ਭਾਰਤ ਨੇ ਅਮਰੀਕਾ ਕੋਲ ਚੁੱਕਿਆ ਮੁੱਦਾ
ਨਵੀਂ ਦਿੱਲੀ, 11 ਜੂਨ (ਪੰਜਾਬ ਮੇਲ)- ਭਾਰਤ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ ਚਾਰ ਦਿਨਾਂ ਵਿਚ ਓਮਾਨ ਦੇ ਤੱਟ ਦੇ ਨੇੜੇ ਅਮਰੀਕੀ ਜਲ ਸੈਨਾ ਵੱਲੋਂ ਭਾਰਤੀ ਚਾਲਕ ਦਲ (ਕਰੂ) ਦੇ ਮੈਂਬਰਾਂ ਵਾਲੇ ਤਿੰਨ ਵਪਾਰਕ ਜਹਾਜ਼ਾਂ ‘ਤੇ ਹਮਲਾ ਕੀਤਾ ਗਿਆ ਹੈ, ਇਸ ਦੌਰਾਨ ਤਿੰਨ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਭਾਰਤ ਨੇ ਇਸ ਮਾਮਲੇ ਨੂੰ ਅਮਰੀਕਾ ਕੋਲ ਸਖ਼ਤੀ ਨਾਲ ਚੁੱਕਿਆ ਹੈ।
ਇਹ ਪਹਿਲੀ ਵਾਰ ਹੈ, ਜਦੋਂ ਜਨਤਕ ਤੌਰ ‘ਤੇ ਇਹ ਸਵੀਕਾਰ ਕੀਤਾ ਗਿਆ ਹੈ ਕਿ ਅਮਰੀਕੀ ਜਲ ਸੈਨਾ ਭਾਰਤੀ ਕਰੂ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
8 ਜੂਨ ਨੂੰ ਅਮਰੀਕੀ ਫ਼ੌਜ ਨੇ ਪਲਾਊ ਦੇ ਝੰਡੇ ਵਾਲੇ ਇੱਕ ਤੇਲ ਟੈਕਰ ‘ਮੈਰੀਵੈਕਸ’ ਉੱਤੇ ਹਮਲਾ ਕਰਕੇ ਨੁਕਸਾਨ ਪਹੁੰਚਾਇਆ ਸੀ। ਇਸ ਉੱਤੇ 24 ਭਾਰਤੀ ਮਲਾਹ ਸਵਾਰ ਸਨ ਅਤੇ ਉਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ। ਇਸ ਤੋਂ ਬਾਅਦ 10 ਜੂਨ ਨੂੰ ਅਮਰੀਕਾ ਨੇ ਪਲਾਊ ਦੇ ਝੰਡੇ ਵਾਲੇ ਇੱਕ ਹੋਰ ਤੇਲ ਜਹਾਜ਼ ‘ਸੈਟੇਬੈਲੋ’ ਉੱਤੇ ਹਮਲਾ ਕਰ ਦਿੱਤਾ, ਜਿਸ ਵਿਚ ਸਵਾਰ 24 ਭਾਰਤੀ ਮਲਾਹਾਂ ਵਿਚੋਂ ਤਿੰਨ ਮਲਾਹਾਂ ਦੀ ਮੌਤ ਹੋ ਗਈ।
ਬੁੱਧਵਾਰ ਨੂੰ ਹੋਏ ਹਮਲੇ ਤੋਂ ਬਾਅਦ, ਵਿਦੇਸ਼ ਮੰਤਰਾਲੇ ਨੇ ਅਮਰੀਕੀ ਦੂਤਾਵਾਸ ਦੇ ਕਾਰਜਕਾਰੀ ਮੁਖੀ (ਡੀ’ਅਫੇਅਰਜ਼) ਜੇਸਨ ਮੀਕਸ ਨੂੰ ਤਲਬ ਕੀਤਾ ਅਤੇ ਉਨ੍ਹਾਂ ਨੂੰ ਇੱਕ ‘ਡੀਮਾਰਸ਼’ ਭਾਵ ਵਿਰੋਧ ਦਾ ਰਾਜਨੀਤਕ ਪੱਤਰ ਸੌਂਪਿਆ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਧੀਰ ਜੈਸਵਾਲ ਨੇ ਮੰਤਰਾਲਿਆਂ ਦੀ ਇੱਕ ਮੀਡੀਆ ਬ੍ਰੀਫਿੰਗ ਵਿਚ ਕਿਹਾ, ”ਸਾਡੇ ਲਈ ਆਪਣੇ ਮਲਾਹਾਂ ਦੀ ਭਲਾਈ ਅਤੇ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਜਦੋਂ ‘ਐਮਟੀ ਸੈਟੇਬੈਲੋ’ ਜਹਾਜ਼ ‘ਤੇ ਇਹ ਹਮਲਾ ਹੋਇਆ, ਤਾਂ ਅਸੀਂ ਅਮਰੀਕੀ ਪੱਖ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ।”
ਜੈਸਵਾਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਹਮਲੇ ”ਬੰਦ ਹੋਣੇ ਚਾਹੀਦੇ ਹਨ”।
ਉਨ੍ਹਾਂ ਕਿਹਾ, ”ਅਸੀਂ ਇਹ ਵੀ ਦੱਸਿਆ ਕਿ ਟਕਰਾਅ ਦੇ ਸ਼ਾਂਤੀਪੂਰਨ ਹੱਲ ਲਈ ਗੱਲਬਾਤ ਅਤੇ ਕੂਟਨੀਤੀ ਹੀ ਅੱਗੇ ਵਧਣ ਦਾ ਰਸਤਾ ਹੈ ਅਤੇ ਕੌਮਾਂਤਰੀ ਕਾਨੂੰਨ ਦੇ ਅਨੁਸਾਰ ਹੋਰਮੁਜ਼ ਜਲਮਾਰਗ ਰਾਹੀਂ ਬਿਨਾਂ ਕਿਸੇ ਰੁਕਾਵਟ ਦੇ ਆਉਣ-ਜਾਣ ਦੀ ਸਹੂਲਤ ਹੋਣੀ ਚਾਹੀਦੀ ਹੈ।”
ਉਨ੍ਹਾਂ ਕਿਹਾ, ”ਇਨ੍ਹਾਂ ਘਟਨਾਵਾਂ ਵਿਚ ਸ਼ਾਮਲ ਤਿੰਨੇ ਜਹਾਜ਼ ਵਿਦੇਸ਼ੀ ਝੰਡੇ ਵਾਲੇ ਸਨ। ਉਨ੍ਹਾਂ ਵਿਚੋਂ ਦੋ ਪਲਾਊ ਦੇ ਝੰਡੇ ਵਾਲੇ ਸਨ, ਜਦੋਂ ਕਿ ਤੀਜਾ ਜਹਾਜ਼ ਗਿਨੀ-ਬਿਸਾਊ ਦੇ ਝੰਡੇ ਵਾਲਾ ਸੀ। ਇਹ ਭਾਰਤੀ ਮਾਲਕੀ ਵਾਲੇ ਜਹਾਜ਼ ਨਹੀਂ ਸਨ।”
ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਸੈਟੇਬੈਲੋ ਅਤੇ ਮੈਰੀਵੈਕਸ ‘ਤੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ, ਪਰ ‘ਜਲਵੀਰ’ ‘ਤੇ ਹੋਏ ਹਮਲਿਆਂ ਦੀਆਂ ਰਿਪੋਰਟਾਂ ‘ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਦੱਸਿਆ ਕਿ ‘ਜਲਵੀਰ’ ‘ਤੇ ਮੌਜੂਦ ਮਲਾਹਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੈਟੇਬੈਲੋ ਤੋਂ ਬਾਕੀ ਸਾਰੇ 25 ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿਚ 21 ਭਾਰਤੀ, ਦੋ ਪਾਕਿਸਤਾਨੀ, ਇੱਕ ਰੂਸੀ ਅਤੇ ਇੱਕ ਯੂਕਰੇਨੀ ਨਾਗਰਿਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੀਮੈਨ ਵੈਲਫੇਅਰ ਫੰਡ ਸੁਸਾਇਟੀ ਨੂੰ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੇਣ ਲਈ ਕਿਹਾ ਗਿਆ ਹੈ।
ਖਾੜੀ ਖੇਤਰ ‘ਚ ਅਮਰੀਕੀ ਜਲ ਸੈਨਾ ਵੱਲੋਂ ਭਾਰਤੀ ਮਲਾਹਾਂ ਵਾਲੇ 3 ਵਪਾਰਕ ਜਹਾਜ਼ਾਂ ‘ਤੇ ਹਮਲਾ

