– ਅਦਾਲਤ ਵੱਲੋਂ 7.35 ਕਰੋੜ ਰੁਪਏ ਦੇਣ ਦੇ ਹੁਕਮ; ਕਰਜ਼ਾ ਵਾਪਸ ਨਾ ਕਰਨ ਦਾ ਮਾਮਲਾ
ਨਵੀਂ ਦਿੱਲੀ, 10 ਜੁਲਾਈ (ਪੰਜਾਬ ਮੇਲ)- ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੇ ਚੈੱਕ ਬਾਊਂਸ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਟਰਾਇਲ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਉਸ ਨੂੰ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਹਾਈਕੋਰਟ ਨੇ ਚੈੱਕ ਬਾਊਂਸ ਦੇ ਸੱਤ ਮਾਮਲਿਆਂ ਵਿਚੋਂ ਹਰ ਇੱਕ ਮਾਮਲੇ ਵਿਚ ਤਿੰਨ-ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਅਤੇ ਇਹ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।
ਜਸਟਿਸ ਸਵਰਨਕਾਂਤਾ ਸ਼ਰਮਾ ਨੇ ਅਧਿਕਾਰੀਆਂ ਨੂੰ ਰਾਜਪਾਲ ਯਾਦਵ ਨੂੰ ਜੇਲ੍ਹ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਸਵਰਨਕਾਂਤਾ ਸ਼ਰਮਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਰਾਜਪਾਲ ਯਾਦਵ ਦਾ ਰਵੱਈਆ ਸ਼ੱਕੀ ਰਿਹਾ ਹੈ। ਉਸ ਨੂੰ ਆਪਣਾ ਵਾਅਦਾ ਨਿਭਾਉਣ ਅਤੇ ਕੰਪਨੀ ਦਾ ਕਰਜ਼ਾ ਵਾਪਸ ਕਰਨ ਲਈ ਕਈ ਮੌਕੇ ਦਿੱਤੇ ਗਏ ਸਨ ਪਰ ਉਹ ਅਜਿਹਾ ਕਰਨ ਵਿਚ ਨਾਕਾਮ ਰਿਹਾ। ਇਸ ਲਈ ਹੁਣ ਅਦਾਕਾਰ ਨੂੰ ਅਗਲੇ ਤਿੰਨ ਮਹੀਨੇ ਜੇਲ੍ਹ ਵਿਚ ਹੀ ਗੁਜ਼ਾਰਨੇ ਪੈਣਗੇ। ਹਾਈਕੋਰਟ ਨੇ ਸਖ਼ਤ ਲਹਿਜੇ ਵਿਚ ਇਹ ਵੀ ਕਿਹਾ ਕਿ ਕਾਨੂੰਨ ਕੋਈ ਅਜਿਹੀ ਫ਼ਿਲਮੀ ਪਟਕਥਾ ਨਹੀਂ ਹੈ, ਜਿਸ ਨੂੰ ਕੋਈ ਵੀ ਅਦਾਕਾਰ ਆਪਣੀ ਮਰਜ਼ੀ ਮੁਤਾਬਕ ਬਦਲ ਲਵੇ।
ਕੋਰਟ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਅਦਾਕਾਰ ਨੂੰ ਹਰ ਇੱਕ ਮਾਮਲੇ ਵਿਚ ਸ਼ਿਕਾਇਤਕਰਤਾ ਨੂੰ 1.05 ਕਰੋੜ ਰੁਪਏ ਦੇਣੇ ਪੈਣਗੇ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਕੁੱਲ 7 ਕਰੋੜ 35 ਲੱਖ ਰੁਪਏ ਦੇਣੇ ਹੋਣਗੇ। ਜੱਜ ਨੇ ਸਪੱਸ਼ਟ ਕੀਤਾ ਕਿ ਅਦਾਕਾਰ ਪਹਿਲਾਂ ਹੀ ਕਰੀਬ 2 ਕਰੋੜ ਰੁਪਏ ਦੇ ਚੁੱਕੇ ਹਨ, ਇਸ ਲਈ ਉਸ ਰਕਮ ਨੂੰ ਇਸ ਵਿਚ ਐਡਜਸਟ ਕੀਤਾ ਜਾਵੇਗਾ। ਇਹ ਪੂਰਾ ਮਾਮਲਾ ਸਾਲ 2010 ਦਾ ਹੈ, ਜਦੋਂ ਰਾਜਪਾਲ ਯਾਦਵ ਨੇ ਆਪਣੀ ਇੱਕ ਫ਼ਿਲਮ ਬਣਾਉਣ ਲਈ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਬਾਕੀ ਰਹਿੰਦੀ ਰਕਮ ਵਾਪਸ ਨਾ ਕਰਨ ਅਤੇ ਚੈੱਕ ਬਾਊਂਸ ਹੋਣ ਤੋਂ ਬਾਅਦ ਇਹ ਵਿਵਾਦ ਲੰਮੇ ਸਮੇਂ ਤੋਂ ਅਦਾਲਤ ਵਿਚ ਚੱਲ ਰਿਹਾ ਸੀ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਰਾਜਪਾਲ ਯਾਦਵ ਨੇ ਪਹਿਲਾਂ ਬਿਆਨ ਦਿੱਤਾ ਸੀ ਕਿ ਉਹ ਪੰਜ ਵਾਰ ਜੇਲ੍ਹ ਜਾਣ ਲਈ ਤਿਆਰ ਹਨ ਪਰ ਇੱਕ ਪੈਸਾ ਵੀ ਨਹੀਂ ਦੇਣਗੇ। ਹਾਲਾਂਕਿ, ਦਿੱਲੀ ਹਾਈਕੋਰਟ ਵਿਚ ‘ਮੁਰਲੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ’ ਵੱਲੋਂ ਪੇਸ਼ ਹੋਏ ਵਕੀਲ ਅਵਨੀਸ਼ ਸਿੱਕਾ ਨੇ ਦੱਸਿਆ ਕਿ ਰਾਜਪਾਲ ਯਾਦਵ ਵੱਲੋਂ ਦਾਇਰ ਕੀਤੀਆਂ ਗਈਆਂ ਸਾਰੀਆਂ 21 ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਅਤੇ ਸੈਸ਼ਨ ਕੋਰਟ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਗਿਆ ਹੈ। ਇਸ ਮਾਮਲੇ ਵਿਚ ਰਾਜਪਾਲ ਯਾਦਵ ਦੀ ਪਤਨੀ ਰਾਧਾ ਰਾਜਪਾਲ ਯਾਦਵ ਵੀ ਦੋਸ਼ੀ ਸਨ। ਅਦਾਲਤ ਨੇ ਹੁਣ ਉਸ ਦੀ ਪਤਨੀ ਨੂੰ ਵੀ ਹਰ ਇੱਕ ਮਾਮਲੇ ‘ਚ 5 ਲੱਖ ਰੁਪਏ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ।
ਚੈੱਕ ਬਾਊਂਸ ਮਾਮਲਾ: ਅਦਾਕਾਰ ਰਾਜਪਾਲ ਯਾਦਵ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ

