#PUNJAB

ਗੁਰਦਾਸਪੁਰ ‘ਚ ਨਗਰ ਕੌਂਸਲ ਚੋਣਾਂ ਦੇ ਰਸਮੀ ਐਲਾਨ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਭਖਿਆ

ਗੁਰਦਾਸਪੁਰ, 5 ਮਈ (ਪੰਜਾਬ ਮੇਲ)- ਗੁਰਦਾਸਪੁਰ ‘ਚ ਰਾਜਨੀਤਿਕ ਮਾਹੌਲ ਕਾਫੀ ਭਖਿਆ ਹੋਇਆ ਹੈ। ਭਾਵੇਂ ਪੰਜਾਬ ਚੋਣ ਕਮਿਸ਼ਨ ਨੇ ਅਜੇ ਤੱਕ ਨਗਰ ਕੌਂਸਲ ਚੋਣਾਂ ਦੀਆਂ ਤਰੀਕਾਂ ਦਾ ਰਸਮੀ ਐਲਾਨ ਨਹੀਂ ਕੀਤਾ ਪਰ ਸ਼ਹਿਰ ਦੀਆਂ ਗਲੀਆਂ ਅਤੇ ਚੌਂਕਾਂ ‘ਚ ਚੋਣ ਸਰਗਰਮੀਆਂ ਸਾਫ਼ ਦਿਖਾਈ ਦੇ ਰਹੀਆਂ ਹਨ। ਨਵੀਂ ਵਾਰਡ ਸੀਮਾਬੰਦੀ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਮਜ਼ਬੂਤ ਉਮੀਦਵਾਰਾਂ ਦੀ ਭਾਲ ‘ਚ ਰੁੱਝੀਆਂ ਹੋਈਆਂ ਹਨ।
ਗੁਰਦਾਸਪੁਰ ਨਗਰ ਕੌਂਸਲ ਦੇ 29 ਵਾਰਡ ਹਨ। ਪਿਛਲੀਆਂ ਚੋਣਾਂ ‘ਚ ਸਾਰੇ ਵਾਰਡਾਂ ‘ਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ ਅਤੇ ਗੁਰਦਾਸਪੁਰ ਪੰਜਾਬ ਦਾ ਇਕੋ-ਇਕ ਅਜਿਹਾ ਜ਼ਿਲ੍ਹਾ ਸੀ, ਜਿੱਥੇ 100 ਫੀਸਦੀ ਕੌਂਸਲਰ ਕਾਂਗਰਸ ਦੇ ਸਨ। ਹਾਲਾਂਕਿ ਨਵੀਂ ਵਾਰਡਬੰਦੀ ਨੇ ਸਮੀਕਰਨ ਬਦਲ ਦਿੱਤੇ ਹਨ। ਕਈ ਰਾਖਵੇਂ ਵਾਰਡ ਹੁਣ ਮਹਿਲਾ ਵਾਰਡ ਬਣਾ ਦਿੱਤੇ ਗਏ ਹਨ, ਜਿਸ ਕਾਰਨ ਕਈ ਦਿੱਗਜ ਕੌਂਸਲਰਾਂ ਦਾ ਵੋਟ ਬੈਂਕ ਟੁੱਟ ਗਿਆ ਹੈ ਅਤੇ ਉਨ੍ਹਾਂ ਨੂੰ ਜਨਤਾ ਨਾਲ ਨਵੇਂ ਸਿਰਿਓਂ ਸੰਪਰਕ ਕਰਨਾ ਪੈ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਡਰਾਫਟ ਵੋਟਰ ਸੂਚੀਆਂ ਜਾਰੀ ਕਰਨ ਤੋਂ ਬਾਅਦ ਹਰ ਘਰ ‘ਚ ਵੋਟਾਂ ਦੀ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਨ੍ਹਾਂ ਗਤੀਵਿਧੀਆਂ ਨੂੰ ਦੇਖਦਿਆਂ ਉਮੀਦ ਹੈ ਕਿ ਚੋਣਾਂ ਜੂਨ-ਜੁਲਾਈ ‘ਚ ਹੋ ਸਕਦੀਆਂ ਹਨ। ਭਾਜਪਾ ਨੇ ਸੰਭਾਵੀ ਉਮੀਦਵਾਰਾਂ ਤੋਂ ਅਰਜ਼ੀਆਂ ਮੰਗ ਲਈਆਂ ਹਨ, ਜਦਕਿ ਕਾਂਗਰਸ ਆਪਣੇ ਪਿਛਲੇ ਪ੍ਰਦਰਸ਼ਨ ਦੇ ਦਮ ‘ਤੇ ਮੈਦਾਨ ‘ਚ ਉਤਰਨ ਦੀ ਤਿਆਰੀ ‘ਚ ਹੈ। ਵਿਰੋਧੀ ਧਿਰਾਂ ਸਫ਼ਾਈ, ਮਾੜੀਆਂ ਸੜਕਾਂ ਅਤੇ ਅਧੂਰੇ ਵਿਕਾਸ ਕਾਰਜਾਂ ਨੂੰ ਮੁੱਦਾ ਬਣਾ ਰਹੀਆਂ ਹਨ।
ਇਨ੍ਹਾਂ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦਾ ‘ਸੈਮੀਫਾਈਨਲ’ ਮੰਨਿਆ ਜਾ ਰਿਹਾ ਹੈ। ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀਆਂ ਅੰਦਰ ਖਿੱਚੋਤਾਣ ਵਧਣ ਦੇ ਅਸਾਰ ਹਨ। ਕਾਂਗਰਸ ਨੇ ਆਪਣੀ ਰਣਨੀਤੀ ਬਦਲਦਿਆਂ ਕੁਝ ਉਮੀਦਵਾਰ ਬਦਲਣ ਦਾ ਫੈਸਲਾ ਕੀਤਾ ਹੈ, ਜਦਕਿ ਭਾਜਪਾ ਨੇ ਸਿਰਫ਼ ਵਫ਼ਾਦਾਰ ਵਰਕਰਾਂ ਨੂੰ ਹੀ ਟਿਕਟ ਦੇਣ ਦੀ ਵਚਨਬੱਧਤਾ ਦੁਹਰਾਈ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਸਾਰੇ ਵਾਰਡਾਂ ਲਈ ਮਜ਼ਬੂਤ ਚਿਹਰਿਆਂ ਦੀ ਭਾਲ ‘ਚ ਜੁਟੇ ਹੋਏ ਹਨ। ਸ਼ਹਿਰੀ ਵੋਟਰਾਂ ਦੇ ਬਦਲੇ ਰੁਖ਼ ਨੂੰ ਦੇਖਦਿਆਂ ਇਹ ਮੁਕਾਬਲਾ ਕਾਫ਼ੀ ਦਿਲਚਸਪ ਹੋਣ ਦੀ ਉਮੀਦ ਹੈ।