”15 ਅਗਸਤ 1947 ਸਿਰਫ ਸੱਤਾ ਪਰਿਵਰਤਨ, ਗ਼ਦਰੀਆਂ ਵਾਲੀ ਆਜ਼ਾਦੀ ਨਹੀਂ”
ਸਰੀ, 17 ਅਗਸਤ (ਗੁਰਪ੍ਰੀਤ ਸਿੰਘ ਤਲਵੰਡੀ/ਪੰਜਾਬ ਮੇਲ)- ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀ.ਸੀ., ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ ਅਤੇ ਲੇਖਕ ਸੋਹਣ ਸਿੰਘ ਪੂੰਨੀ ਦੀ ਪੰਜਵੀਂ ਕਿਤਾਬ ‘ਅਮਰੀਕਾ ਦੇ ਗਦਰੀ ਯੋਧੇ’ ਖਾਲਸਾ ਲਾਇਬ੍ਰੇਰੀ ਸਰੀ (ਕੈਨੇਡਾ) ਵਿਖੇ ਵੱਡੇ ਸਾਹਿਤਕ ਇਕੱਠ ਵਿਚ ਲੋਕ ਅਰਪਣ ਕੀਤੀ ਗਈ। 15 ਅਗਸਤ ਦੇ ਦਿਨ ‘ਤੇ ਰੱਖੇ ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਕੈਨੇਡਾ ਦੀਆਂ ਸਾਹਿਤਿਕ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਿਕ ਅਗਾਂਹਵਧੂ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ, ਗਦਰੀ ਯੋਧਿਆਂ ਦੇ ਪਰਿਵਾਰਾਂ ਨਾਲ ਸਬੰਧਿਤ ਸ਼ਖਸੀਅਤਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਕੈਨੇਡਾ ‘ਚ ਵੋਟ ਦਾ ਹੱਕ ਦਿਵਾਉਣ ਵਾਲੇ ਭਾਈ ਨਗਿੰਦਰ ਸਿੰਘ ਗਿੱਲ ਚੂਹੜਚੱਕ ਦੇ ਪੁੱਤਰ ਸੁਖਵਿੰਦਰ ਸਿੰਘ ਗਿੱਲ ਅਤੇ ਕੈਨੇਡਾ ਦੀ ਇਤਿਹਾਸਕ ਡਾਇਰੀ ਲਿਖਣ ਵਾਲੇ ਭਾਈ ਅਰਜਨ ਸਿੰਘ ਚੰਦ ਨਵਾਂ ਦੇ ਪੁੱਤਰ ਅਮਰਜੀਤ ਸਿੰਘ ਬਰਾੜ ਤੇ ਹੋਰ ਕਈ ਪਰਿਵਾਰ ਸ਼ਾਮਲ ਹੋਏ।
ਕਿਤਾਬ ‘ਅਮਰੀਕਾ ਦੇ ਗਦਰੀ ਯੋਧੇ’ ‘ਤੇ ਹੋਈ ਵਿਚਾਰ ਗੋਸ਼ਟੀ ‘ਚ ਬੋਲਦਿਆਂ ਲੇਖਕ ਅਤੇ ਪੰਜਾਬੀ ਪ੍ਰੈੱਸ ਕਲੱਬ ਬੀ.ਸੀ. ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਗ਼ਦਰੀ ਯੋਧਿਆਂ ਦੀਆਂ ਜੀਵਨੀਆਂ ਵਿਚ ਦਰਜ ਬਿਆਨਾਂ ਦਾ ਨਿਚੋੜ ਇਹ ਹੈ ਕਿ 15 ਅਗਸਤ 1947 ਸਿਰਫ ਸੱਤਾ ਪਰਿਵਰਤਨ ਸੀ, ਨਾ ਕਿ ਗ਼ਦਰੀਆਂ ਵਾਲੀ ਆਜ਼ਾਦੀ। ਭੁੱਲੇ-ਵਿਸਰੇ ਗ਼ਦਰੀ ਯੋਧਿਆਂ ਬਾਰੇ ਮੌਲਿਕ ਲਿਖਤਾਂ ਦੀ ਘਾਲਣਾ ਲਈ ਉਨ੍ਹਾਂ, ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਦੇਣ ਲਈ ਮੰਗ ਰੱਖੀ, ਜੋ ਸਮਾਗਮ ਵਿਚ ਸ਼ਾਮਲ ਸਾਰੀਆਂ ਜਥੇਬੰਦੀਆਂ ਨੇ ਭਰਪੂਰ ਹੁੰਗਾਰੇ ਨਾਲ ਪ੍ਰਵਾਨ ਕੀਤੀ। ਸਮਾਗਮ ਦਾ ਸੰਚਾਲਨ ਕਰਦਿਆਂ ਡਾ. ਸੁਰਿੰਦਰਜੀਤ ਸਿੰਘ ਭੇਲਾ ਨੇ ਗ਼ਦਰ ਮੈਮੋਰੀਅਲ ਸੁਸਾਇਟੀ ਦੇ ਸਥਾਪਨਾ, ਇਤਿਹਾਸ ਅਤੇ ਮਨੋਰਥ ਬਾਰੇ ਚਾਨਣਾ ਪਾਇਆ ਅਤੇ ਗ਼ਦਰ ਨਾਲ ਸਬੰਧਿਤ ਇਤਿਹਾਸਿਕ ਦਸਤਾਵੇਜ਼ ਸੰਗ੍ਰਹਿ ਕਰਨ ਦੀ ਵਚਨਬੱਧਤਾ ਪ੍ਰਗਟਾਈ।
ਸਮਾਗਮ ਵਿਚ ਸ਼ਾਮਿਲ ਬੁਲਾਰਿਆਂ ‘ਚ ਇੰਜੀਨੀਅਰ ਜਗਰੂਪ ਸਿੰਘ ਖੇੜਾ, ਕਾਮਰੇਡ ਆਗੂ ਭੁਪਿੰਦਰ ਸਿੰਘ ਮੱਲੀ, ਸਿੱਖ ਵਿਦਵਾਨ ਡਾ. ਪੂਰਨ ਸਿੰਘ ਗਿੱਲ, ਸ਼੍ਰੀ ਧਰਮਪਾਲ ਸ਼ਰਮਾ, ਹਰਚਰਨ ਸਿੰਘ ਸੰਧੂ, ਜਤਿੰਦਰ ਸਿੰਘ ਜੇ ਮਿਨਹਾਸ, ਅਵਤਾਰ ਸਿੰਘ ਢਿੱਲੋਂ, ਪ੍ਰਧਾਨ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸੁਸਾਇਟੀ, ਡਾ: ਪ੍ਰਗਟ ਸਿੰਘ ਅਤੇ ਗੁਰਨੂਰ ਸਿੰਘ ਨੌਜਵਾਨ ਆਗੂ ਕੁਵਿੰਟਲਨ ਯੂਨੀਵਰਸਿਟੀ, ਸਰੀ ਸ਼ਾਮਿਲ ਹੋਏ।
‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ ਸਮਾਗਮ ਦੌਰਾਨ ਕੈਨੇਡਾ ਦੀਆਂ ਉੱਘੀਆਂ ਸ਼ਖਸੀਅਤਾਂ ਲੇਖਕ ਸੋਹਣ ਸਿੰਘ ਪੂੰਨੀ ਅਤੇ ਉਨ੍ਹਾਂ ਦੀ ਸੁਪਤਨੀ ਬੀਬੀ ਵਿਨੀ ਪੂੰਨੀ ਸਮੇਤ, ਵਿਸ਼ਵ ਸਿੱਖ ਸੰਸਥਾ ਦੇ ਸਾਬਕਾ ਪ੍ਰਧਾਨ ਗਿਆਨ ਸਿੰਘ ਸੰਧੂ, ਗੁਰਮੀਤ ਸਿੰਘ ਧਾਲੀਵਾਲ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ, ਮਰਹੂਮ ਚਿੱਤਰਕਾਰ ਜਰਨੈਲ ਸਿੰਘ ਦੀ ਪਤਨੀ ਬਲਜੀਤ ਕੌਰ, ਨੀਤੀ ਸਿੰਘ, ਸ਼ਬਨਮ ਮੱਲੀ, ਪ੍ਰਕਾਸ਼ ਕੌਰ ਬਰਾੜ, ਵਣਜਾਰਾ ਨੋਮੈਡ ਕਲੈਕਸ਼ਨ ਦੇ ਰਾਜ ਸਿੰਘ ਭੰਡਾਲ, ਸਾਇੰਸਦਾਨ ਡਾ. ਕੁਲਵੰਤ ਸਿੰਘ ਥਿੰਦ, ਵੈਨਕੂਵਰ ਵਿਚਾਰ ਮੰਚ ਦੇ ਮੋਹਨ ਗਿੱਲ, ਰਜਿੰਦਰ ਸਿੰਘ ਪੰਧੇਰ, ਸਿੱਖ ਵਿਚਾਰ ਮੰਚ ਦੇ ਕੇਸਰ ਸਿੰਘ ਕੂੰਨਰ, ਬਲਵੀਰ ਸਿੰਘ ਸੰਘਾ, ਗਜ਼ਲ ਮੰਚ ਦੇ ਰਾਜਵੰਤ ਰਾਜ ਬਾਗੜੀ, ਸ਼੍ਰੀ ਰਾਮ ਆਸਰਾ, ਗੁਰਮੁਖ ਸਿੰਘ ਦਿਓਲ ਅਤੇ ਪੰਜਾਬੀ ਰੰਗਮੰਚ ਦੀ ਹਸਤੀ ਗੁਰਦੀਪ ਸਿੰਘ ਭੁੱਲਰ ਸਮੇਤ ਰੇਡੀਓ, ਟੈਲੀਵਿਜ਼ਨ ਅਤੇ ਅਖਬਾਰਾਂ ਨਾਲ ਸੰਬੰਧਤ ਮੀਡੀਆ ਕਰਮੀ ਹਾਜ਼ਰ ਸਨ। ਕਰੀਬ ਤਿੰਨ ਘੰਟੇ ਤੱਕ ਚੱਲਿਆ ਗਿਆਨ ਅਤੇ ਖੋਜ ਭਰਪੂਰ ਪ੍ਰੋਗਰਾਮ, ਗਦਰ ਲਹਿਰ ਅਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਬਾਰੇ ਹਲੂਣਾ ਦਿੰਦਾ, ਯਾਦਗਾਰੀ ਹੋ ਨਿਬੜਿਆ।
ਗਦਰ ਮੈਮੋਰੀਅਲ ਸੁਸਾਇਟੀ ਵਲੋਂ ਇਤਿਹਾਸਕਾਰ ਸੋਹਣ ਸਿੰਘ ਪੂੰਨੀ ਦੀ ਕਿਤਾਬ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਿਤ

