ਸੀ ਈ ਓ ਨੂੰ ਮੰਗ ਪੱਤਰ ਸੌਂਪਿਆ
ਸੈਕਰਾਮੈਂਟੋ, ਕੈਲੀਫੋਰਨੀਆ, 25 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ) -4,500 ਤੋਂ ਵੱਧ ਗੂਗਲ ਕਰਮਚਾਰੀਆਂ ਨੇ ਸੀ ਈ ਓ ਸੁੰਦਰ ਪਿਚਾਈ ਨੂੰ ਛਾਂਟੀ ਨੂੰ ਲੈ ਕੇ ਇਕ ਮੰਗ ਪੱਤਰ ਸੌਂਪਿਆ ਹੈ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਕੰਪਨੀ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਵਿੱਚ ਨਿਵੇਸ਼ ਕਰਦੇ ਸਮੇਂ ਕਰਮਚਾਰੀਆਂ ਨੂੰ ਨੌਕਰੀ ਸੁਰੱਖਿਆ ਮਿਲਣੀ ਚਾਹੀਦੀ ਹੈ| ਅਲਫਾਬੇਟ ਵਰਕਰਜ਼ ਯੂਨੀਅਨ ਦੁਆਰਾ ਤਿਆਰ ਇਸ ਮੰਗ ਪੱਤਰ ਵਿੱਚ ਗਾਰੰਟੀਸ਼ੁਦਾ ਛਾਂਟੀ, ਉਤਪਾਦ ਟੀਮਾਂ ਵਿੱਚ ਲਾਜ਼ਮੀ ਛਾਂਟੀ ਤੋਂ ਪਹਿਲਾਂ ਸਵੈ-ਇੱਛਤ ਸੇਵਾ ਮੁਕਤੀ ਦਾ ਵਿਕਲਪ, ਵਧੀ ਹੋਈ ਤਨਖਾਹ ਨਾਲ ਛਾਂਟੀ ਪ੍ਰਾਪਤ ਕਰਨ ਦਾ ਵਿਕਲਪ, ਅਤੇ ਮੁਲਾਜ਼ਮਾਂ ਦੀ ਕਾਰਗੁਜਾਰੀ ਦੀ ਸਮੀਖਿਆ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਹੈ ਜੋ ਪ੍ਰਣਾਲੀ ਯੋਗਤਾ ਦੀ ਬਜਾਏ ਕੋਟੇ ’ਤੇ ਅਧਾਰਤ ਹੈ| ਗੂਗਲ ਸਾਫਟਵੇਅਰ ਇੰਜੀਨੀਅਰ ਅਤੇ ਅਲਫਾਬੇਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਪਾਰੁਲ ਕੌਲ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਕੰਪਨੀ ਦੇ ਕੈਲੀਫੋਰਨੀਆ ਹੈੱਡਕੁਆਰਟਰ ਵਿਖੇ ਪਿਚਾਈ ਦੇ ਦਫ਼ਤਰ ਵਿੱਚ ਇਹ ਮੰਗ ਪੱਤਰ ਦਿੱਤਾ| ਹਾਲਾਂ ਕਿ ਹੈੱਡਕੁਆਰਟਰ ਦੇ ਬਾਹਰ ਮੀਡੀਆ ਨਾਲ ਗੱਲ ਕਰਦੇ ਹੋਏ, ਕੌਲ ਨੇ ਕਿਹਾ ਕਿ ਮੰਗ ਪੱਤਰ ਦਿੰਦੇ ਸਮੇਂ ਕਰਮਚਾਰੀਆਂ ਨੂੰ ਬਹੁਤ ਘੱਟ ਹੁੰਗਾਰਾ ਮਿਲਿਆ| ਇੱਕ ਸਟਾਫ ਮੈਂਬਰ ਨੇ ਦਸਤਾਵੇਜ਼ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਇਸ ਨੂੰ ਸੀ ਈ ਓ ਨੂੰ ਸੌਂਪ ਦਿੱਤਾ ਜਾਵੇਗਾ ਤੇ ਸੀ ਈ ਓ ਖੁਦ ਮੰਗ ਪੱਤਰ ਲੈਣ ਨਹੀਂ ਆਏ| ਕੌਲ ਨੇ ਕਿਹਾ ਕਿ ਗੂਗਲ ਵੱਡੀ, ਬੇਮਿਸਾਲ ਸਫਲਤਾ ਦਾ ਆਨੰਦ ਮਾਣ ਰਿਹਾ ਹੈ ਜਦੋਂ ਕਿ ਨੌਕਰੀਆਂ ਵਿੱਚ ਕਟੌਤੀ ਜਾਰੀ ਹੈ| ਉਨਾਂ ਕਿਹਾ ਕਿ ਕੰਪਨੀ ਕਰਮਚਾਰੀਆਂ ਨਾਲੋਂ ਮੁਨਾਫ਼ੇ ਨੂੰ ਤਰਜੀਹ ਦੇ ਰਹੀ ਹੈ| ਇਹ ਪਟੀਸ਼ਨ ਉਸ ਸਮੇਂ ਆਈ ਹੈ ਜਦੋਂ ਗੂਗਲ ਆਪਣੇ ਕਾਰੋਬਾਰ ਦਾ ਪੁਨਰਗਠਨ ਜਾਰੀ ਰੱਖ ਰਿਹਾ ਹੈ ਤੇ ਏ ਆਈ ਵਿਚ ਨਿਵੇਸ਼ ਕਰਨ ਦੀਆਂ ਯੋਜਨਾਵਾਂ ਲਾਗੂ ਕਰ ਰਿਹਾ ਹੈ| ਕੌਲ ਨੇ ਕਿਹਾ ਕਿ ਕਰਮਚਾਰੀਆਂ ਨੇ ਨੌਕਰੀ ਦੀ ਸੁਰੱਖਿਆ ਬਾਰੇ ਵਾਰ-ਵਾਰ ਚਿੰਤਾਵਾਂ ਪ੍ਰਗਟਾਈਆਂ ਹਨ ਪਰ ਕੰਪਨੀ ਨੇ ਉਨਾਂ ਨੂੰ ਨਜ਼ਰਅੰਦਾਜ਼ ਕੀਤਾ ਹੈ|

