#AMERICA

ਕੈਲੀਫੋਰਨੀਆ ਦੇ 11 ਹਜ਼ਾਰ ਡਰਾਈਵਰਾਂ ਨੂੰ ਡੀਐਮਵੀ ਦਾ ਨੋਟਿਸ, 30 ਦਿਨਾਂ ਵਿੱਚ ਲਿਖਤੀ ਟੈਸਟ ਮੁੜ ਨਾ ਦਿੱਤਾ ਤਾਂ ਲਾਇਸੈਂਸ ਹੋ ਸਕਦਾ ਹੈ ਰੱਦ

ਸੈਕਰਾਮੈਂਟੋ, 4 ਜੁਲਾਈ (ਪੰਜਾਬ ਮੇਲ)-ਕੈਲੀਫੋਰਨੀਆ ਦੇ ਕਰੀਬ 11 ਹਜ਼ਾਰ ਡਰਾਈਵਰਾਂ ਨੂੰ ਰਾਜ ਦੇ ਮੋਟਰ ਵਾਹਨ ਵਿਭਾਗ (ਡੀਐਮਵੀ) ਵੱਲੋਂ ਨੋਟਿਸ ਭੇਜੇ ਗਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ 30 ਦਿਨਾਂ ਦੇ ਅੰਦਰ ਲਿਖਤੀ ਡਰਾਈਵਿੰਗ ਗਿਆਨ ਪ੍ਰੀਖਿਆ ਮੁੜ ਦੇਣਲਈ ਕਿਹਾ ਗਿਆ ਹੈ। ਜੇ ਪ੍ਰਭਾਵਿਤ ਡਰਾਈਵਰ ਨਿਰਧਾਰਤ ਸਮੇਂ ਵਿੱਚ ਟੈਸਟ ਪਾਸ ਨਹੀਂ ਕਰਦੇ, ਤਾਂ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ।
ਡੀਐਮਵੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਨੋਟਿਸ ਉਨ੍ਹਾਂ ਲੋਕਾਂ ਨੂੰ ਭੇਜੇ ਗਏ ਹਨ, ਜਿਨ੍ਹਾਂ ਨੇ ਜੁਲਾਈ 2025 ਤੋਂ ਅਪ੍ਰੈਲ 2026 ਦੇ ਦਰਮਿਆਨ ਲਿਖਤੀ ਪ੍ਰੀਖਿਆ ਦਿੱਤੀ ਸੀ। ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਦੀ ਜਾਂਚ ਦੌਰਾਨ ਕੁਝ ਗੜਬੜੀਆਂ ਸਾਹਮਣੇ ਆਈਆਂ, ਜਿਸ ਕਾਰਨ ਟੈਸਟਾਂ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਹੋਏ ਅਤੇ ਪ੍ਰਭਾਵਿਤ ਉਮੀਦਵਾਰਾਂ ਨੂੰ ਦੁਬਾਰਾ ਪ੍ਰੀਖਿਆ ਦੇਣ ਲਈ ਕਿਹਾ ਗਿਆ ਹੈ। ਹਾਲਾਂਕਿ ਵਿਭਾਗ ਨੇ ਇਹ ਨਹੀਂ ਕਿਹਾ ਕਿ ਹਰ ਪ੍ਰਭਾਵਿਤ ਵਿਅਕਤੀ ਨੇ ਨਕਲ ਕੀਤੀ ਸੀ ਜਾਂ ਕਿਸੇ ਧੋਖਾਧੜੀ ਵਿੱਚ ਸ਼ਾਮਲ ਸੀ।
ਸੈਕਰਾਮੈਂਟੋ ਦੇ ਇੱਕ ਡਰਾਈਵਰ, ਜਿਸ ਨੂੰ ਇਹ ਨੋਟਿਸ ਮਿਲਿਆ, ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਮੈਨੂੰ ਪੂਰਾ ਯਕੀਨ ਹੈ ਕਿ ਮੈਂ ਕੋਈ ਨਕਲ ਨਹੀਂ ਕੀਤੀ।” ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਸ ਦੇ ਟੈਸਟ ਵਿੱਚ ਅਸਲ ਗੜਬੜ ਕੀ ਸੀ।
ਡੀਐਮਵੀ ਵੱਲੋਂ ਭੇਜੇ ਗਏ ਪੱਤਰ ਵਿੱਚ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਪ੍ਰਭਾਵਿਤ ਡਰਾਈਵਰ ਪਹਿਲਾਂ ਅਪਾਇੰਟਮੈਂਟ ਬੁੱਕ ਕਰਨ, ਕਿਉਂਕਿ ਇਸ ਪ੍ਰਕਿਰਿਆ ਲਈ ਵਾਕ-ਇਨ (Walk-in) ਦੀ ਇਜਾਜ਼ਤ ਨਹੀਂ ਹੋਵੇਗੀ। ਟੈਸਟ ਦੇ ਦਿਨ ਉਨ੍ਹਾਂ ਨੂੰ ਡੀਐਮਵੀ ਦਾ ਅਸਲੀ ਨੋਟਿਸ ਨਾਲ ਲਿਆਉਣਾ ਵੀ ਲਾਜ਼ਮੀ ਹੋਵੇਗਾ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 30 ਦਿਨਾਂ ਦੇ ਅੰਦਰ ਟੈਸਟ ਨਾ ਦੇਣ ਜਾਂ ਫੇਲ੍ਹ ਹੋਣ ਦੀ ਸੂਰਤ ਵਿੱਚ ਡਰਾਈਵਿੰਗ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ।
ਡੀਐਮਵੀ ਦਾ ਕਹਿਣਾ ਹੈ ਕਿ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਦੀ ਭਰੋਸੇਯੋਗਤਾ ਅਤੇ ਪਾਰਦਰਸ਼ਤਾ ਬਣਾਈ ਰੱਖਣਾ ਉਸ ਦੀ ਜ਼ਿੰਮੇਵਾਰੀ ਹੈ। ਇਸੇ ਲਈ ਜਿੱਥੇ ਵੀ ਪ੍ਰੀਖਿਆ ਪ੍ਰਕਿਰਿਆ ਵਿੱਚ ਗੜਬੜ ਦਾ ਸ਼ੱਕ ਪੈਦਾ ਹੁੰਦਾ ਹੈ, ਉੱਥੇ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ।
ਜੇ ਕਿਸੇ ਡਰਾਈਵਰ ਨੂੰ ਇਹ ਨੋਟਿਸ ਮਿਲਦਾ ਹੈ, ਤਾਂ ਉਸ ਨੂੰ ਤੁਰੰਤ ਡੀਐਮਵੀ ਨਾਲ ਸੰਪਰਕ ਕਰਕੇ ਅਪਾਇੰਟਮੈਂਟ ਲੈਣੀ ਚਾਹੀਦੀ ਹੈ ਅਤੇ ਨਿਰਧਾਰਤ ਸਮੇਂ ਵਿੱਚ ਟੈਸਟ ਪੂਰਾ ਕਰਨਾ ਚਾਹੀਦਾ ਹੈ। ਨਾਲ ਹੀ ਡੀਐਮਵੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਵਿਅਕਤੀ ਪੈਸੇ ਲੈ ਕੇ ਇਹ ਮਾਮਲਾ “ਠੀਕ ਕਰਵਾਉਣ” ਦਾ ਦਾਅਵਾ ਕਰੇ, ਤਾਂ ਉਸ ਤੋਂ ਸਾਵਧਾਨ ਰਹਿਣ ਅਤੇ ਸਿਰਫ਼ ਡੀਐਮਵੀ ਦੀਆਂ ਅਧਿਕਾਰਤ ਹਦਾਇਤਾਂ ’ਤੇ ਹੀ ਭਰੋਸਾ ਕਰਨ।
ਇਹ ਪ੍ਰਸ਼ਾਸਕੀ ਕਾਰਵਾਈ ਹਾਲੇ ਜਾਰੀ ਹੈ ਅਤੇ ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਡੀਐਮਵੀ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਵੀ ਜਾਰੀ ਕਰੇ। ਇਸ ਲਈ ਜਿਨ੍ਹਾਂ ਲੋਕਾਂ ਨੇ ਜੁਲਾਈ 2025 ਤੋਂ ਅਪ੍ਰੈਲ 2026 ਦੇ ਵਿਚਕਾਰ ਕੈਲੀਫੋਰਨੀਆ ਵਿੱਚ ਲਿਖਤੀ ਡੀਐਮਵੀ ਪ੍ਰੀਖਿਆ ਪਾਸ ਕਰਕੇ ਲਾਇਸੈਂਸ ਹਾਸਲ ਕੀਤਾ ਸੀ, ਉਨ੍ਹਾਂ ਨੂੰ ਆਪਣੀ ਡਾਕ ’ਤੇ ਨਜ਼ਰ ਰੱਖਣ ਅਤੇ ਕੋਈ ਨੋਟਿਸ ਮਿਲਣ ’ਤੇ ਉਸ ਦੀ ਤੁਰੰਤ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।