ਵਾਸ਼ਿੰਗਟਨ ਡੀ.ਸੀ., 21 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਪੱਕੇ ਤੌਰ ‘ਤੇ ਰਹਿਣ ਲਈ ਗ੍ਰੀਨ ਕਾਰਡ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ, ਖ਼ਾਸ ਕਰਕੇ ਲੱਖਾਂ ਭਾਰਤੀ ਪੇਸ਼ੇਵਰਾਂ ਲਈ ਅਹਿਮ ਖ਼ਬਰ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ.ਐੱਸ.ਸੀ.ਆਈ.ਐੱਸ.) ਨੇ ਸਥਾਈ ਨਿਵਾਸ ਲਈ ਅਪਲਾਈ ਕਰਨ ਵਾਲੇ ਫਾਰਮ ਵਿਚ ਅਹਿਮ ਬਦਲਾਅ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਅਗਲੇ ਮਹੀਨੇ ਇੱਕ ਨਵਾਂ ਫਾਰਮ ਜਾਰੀ ਕੀਤਾ ਜਾਵੇਗਾ।
ਯੂ.ਐੱਸ.ਸੀ.ਆਈ.ਐੱਸ. ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਗ੍ਰੀਨ ਕਾਰਡ ਲਈ ਵਰਤਿਆ ਜਾਣ ਵਾਲਾ ਪ੍ਰਮੁੱਖ ਫਾਰਮ ਆਈ-485 (ਐਪਲੀਕੇਸ਼ਨ ਟੂ ਰਜਿਸਟਰ ਪਰਮਾਨੈਂਟ ਰੈਜ਼ੀਡੈਂਸ ਔਰ ਐਡਜਸਟ ਸਟੇਟਸ) ਅਪਡੇਟ ਕੀਤਾ ਜਾ ਰਿਹਾ ਹੈ। ਇਸ ਨਵੇਂ ਫਾਰਮ ਦੀ ਸੰਸਕਰਣ ਮਿਤੀ 18 ਸਤੰਬਰ, 2026 ਹੋਵੇਗੀ, ਜੋ 20 ਜਨਵਰੀ, 2025 ਵਾਲੇ ਪੁਰਾਣੇ ਫਾਰਮ ਦੀ ਜਗ੍ਹਾ ਲਵੇਗੀ।
ਇਸ ਬਦਲਾਅ ਵਿਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਦੋਵਾਂ ਫਾਰਮਾਂ ਨੂੰ ਇਕੱਠੇ ਸਵੀਕਾਰ ਕਰਨ ਲਈ ਕੋਈ ਵੀ ਰਿਆਇਤੀ ਸਮਾਂ ਨਹੀਂ ਦਿੱਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੀ ਅਰਜ਼ੀ 18 ਸਤੰਬਰ ਜਾਂ ਉਸ ਤੋਂ ਬਾਅਦ ਜਮ੍ਹਾਂ ਹੁੰਦੀ ਹੈ (ਚਾਹੇ ਡਾਕ ਰਾਹੀਂ ਪੋਸਟਮਾਰਕ ਕੀਤੀ ਗਈ ਹੋਵੇ ਜਾਂ ਇਲੈਕਟ੍ਰਾਨਿਕ ਤਰੀਕੇ ਨਾਲ ਭੇਜੀ ਗਈ ਹੋਵੇ), ਤਾਂ ਸਿਰਫ਼ ਨਵਾਂ ਫਾਰਮ ਹੀ ਸਵੀਕਾਰ ਕੀਤਾ ਜਾਵੇਗਾ। ਜੇਕਰ 18 ਸਤੰਬਰ ਨੂੰ ਜਾਂ ਉਸ ਤੋਂ ਬਾਅਦ ਪੁਰਾਣਾ ਫਾਰਮ ਭੇਜਿਆ ਜਾਂਦਾ ਹੈ, ਤਾਂ ਯੂ.ਐੱਸ.ਸੀ.ਆਈ.ਐੱਸ. ਉਸ ਨੂੰ ਬਿਨਾਂ ਕਿਸੇ ਸਮੀਖਿਆ ਦੇ ਸਿੱਧੇ ਤੌਰ ‘ਤੇ ਰੱਦ ਕਰ ਦੇਵੇਗਾ। ਇਸ ਦੇ ਉਲਟ ਨਵੇਂ ਫਾਰਮ ਨੂੰ 18 ਸਤੰਬਰ ਤੋਂ ਪਹਿਲਾਂ ਜਮ੍ਹਾਂ ਨਹੀਂ ਕੀਤਾ ਜਾ ਸਕਦਾ।
ਵਿਭਾਗ ਅਨੁਸਾਰ ਫਾਰਮ ਆਈ-485 ਵਿਚ ਇਹ ਬਦਲਾਅ ਹਾਲ ਹੀ ਵਿਚ ਐਲਾਨੇ ਗਏ ‘ਪਬਲਿਕ ਚਾਰਜ’ ਦੇ ਨਿਯਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਕੀਤਾ ਗਿਆ ਹੈ। ‘ਪਬਲਿਕ ਚਾਰਜ’ ਨਿਯਮ ਤਹਿਤ ਇਹ ਜਾਂਚ ਕੀਤੀ ਜਾਂਦੀ ਹੈ ਕਿ ਕੀ ਕੋਈ ਬਿਨੈਕਾਰ ਭਵਿੱਖ ਵਿਚ ਆਪਣੀ ਰੋਜ਼ੀ-ਰੋਟੀ ਲਈ ਮੁੱਖ ਤੌਰ ‘ਤੇ ਅਮਰੀਕੀ ਸਰਕਾਰ ਦੀ ਵਿੱਤੀ ਜਾਂ ਸਮਾਜਿਕ ਮਦਦ ‘ਤੇ ਨਿਰਭਰ ਹੋ ਸਕਦਾ ਹੈ ਜਾਂ ਨਹੀਂ।
ਅਮਰੀਕਾ ਵਿਚ ਤਕਨਾਲੋਜੀ, ਮੈਡੀਕਲ, ਇੰਜੀਨੀਅਰਿੰਗ ਅਤੇ ਹੋਰ ਵਿਸ਼ੇਸ਼ ਖੇਤਰਾਂ ਵਿਚ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਦੀ ਗਿਣਤੀ ਬਹੁਤ ਵੱਡੀ ਹੈ। ਸਾਲਾਨਾ ਵੀਜ਼ਾ ਕੋਟੇ ਕਾਰਨ ਬਹੁਤ ਸਾਰੇ ਭਾਰਤੀਆਂ ਨੂੰ ਗ੍ਰੀਨ ਕਾਰਡ ਦੀ ਉਡੀਕ ‘ਚ ਲੰਬਾ ਸਮਾਂ ਲੱਗ ਜਾਂਦਾ ਹੈ। ਅਜਿਹੇ ਵਿਚ ਨਿਯਮਾਂ ਦੀ ਬਾਰੀਕੀ ਨਾਲ ਪਾਲਣਾ ਕਰਨਾ ਉਨ੍ਹਾਂ ਲਈ ਬੇਹੱਦ ਜ਼ਰੂਰੀ ਹੈ, ਤਾਂ ਜੋ ਕਿਸੇ ਤਕਨੀਕੀ ਗਲਤੀ ਕਾਰਨ ਉਨ੍ਹਾਂ ਦੀ ਅਰਜ਼ੀ ਰੱਦ ਨਾ ਹੋਵੇ। ਜ਼ਿਕਰਯੋਗ ਹੈ ਕਿ ਫਾਰਮ ਆਈ-485 ਭਰਨ ਵਾਲੇ ਬਿਨੈਕਾਰ ਆਪਣੀ ਪ੍ਰਕਿਰਿਆ ਦੌਰਾਨ ਕੰਮ ਕਰਨ ਅਤੇ ਯਾਤਰਾ ਕਰਨ ਦੀ ਇਜਾਜ਼ਤ ਲਈ ਵੀ ਨਾਲ ਹੀ ਅਪਲਾਈ ਕਰ ਸਕਦੇ ਹਨ। ਯੂ.ਐੱਸ.ਸੀ.ਆਈ.ਐੱਸ. ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਅਰਜ਼ੀ ਜਮ੍ਹਾਂ ਕਰਨ ਦੀ ਫੀਸ ਜਾਂ ਸਮਾਂ-ਸੀਮਾ ਵਿਚ ਕੋਈ ਹੋਰ ਬਦਲਾਅ ਨਹੀਂ ਕੀਤਾ ਗਿਆ ਹੈ। ਬਿਨੈਕਾਰਾਂ ਅਤੇ ਉਨ੍ਹਾਂ ਦੇ ਵਕੀਲਾਂ ਦੀ ਸਹੂਲਤ ਲਈ ਨਵੇਂ ਫਾਰਮ ਦਾ ਪ੍ਰੀਵਿਊ ਅਤੇ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਯੂ.ਐੱਸ.ਸੀ.ਆਈ.ਐੱਸ. ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਕਰਵਾ ਦਿੱਤੇ ਗਏ ਹਨ।
ਗ੍ਰੀਨ ਕਾਰਡ ਅਪਲਾਈ ਕਰਨ ਵਾਲਿਆਂ ਲਈ 18 ਸਤੰਬਰ ਤੋਂ ਨਵੇਂ ਨਿਯਮ ਲਾਗੂ

