ਸਰਕਾਰ ਵੋਟ ਦੇਣ ਦਾ ਅਧਿਕਾਰ ਖੋਹ ਰਹੀ ਹੈ: ਖੜਗੇ
ਨਵੀਂ ਦਿੱਲੀ, 8 ਅਕਤੂਬਰ (ਪੰਜਾਬ ਮੇਲ)- ਇੰਡੀਆ ਗਠਜੋੜ ਨੇ ਦੋ ਦਿਨਾਂ ਦੇ ਮਾਰਚ, ਧਰਨਿਆਂ ਅਤੇ ਆਗੂਆਂ ਦੀਆਂ ਨਜ਼ਰਬੰਦੀਆਂ ਤੋਂ ਬਾਅਦ ਅੱਜ ਮੁੜ ਕੌਮੀ ਰਾਜਧਾਨੀ ਵਿਚ ਰੋਸ ਪ੍ਰਗਟਾਇਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਦੁਪਹਿਰ ਦੇ ਖਾਣੇ ਦੀ ਮੀਟਿੰਗ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਰਾਜਘਾਟ ਪੁੱਜੇ। ਸ਼੍ਰੀ ਖੜਗੇ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੋਟ ਦੇਣ ਦਾ ਅਧਿਕਾਰ ਖੋਹ ਰਹੀ ਹੈ।
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਕਨਾਟ ਪਲੇਸ ਪਹੁੰਚੇ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਮੀਟਿੰਗ ਕੀਤੀ। ਰਾਸ਼ਟਰੀ ਜਨਤਾ ਦਲ ਦੇ ਸੁਧਾਰ ਸਿੰਘ, ਸਮਾਜਵਾਦੀ ਪਾਰਟੀ ਦੇ ਆਗੂ ਰਾਜੀਵ ਰਾਏ, ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਤੇ ਇੰਡੀਆ ਗੱਠਜੋੜ ਦੀਆਂ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਮੀਟਿੰਗ ਵਿਚ ਸ਼ਾਮਲ ਹੋਏ।
ਇਹ ਕਾਰਵਾਈ ਅਜਿਹੇ ਸਮੇਂ ਹੋਈ ਜਦੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਤੀਜੇ ਦਿਨ ਵਿਚ ਦਾਖ਼ਲ ਹੋ ਗਿਆ ਹੈ। ਵਿਰੋਧੀ ਧਿਰ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ ਤਹਿਤ ਬੇਨਿਯਮੀਆਂ ਅਤੇ ਵੋਟਾਂ ਦੀ ‘ਚੋਰੀ’ ਦੇ ਆਪਣੇ ਦੋਸ਼ਾਂ ਨੂੰ ਲੈ ਕੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ।
ਦੁਪਹਿਰ ਦੇ ਖਾਣੇ ਦੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਇੰਡੀਆ ਗੱਠਜੋੜ ਦੇ ਆਗੂ ਤਿੰਨ ਬੱਸਾਂ ਵਿਚ ਸਵਾਰ ਹੋ ਕੇ ਰਾਜਘਾਟ ਸਥਿਤ ਗਾਂਧੀ ਸਮਾਰਕ ਲਈ ਰਵਾਨਾ ਹੋਏ। ਇੱਥੇ ਉਨ੍ਹਾਂ ਨੇ ਸ਼ਾਂਤਮਈ ਧਰਨਾ ਦੇਣ ਦੀ ਯੋਜਨਾ ਬਣਾਈ ਸੀ। ਕਾਂਗਰਸ ਦੇ ਵੱਡੀ ਗਿਣਤੀ ਵਿਚ ਕਾਰਕੁਨ ਹੱਥਾਂ ਵਿਚ ਪਾਰਟੀ ਦੇ ਝੰਡੇ ਲੈ ਕੇ ਬੱਸਾਂ ਦੇ ਨਾਲ ਚੱਲ ਰਹੇ ਸਨ।
ਖੜਗੇ ਨੇ ਕਿਹਾ ਕਿ ਸੰਸਦ ਮੈਂਬਰ ਰਾਜਘਾਟ ਸਥਿਤ ਸਮਾਰਕ ‘ਤੇ ਇਕੱਠੇ ਹੋ ਕੇ ਚੁੱਪ ਬੈਠਣਗੇ ਅਤੇ ਭਾਜਪਾ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ‘ਸਦਬੁੱਧੀ’ ਦੀ ਅਰਦਾਸ ਕਰਨਗੇ।
ਖੜਗੇ ਨੇ ਕਿਹਾ ਕਿ ਵਿਰੋਧੀ ਧਿਰ ਵੋਟਾਂ ਦੀ ‘ਚੋਰੀ’, ਵਧਦੀ ਮਹਿੰਗਾਈ ਅਤੇ ਦੇਸ਼ ਦੇ ਨੌਜਵਾਨਾਂ ਸਾਹਮਣੇ ਖੜ੍ਹੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਗੂ ਰਾਜਘਾਟ ‘ਤੇ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਜਾਰੀ ਰੱਖਣਗੇ।
ਬੱਸਾਂ ਦੇ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਦਿੱਲੀ ਵਿਚ ਵਿਰੋਧੀ ਧਿਰ ਨੂੰ ਕਿਤੇ ਵੀ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾ ਰਿਹਾ। ਬੁੱਧਵਾਰ ਦੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਨੂੰ ਜੰਤਰ ਮੰਤਰ ਜਾਣ ਤੋਂ ਰੋਕਿਆ ਗਿਆ ਅਤੇ ਉਨ੍ਹਾਂ ਨਾਲ ਕਥਿਤ ਤੌਰ ‘ਤੇ ਧੱਕਾ-ਮੁੱਕੀ ਕੀਤੀ ਗਈ। ਰਾਹੁਲ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਲੋਕਤੰਤਰਿਕ ਪ੍ਰਕਿਰਿਆ ਨੂੰ ‘ਹਾਈਜੈਕ’ ਕਰ ਲਿਆ ਹੈ। ਉਨ੍ਹਾਂ ਨੇ ਵੋਟਾਂ ਦੀ ਕਥਿਤ ਚੋਰੀ ਦੇ ਦੋਸ਼ਾਂ ‘ਤੇ ਕਾਰਵਾਈ ਦੀ ਮੰਗ ਵੀ ਦੁਹਰਾਈ।
ਵਿਰੋਧੀ ਧਿਰ ਲਈ ਵੀਰਵਾਰ ਨੂੰ ਇੱਕ ਹੋਰ ਅਹਿਮ ਘਟਨਾ ਸਾਹਮਣੇ ਆਈ। ਰਾਸ਼ਟਰਪਤੀ ਦਰੋਪਦੀ ਮੁਰਮੂ ਸ਼ੁੱਕਰਵਾਰ ਨੂੰ ਇੰਡੀਆ ਗੱਠਜੋੜ ਦੇ 10 ਮੈਂਬਰੀ ਵਫ਼ਦ ਨਾਲ ਮੁਲਾਕਾਤ ਕਰਨਗੇ। ਗੱਠਜੋੜ ਨੇ ਪਹਿਲਾਂ 15 ਆਗੂਆਂ ਲਈ ਮੁਲਾਕਾਤ ਦਾ ਸਮਾਂ ਮੰਗਿਆ ਸੀ। ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਵਾਲੇ ਆਗੂਆਂ ਵਿਚ ਖੜਗੇ, ਰਾਹੁਲ ਗਾਂਧੀ, ਅਖਿਲੇਸ਼ ਯਾਦਵ ਅਤੇ ਮਮਤਾ ਬੈਨਰਜੀ ਸਮੇਤ ਹੋਰ ਆਗੂ ਸ਼ਾਮਲ ਹੋਣ ਦੀ ਉਮੀਦ ਹੈ।
ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਗੱਠਜੋੜ ਨੇ ਸਭ ਤੋਂ ਪਹਿਲਾਂ 2 ਅਕਤੂਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਪੱਤਰ ਭੇਜਿਆ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਭਵਨ ਨੇ ਆਉਣ ਵਾਲੇ ਆਗੂਆਂ ਦੇ ਨਾਂ ਮੰਗੇ ਸਨ। ਗੱਠਜੋੜ ਨੇ 5 ਅਕਤੂਬਰ ਨੂੰ ਮੁੜ ਪੱਤਰ ਭੇਜ ਕੇ 7, 8 ਜਾਂ 9 ਅਕਤੂਬਰ ਨੂੰ ਮੁਲਾਕਾਤ ਦਾ ਸਮਾਂ ਮੰਗਿਆ ਸੀ।
ਗਿਆਨੇਸ਼ ਕੁਮਾਰ ਦੇ ਅਸਤੀਫੇ ਲਈ ਇੰਡੀਆ ਗੱਠਜੋੜ ਦੇ ਮੈਂਬਰਾਂ ਦਾ ਪ੍ਰਦਰਸ਼ਨ

