#AMERICA

ਟਰੰਪ ਵੱਲੋਂ ਵਧਦੀਆਂ ਪੈਟਰੋਲ ਦੀਆਂ ਕੀਮਤਾਂ ਦੇ ਮੱਦੇਨਜ਼ਰ ਫੈਡਰਲ ਗੈਸ ਟੈਕਸ ਸਸਪੈਂਡ ਕਰਨ ਦਾ ਸੰਕੇਤ

ਵਾਸ਼ਿੰਗਟਨ, 12 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਨੂੰ ਦੇਖਦੇ ਹੋਏ ਫੈਡਰਲ ਗੈਸ ਟੈਕਸ ਨੂੰ ਕੁਝ ਸਮੇਂ ਲਈ ਸਸਪੈਂਡ ਕਰਨ ਦਾ ਸੰਕੇਤ ਦਿੱਤਾ ਹੈ। ਟਰੰਪ ਨੇ ਕਿਹਾ ਕਿ ਜਦੋਂ ਤੱਕ ਪੈਟਰੋਲ ਦੀਆਂ ਕੀਮਤਾਂ ਕਾਬੂ ਵਿਚ ਨਹੀਂ ਆਉਂਦੀਆਂ, ਤਦ ਤੱਕ ਲੋਕਾਂ ਨੂੰ ਰਾਹਤ ਦੇਣ ਲਈ ਇਹ ਕਦਮ ਚੁੱਕਿਆ ਜਾ ਸਕਦਾ ਹੈ। ਈਰਾਨ ਯੁੱਧ ਤੋਂ ਬਾਅਦ ਅਮਰੀਕਾ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 50 ਫ਼ੀਸਦੀ ਤੋਂ ਵੱਧ ਵਾਧਾ ਹੋ ਚੁੱਕਾ ਹੈ ਅਤੇ ਇੱਕ ਗੈਲਨ ਪੈਟਰੋਲ ਦੀ ਔਸਤ ਕੀਮਤ 4.52 ਡਾਲਰ ਤੱਕ ਪਹੁੰਚ ਗਈ ਹੈ। ਮਾਹਿਰਾਂ ਮੁਤਾਬਕ ਈਰਾਨ ਵੱਲੋਂ ਹੋਰਮੁਜ਼ ਜਲਡਮਰੂ ‘ਤੇ ਰੋਕ ਲਗਾਉਣ ਕਾਰਨ ਵਿਸ਼ਵ ਭਰ ਵਿਚ ਤੇਲ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਕੀਮਤਾਂ ਹੋਰ ਵਧ ਸਕਦੀਆਂ ਹਨ। ਮੌਜੂਦਾ ਸਮੇਂ ਅਮਰੀਕਾ ਵਿਚ ਹਰ ਗੈਲਨ ਪੈਟਰੋਲ ‘ਤੇ 18.4 ਸੈਂਟ ਫੈਡਰਲ ਗੈਸ ਟੈਕਸ ਲੱਗਦਾ ਹੈ, ਜਦਕਿ ਡੀਜ਼ਲ ‘ਤੇ 24.4 ਸੈਂਟ ਟੈਕਸ ਲਿਆ ਜਾਂਦਾ ਹੈ। ਇਹ ਪੈਸਾ ਸੜਕਾਂ, ਹਾਈਵੇਅ ਅਤੇ ਹੋਰ ਟਰਾਂਸਪੋਰਟ ਪ੍ਰੋਜੈਕਟਾਂ ਲਈ ਵਰਤਿਆ ਜਾਂਦਾ ਹੈ। ਹਾਲਾਂਕਿ ਟਰੰਪ ਇਹ ਟੈਕਸ ਆਪਣੇ ਆਪ ਨਹੀਂ ਹਟਾ ਸਕਦੇ, ਕਿਉਂਕਿ ਇਸ ਲਈ ਕਾਂਗਰਸ ਦੀ ਮਨਜ਼ੂਰੀ ਲਾਜ਼ਮੀ ਹੈ। ਰਿਪਬਲਿਕਨ ਅਤੇ ਡੈਮੋਕ੍ਰੈਟ ਦੋਵਾਂ ਪਾਰਟੀਆਂ ਦੇ ਕੁਝ ਨੇਤਾ ਇਸ ਸਬੰਧੀ ਨਵੇਂ ਬਿੱਲ ਲਿਆਉਣ ਦੀ ਗੱਲ ਕਰ ਰਹੇ ਹਨ। ਇਸਦੇ ਨਾਲ ਹੀ ਜੈੱਟ ਫਿਊਲ ਦੀਆਂ ਵਧਦੀਆਂ ਕੀਮਤਾਂ ਕਾਰਨ ਏਅਰਲਾਈਨ ਉਦਯੋਗ ‘ਤੇ ਵੀ ਵੱਡਾ ਦਬਾਅ ਬਣਿਆ ਹੋਇਆ ਹੈ ਅਤੇ ਹਵਾਈ ਟਿਕਟਾਂ ਮਹਿੰਗੀਆਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।