਤਾਂ ਅਤੇ ਪਾਕਿਸਤਾਨ ਵੱਲੋਂ ਆਪਣੇ ਹਵਾਈ ਖੇਤਰ ਦੀ ਵਰਤੋਂ ‘ਤੇ ਲਾਈ ਪਾਬੰਦੀ ਨੂੰ ਮੁੱਖ ਕਾਰਨ ਦੱਸਿਆ। ਪਾਬੰਦੀ ਕਾਰਨ ਕਈ ਉਡਾਣਾਂ ਨੂੰ ਲੰਮਾ ਰਸਤਾ ਤੈਅ ਕਰਨਾ ਪੈਂਦਾ ਹੈ, ਜਿਸ ਨਾਲ ਬਾਲਣ ਦੀ ਖਪਤ ਅਤੇ ਸੰਚਾਲਨ ਲਾਗਤ ਵਧ ਜਾਂਦੀ ਹੈ।
ਹਵਾਈ ਬਾਲਣ ਦੀਆਂ ਕੀਮਤਾਂ ਵਿਚ ਵੀ ਪਿਛਲੇ ਕੁਝ ਮਹੀਨਿਆਂ ਦੌਰਾਨ ਵਾਧਾ ਹੋਇਆ ਹੈ। ਇਹ ਹਵਾਈ ਕੰਪਨੀਆਂ ਦੇ ਕੁੱਲ ਸੰਚਾਲਨ ਖਰਚੇ ਦਾ ਵੱਡਾ ਹਿੱਸਾ ਹੁੰਦਾ ਹੈ। ਇਸ ਤੋਂ ਇਲਾਵਾ ਉਡਾਣਾਂ ਦੀ ਗਿਣਤੀ ਅਤੇ ਉਪਲਬਧ ਸੀਟਾਂ ਵਿਚ ਕਮੀ ਵੀ ਕਿਰਾਇਆਂ ‘ਤੇ ਅਸਰ ਪਾ ਰਹੀ ਹੈ।
ਇਸ ਦੌਰਾਨ ਇੰਡੀਗੋ ਨੂੰ ਸਤੰਬਰ ਤਿਮਾਹੀ ਵਿਚ 1,879.1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਏਅਰ ਇੰਡੀਆ ਦਾ ਵਿੱਤੀ ਸਾਲ 2025-26 ਵਿਚ ਨੁਕਸਾਨ ਵੀ ਪਿਛਲੇ ਸਾਲ ਦੇ ਮੁਕਾਬਲੇ ਲਗਪਗ ਦੁੱਗਣਾ ਹੋ ਗਿਆ ਹੈ। ਸੰਸਦੀ ਕਮੇਟੀ ਨੇ ਹਵਾਈ ਕਿਰਾਇਆਂ ਅਤੇ ਕੰਪਨੀਆਂ ਦੀਆਂ ਵਿੱਤੀ ਚੁਣੌਤੀਆਂ ਬਾਰੇ ਜਾਣਕਾਰੀ ਲੈਂਦਿਆਂ ਇਸ ਖੇਤਰ ਵਿਚ ਯਾਤਰੀਆਂ ਦੇ ਹਿੱਤਾਂ ਦੀ ਰਾਖੀ ਦੀ ਲੋੜ ‘ਤੇ ਜ਼ੋਰ ਦਿੱਤਾ।