ਵਾਸ਼ਿੰਗਟਨ, 21 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਨਾਲ ਵਿਦੇਸ਼ੀ ਕਾਮਿਆਂ ਦੇ ਕੰਮਕਾਜੀ ਵੀਜ਼ੇ ਦੀ ਮਿਆਦ ਵਧਾਉਣ ਲਈ ਦਿੱਤੀਆਂ ਅਰਜ਼ੀਆਂ ਦੀ ਜਾਂਚ ਸਖ਼ਤ ਹੋ ਸਕਦੀ ਹੈ। ਇਹ ਪ੍ਰਸਤਾਵ 14 ਅਕਤੂਬਰ ਨੂੰ ਸੰਘੀ ਰਜਿਸਟਰ ਵਿਚ ਜਾਰੀ ਕੀਤਾ ਗਿਆ। ਇਸ ਵਿਚ ਪਹਿਲਾਂ ਮਨਜ਼ੂਰ ਹੋਈ ਅਰਜ਼ੀ ਨੂੰ ਦੁਬਾਰਾ ਜਾਂਚਣ ਵੇਲੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਉਸ ਪੁਰਾਣੇ ਫੈਸਲੇ ਨੂੰ ਖ਼ਾਸ ਤਰਜੀਹ ਦੇਣ ਵਾਲਾ ਨਿਯਮ ਹਟਾਉਣ ਦੀ ਤਜਵੀਜ਼ ਹੈ।
ਮੌਜੂਦਾ ਨਿਯਮ ਅਨੁਸਾਰ, ਜੇ ਵੀਜ਼ਾ ਵਧਾਉਣ ਦੀ ਨਵੀਂ ਅਰਜ਼ੀ ਵਿਚ ਉਹੀ ਕਾਮਾ, ਉਹੀ ਕੰਪਨੀ ਅਤੇ ਪਹਿਲਾਂ ਵਰਗੇ ਹਾਲਾਤ ਹੋਣ, ਤਾਂ ਅਧਿਕਾਰੀ ਪਿਛਲੀ ਮਨਜ਼ੂਰੀ ਨੂੰ ਧਿਆਨ ਵਿਚ ਰੱਖਦੇ ਹਨ। ਆਮ ਤੌਰ ‘ਤੇ ਇਸ ਤੋਂ ਹਟਣ ਲਈ ਕੋਈ ਵੱਡੀ ਗਲਤੀ, ਹਾਲਾਤਾਂ ਵਿਚ ਤਬਦੀਲੀ ਜਾਂ ਨਵੀਂ ਜਾਣਕਾਰੀ ਹੋਣੀ ਚਾਹੀਦੀ ਹੈ।
ਨਵੇਂ ਪ੍ਰਸਤਾਵ ਹੇਠ ਹਰ ਅਰਜ਼ੀ ਦੀ ਵੱਖਰੇ ਤੌਰ ‘ਤੇ ਪੂਰੀ ਜਾਂਚ ਹੋ ਸਕਦੀ ਹੈ। ਇਸ ਨਾਲ ਰੁਜ਼ਗਾਰਦਾਤਿਆਂ ਨੂੰ ਇਹ ਸਾਬਤ ਕਰਨ ਲਈ ਨਵੇਂ ਦਸਤਾਵੇਜ਼ ਅਤੇ ਸਬੂਤ ਦੇਣੇ ਪੈ ਸਕਦੇ ਹਨ ਕਿ ਕਾਮਾ ਅਜੇ ਵੀ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਇਹ ਪ੍ਰਸਤਾਵ ਕਾਮਿਆਂ ਦੀਆਂ ਅਰਜ਼ੀਆਂ ਲਈ ਵਰਤੇ ਜਾਂਦੇ ਫਾਰਮ ਆਈ-129 ਦੀਆਂ ਸਾਰੀਆਂ ਸ਼੍ਰੇਣੀਆਂ ‘ਤੇ ਲਾਗੂ ਹੋ ਸਕਦਾ ਹੈ। ਇਸ ਵਿਚ ਐੱਚ-1ਬੀ ਅਤੇ ਐੱਲ-1 ਵਰਗੇ ਵੀਜ਼ੇ ਵੀ ਸ਼ਾਮਲ ਹੋ ਸਕਦੇ ਹਨ।
ਜੇ ਪ੍ਰਸਤਾਵ ਅੰਤਿਮ ਨਿਯਮ ਬਣਦਾ ਹੈ, ਤਾਂ ਅਰਜ਼ੀਆਂ ਵਿਚ ਵਾਧੂ ਸਬੂਤ ਮੰਗੇ ਜਾਣ, ਫੈਸਲੇ ਵਿਚ ਦੇਰੀ ਹੋਣ ਜਾਂ ਅਰਜ਼ੀ ਰੱਦ ਹੋਣ ਦੀ ਸੰਭਾਵਨਾ ਵਧ ਸਕਦੀ ਹੈ। ਇਸ ਨਾਲ ਕੰਪਨੀਆਂ ਦੇ ਖਰਚੇ ਅਤੇ ਕਾਮਿਆਂ ਦੀ ਉਡੀਕ ਵੀ ਵਧ ਸਕਦੀ ਹੈ। ਵਿਭਾਗ ਦਾ ਕਹਿਣਾ ਹੈ ਕਿ ਨਵੀਂ ਜਾਂਚ ਨਾਲ ਗਲਤ ਜਾਂ ਧੋਖੇ ਨਾਲ ਦਿੱਤੀਆਂ ਅਰਜ਼ੀਆਂ ਦੀ ਪਛਾਣ ਵਿਚ ਮਦਦ ਮਿਲੇਗੀ। ਹਾਲੇ ਇਹ ਸਿਰਫ਼ ਪ੍ਰਸਤਾਵ ਹੈ; ਅੰਤਿਮ ਫੈਸਲਾ ਆਉਣ ਤੋਂ ਪਹਿਲਾਂ ਇਸ ਉੱਤੇ ਵਿਚਾਰ ਕੀਤਾ ਜਾਣਾ ਹੈ।
ਟਰੰਪ ਪ੍ਰਸ਼ਾਸਨ ਦੇ ਪ੍ਰਸਤਾਵ ਨਾਲ ਕੰਮਕਾਜੀ ਵੀਜ਼ਾ ਵਧਾਉਣਾ ਹੋ ਸਕਦਾ ਹੈ ਔਖਾ

