ਵਾਸ਼ਿੰਗਟਨ, 2 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀ ਸੰਘ (ਈ.ਯੂ.) ਵਿਰੁੱਧ ਸਖ਼ਤ ਆਰਥਿਕ ਕਦਮ ਚੁੱਕਦਿਆਂ ਇੱਕ ਵੱਡਾ ਐਲਾਨ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਤੋਂ ਯੂਰਪੀ ਸੰਘ ਤੋਂ ਅਮਰੀਕਾ ਆਉਣ ਵਾਲੀਆਂ ਕਾਰਾਂ ਅਤੇ ਟਰੱਕਾਂ ‘ਤੇ ਲੱਗਣ ਵਾਲੇ ਟੈਰਿਫ (ਟੈਕਸ) ਨੂੰ ਵਧਾ ਕੇ 25 ਫੀਸਦੀ ਕਰ ਦਿੱਤਾ ਜਾਵੇਗਾ।
ਟਰੰਪ ਅਨੁਸਾਰ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਯੂਰਪੀ ਸੰਘ ਪਹਿਲਾਂ ਤੋਂ ਸਹਿਮਤ ਹੋਏ ਵਪਾਰਕ ਸਮਝੌਤੇ ਦੀ ਪਾਲਣਾ ਨਹੀਂ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵਧੇ ਹੋਏ ਟੈਰਿਫ ਸਿਰਫ਼ ਉਨ੍ਹਾਂ ਵਾਹਨਾਂ ‘ਤੇ ਲੱਗਣਗੇ ਜੋ ਬਾਹਰੋਂ ਬਣ ਕੇ ਆਉਂਦੇ ਹਨ। ਜੇਕਰ ਇਹ ਕੰਪਨੀਆਂ ਅਮਰੀਕਾ ਵਿਚ ਸਥਿਤ ਪਲਾਂਟਾਂ ‘ਚ ਕਾਰਾਂ ਅਤੇ ਟਰੱਕਾਂ ਦਾ ਨਿਰਮਾਣ ਕਰਦੀਆਂ ਹਨ, ਤਾਂ ਉਨ੍ਹਾਂ ‘ਤੇ ਕੋਈ ਟੈਰਿਫ ਨਹੀਂ ਲਗਾਇਆ ਜਾਵੇਗਾ।
ਰਾਸ਼ਟਰਪਤੀ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਅਮਰੀਕਾ ਵਿਚ ਕਈ ਨਵੇਂ ਆਟੋਮੋਬਾਈਲ ਪਲਾਂਟ ਉਸਾਰੀ ਅਧੀਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਰ ਅਤੇ ਟਰੱਕ ਨਿਰਮਾਣ ਦੇ ਇਤਿਹਾਸ ਵਿਚ ਇਹ ਇੱਕ ਰਿਕਾਰਡ ਹੈ ਕਿ ਇਸ ਖੇਤਰ ਵਿਚ 100 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਅਮਰੀਕੀ ਕਰਮਚਾਰੀਆਂ ਦੀ ਭਰਤੀ ਵਾਲੇ ਇਹ ਪਲਾਂਟ ਜਲਦੀ ਹੀ ਸ਼ੁਰੂ ਹੋ ਜਾਣਗੇ। ਟਰੰਪ ਨੇ ਇਸ ਤਬਦੀਲੀ ਨੂੰ ਅਮਰੀਕਾ ਦੇ ਇਤਿਹਾਸ ਵਿਚ ਬੇਮਿਸਾਲ ਦੱਸਿਆ ਹੈ।
ਟਰੰਪ ਵੱਲੋਂ ਯੂਰਪੀ ਸੰਘ ਤੋਂ ਆਉਣ ਵਾਲੀਆਂ ਕਾਰਾਂ ਤੇ ਟਰੱਕਾਂ ‘ਤੇ ਟੈਰਿਫ ‘ਚ ਵਾਧਾ

