#PUNJAB

ਚੰਨੀ ਤੇ ਵੜਿੰਗ ਨੂੰ ਇਕ ਮੰਚ ‘ਤੇ ਲੈ ਕੇ ਆਏ ਸਚਿਨ ਪਾਇਲਟ

ਆਮ ਵਰਕਰਾਂ ਨੂੰ ਅਹਿਮੀਅਤ ਦੇਣ ਦਾ ਵਾਅਦਾ; ਪਾਇਲਟ ਨੇ ਧੜੇਬੰਦੀ ਤੋਂ ਕੀਤਾ ਇਨਕਾਰ; ਪੰਜਾਬ ਕਾਂਗਰਸ ਦੇ ਇੰਚਾਰਜ ਦੀ ਅਗਵਾਈ ਹੇਠ ਰੋਸ ਮਾਰਚ
ਚੰਡੀਗੜ੍ਹ, 16 ਸਤੰਬਰ (ਪੰਜਾਬ ਮੇਲ)- ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ‘ਚ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਪੰਜਾਬ ਕਾਂਗਰਸ ਵੱਲੋਂ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਕੀਤਾ ਗਿਆ, ਜਿਨ੍ਹਾਂ ਨੇ ਵੱਖ-ਵੱਖ ਧੜਿਆਂ ‘ਚ ਵੰਡੀ ਹੋਈ ਕਾਂਗਰਸ ਨੂੰ ਇੱਕ ਮੰਚ ‘ਤੇ ਲਿਆ ਖੜ੍ਹਾ ਕਰ ਦਿੱਤਾ ਹੈ। ਇਸ ਰੋਸ ਪ੍ਰਦਰਸ਼ਨ ਦੌਰਾਨ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਇੱਕੋ ਮੰਚ ‘ਤੇ ਨਜ਼ਰ ਆਏ।
ਸਚਿਨ ਪਾਇਲਟ ਨੇ ਸਪੱਸ਼ਟ ਸੁਨੇਹਾ ਦਿੱਤਾ ਕਿ ਪੰਜਾਬ ਵਿਚ ਕੋਈ ਧੜੇਬੰਦੀ ਨਹੀਂ ਹੈ ਤੇ ਜੇ ਕੋਈ ਵੀ ਆਗੂ ਕਿਸੇ ਵਰਕਰ ਦੀ ਗੱਲ ਨਹੀਂ ਸੁਣਦਾ, ਤਾਂ ਇਸ ਹਾਲਤ ਵਿਚ ਉਨ੍ਹਾਂ (ਪਾਇਲਟ) ਨਾਲ ਸਿੱਧਾ ਸੰਪਰਕ ਕੀਤਾ ਜਾਵੇ। ਸਚਿਨ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਤੇ ਉਨ੍ਹਾਂ ਵਰਕਰਾਂ ਵਿਚ ਜੋਸ਼ ਭਰਦਿਆਂ ਕਿਹਾ ਕਿ ਪੰਜਾਬ ਦੀ ਲੜਾਈ ਵਿਚ ਉਹ ਸਭ ਤੋਂ ਅੱਗੇ ਰਹਿਣਗੇ।
ਪਾਇਲਟ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਉਨ੍ਹਾਂ ਨੂੰ ਸੂਬੇ ਤੋਂ ਲੈ ਕੇ ਕੇਂਦਰ ਤੱਕ ਦਾ ਤਜ਼ਰਬਾ ਹੈ। ਉਹ ਸੱਤਾ ਵਿਚ ਵੀ ਰਹੇ ਹਨ ਤੇ ਵਿਰੋਧੀ ਧਿਰ ਵਿਚ ਵੀ ਤੇ ਉਹ ਹਰ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਪਾਇਲਟ ਨੇ ਜਨਤਕ ਤੌਰ ‘ਤੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਮੰਚ ‘ਤੇ ਚੰਨੀ ਅਤੇ ਵੜਿੰਗ ਦੇ ਹੱਥ ਵੀ ਮਿਲਾਏ। ਸਚਿਨ ਪਾਇਲਟ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਨੂੰ ਚੰਡੀਗੜ੍ਹ ਪੁਲਿਸ ਨੇ ਰਸਤੇ ਵਿਚ ਹੀ ਰੋਕ ਲਿਆ ਅਤੇ ਪਾਇਲਟ, ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਿਰਾਸਤ ਵਿਚ ਲੈ ਲਿਆ। ਚੰਨੀ ਅਤੇ ਉਨ੍ਹਾਂ ਦੇ ਸਮੂਹ ਦੇ ਹੋਰ ਆਗੂ ਮਾਰਚ ਵਿਚ ਤਾਂ ਸ਼ਾਮਲ ਹੋਏ ਪਰ ਉਹ ਪੁਲਿਸ ਸਟੇਸ਼ਨ ਵਿਚ ਵੜਿੰਗ ਦੇ ਨਾਲ ਨਹੀਂ ਗਏ।