#AMERICA

ਟਰੰਪ ਵੱਲੋਂ ਅਗਸਤ 2028 ਤੋਂ ਜੈਨੇਰਿਕ ਦਵਾਈਆਂ ‘ਤੇ 200% ਤੱਕ ਟੈਰਿਫ ਲਗਾਉਣ ਦਾ ਐਲਾਨ

-ਭਾਰਤ ਦੀ ਵਧੇਗੀ ਚਿੰਤਾ
ਵਾਸ਼ਿੰਗਟਨ, 23 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਅਗਸਤ 2028 ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਸਭ ਜੈਨੇਰਿਕ ਦਵਾਈਆਂ ‘ਤੇ ਭਾਰੀ ਟੈਰਿਫ ਲਾਏਗਾ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਲਿਖਿਆ ਕਿ ਇਹ ਕਦਮ ਅਮਰੀਕਾ ‘ਚ ਜੈਨੇਰਿਕ ਦਵਾਈਆਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਜਾਏਗਾ।
ਅਮਰੀਕਾ ਨੂੰ ਸਭ ਤੋਂ ਵੱਧ ਜੈਨੇਰਿਕ ਦਵਾਈਆਂ ਭੇਜਣ ਵਾਲੇ ਭਾਰਤ ‘ਤੇ ਇਸ ਫੈਸਲੇ ਦਾ ਅਸਰ ਪੈ ਸਕਦਾ ਹੈ। ਅਜੇ ਇਸ ਸਾਲ ਇਕ ਅਗਸਤ ਤੋਂ ਅਮਰੀਕਾ ‘ਚ ਆਉਣ ਵਾਲੀਆਂ ਸਾਰੀਆਂ ਜੈਨੇਰਿਕ ਦਵਾਈਆਂ ਅਗਲੇ 2 ਸਾਲਾਂ ਲਈ ਜ਼ੀਰੋ ਫੀਸਦੀ ਟੈਰਿਫ ਅਧੀਨ ਹੋਣਗੀਆਂ। ਉਸ ਤੋਂ ਬਾਅਦ ਅਗਸਤ 2028 ਤੋਂ ਟੈਰਿਫ ਨੂੰ ਇਕ ਸਾਲ ਲਈ 100 ਫੀਸਦੀ ਤੇ ਫਿਰ 200 ਫੀਸਦੀ ਤੱਕ ਵਧਾ ਦਿੱਤਾ ਜਾਵੇਗਾ। ਇਹ ਟੈਰਿਫ ਉਨ੍ਹਾਂ ਕੰਪਨੀਆਂ ਲਈ ਜੁਰਮਾਨਾ ਹੋਵੇਗਾ, ਜੋ ਮਿੱਥੇ ਸਮੇਂ ਅੰਦਰ ਅਮਰੀਕਾ ‘ਚ ਪਲਾਂਟ ਅਤੇ ਉਪਕਰਣ ਸਥਾਪਤ ਨਹੀਂ ਕਰਦੀਆਂ। ਭਾਰਤ ਨੂੰ ਅਕਸਰ ‘ਦੁਨੀਆਂ ਦੀ ਫਾਰਮੇਸੀ’ ਕਿਹਾ ਜਾਂਦਾ ਹੈ ਕਿਉਂਕਿ ਇਹ ਦੁਨੀਆਂ ਦੇ ਕਈ ਦੇਸ਼ਾਂ ਨੂੰ ਜੈਨੇਰਿਕ ਦਵਾਈਆਂ ਦੀ ਸਪਲਾਈ ਕਰਦਾ ਹੈ।
ਇਕ ਆਰਥਿਕ ਖੋਜ ਸੰਸਥਾ ‘ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ’ ਅਨੁਸਾਰ ਭਾਰਤ ਨੇ 2025 ‘ਚ ਅਮਰੀਕਾ ਨੂੰ 9.7 ਬਿਲੀਅਨ ਡਾਲਰ ਮੁੱਲ ਦੀਆਂ ਦਵਾਈਆਂ ਬਰਾਮਦ ਕੀਤੀਆਂ। ਇਹ ਇਸ ਦੀ ਕੁੱਲ ਗਲੋਬਲ ਫਾਰਮਾਸਿਊਟੀਕਲ ਬਰਾਮਦ 25.8 ਬਿਲੀਅਨ ਡਾਲਰ ਦਾ 38 ਫੀਸਦੀ ਹੈ।