#AMERICA

ਕੈਲੀਫੋਰਨੀਆ ਦੇ 11 ਹਜ਼ਾਰ ਡਰਾਈਵਰਾਂ ਨੂੰ ਡੀ.ਐੱਮ.ਵੀ. ਵੱਲੋਂ ਨੋਟਿਸ!

-30 ਦਿਨਾਂ ਵਿਚ ਲਿਖਤੀ ਟੈਸਟ ਮੁੜ ਨਾ ਦਿੱਤਾ, ਤਾਂ ਲਾਇਸੈਂਸ ਹੋ ਸਕਦੈ ਰੱਦ
ਸੈਕਰਾਮੈਂਟੋ, 6 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ਦੇ ਕਰੀਬ 11 ਹਜ਼ਾਰ ਡਰਾਈਵਰਾਂ ਨੂੰ ਰਾਜ ਦੇ ਮੋਟਰ ਵਾਹਨ ਵਿਭਾਗ (ਡੀ.ਐੱਮ.ਵੀ.) ਵੱਲੋਂ ਨੋਟਿਸ ਭੇਜੇ ਗਏ ਹਨ, ਜਿਨ੍ਹਾਂ ਵਿਚ ਉਨ੍ਹਾਂ ਨੂੰ 30 ਦਿਨਾਂ ਦੇ ਅੰਦਰ ਲਿਖਤੀ ਡਰਾਈਵਿੰਗ ਗਿਆਨ ਪ੍ਰੀਖਿਆ ਮੁੜ ਦੇਣ ਲਈ ਕਿਹਾ ਗਿਆ ਹੈ। ਜੇ ਪ੍ਰਭਾਵਿਤ ਡਰਾਈਵਰ ਨਿਰਧਾਰਤ ਸਮੇਂ ਵਿਚ ਟੈਸਟ ਪਾਸ ਨਹੀਂ ਕਰਦੇ, ਤਾਂ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ।
ਡੀ.ਐੱਮ.ਵੀ. ਨੇ ਪੁਸ਼ਟੀ ਕੀਤੀ ਹੈ ਕਿ ਇਹ ਨੋਟਿਸ ਉਨ੍ਹਾਂ ਲੋਕਾਂ ਨੂੰ ਭੇਜੇ ਗਏ ਹਨ, ਜਿਨ੍ਹਾਂ ਨੇ ਜੁਲਾਈ 2025 ਤੋਂ ਅਪ੍ਰੈਲ 2026 ਦੇ ਦਰਮਿਆਨ ਲਿਖਤੀ ਪ੍ਰੀਖਿਆ ਦਿੱਤੀ ਸੀ। ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਦੀ ਜਾਂਚ ਦੌਰਾਨ ਕੁਝ ਗੜਬੜੀਆਂ ਸਾਹਮਣੇ ਆਈਆਂ, ਜਿਸ ਕਾਰਨ ਟੈਸਟਾਂ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਹੋਏ ਅਤੇ ਪ੍ਰਭਾਵਿਤ ਉਮੀਦਵਾਰਾਂ ਨੂੰ ਦੁਬਾਰਾ ਪ੍ਰੀਖਿਆ ਦੇਣ ਲਈ ਕਿਹਾ ਗਿਆ ਹੈ। ਹਾਲਾਂਕਿ ਵਿਭਾਗ ਨੇ ਇਹ ਨਹੀਂ ਕਿਹਾ ਕਿ ਹਰ ਪ੍ਰਭਾਵਿਤ ਵਿਅਕਤੀ ਨੇ ਨਕਲ ਕੀਤੀ ਸੀ ਜਾਂ ਕਿਸੇ ਧੋਖਾਧੜੀ ਵਿਚ ਸ਼ਾਮਲ ਸੀ।
ਸੈਕਰਾਮੈਂਟੋ ਦੇ ਇੱਕ ਡਰਾਈਵਰ, ਜਿਸ ਨੂੰ ਇਹ ਨੋਟਿਸ ਮਿਲਿਆ, ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ”ਮੈਨੂੰ ਪੂਰਾ ਯਕੀਨ ਹੈ ਕਿ ਮੈਂ ਕੋਈ ਨਕਲ ਨਹੀਂ ਕੀਤੀ।” ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਸ ਦੇ ਟੈਸਟ ਵਿਚ ਅਸਲ ਗੜਬੜ ਕੀ ਸੀ।
ਡੀ.ਐੱਮ.ਵੀ. ਵੱਲੋਂ ਭੇਜੇ ਗਏ ਪੱਤਰ ਵਿਚ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਪ੍ਰਭਾਵਿਤ ਡਰਾਈਵਰ ਪਹਿਲਾਂ ਅਪਾਇੰਟਮੈਂਟ ਬੁੱਕ ਕਰਨ, ਕਿਉਂਕਿ ਇਸ ਪ੍ਰਕਿਰਿਆ ਲਈ ਵਾਕ-ਇਨ ਦੀ ਇਜਾਜ਼ਤ ਨਹੀਂ ਹੋਵੇਗੀ। ਟੈਸਟ ਦੇ ਦਿਨ ਉਨ੍ਹਾਂ ਨੂੰ ਡੀ.ਐੱਮ.ਵੀ. ਦਾ ਅਸਲੀ ਨੋਟਿਸ ਨਾਲ ਲਿਆਉਣਾ ਵੀ ਲਾਜ਼ਮੀ ਹੋਵੇਗਾ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 30 ਦਿਨਾਂ ਦੇ ਅੰਦਰ ਟੈਸਟ ਨਾ ਦੇਣ ਜਾਂ ਫੇਲ੍ਹ ਹੋਣ ਦੀ ਸੂਰਤ ਵਿਚ ਡਰਾਈਵਿੰਗ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ।
ਡੀ.ਐੱਮ.ਵੀ. ਦਾ ਕਹਿਣਾ ਹੈ ਕਿ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਦੀ ਭਰੋਸੇਯੋਗਤਾ ਅਤੇ ਪਾਰਦਰਸ਼ਤਾ ਬਣਾਈ ਰੱਖਣਾ ਉਸ ਦੀ ਜ਼ਿੰਮੇਵਾਰੀ ਹੈ। ਇਸੇ ਲਈ ਜਿੱਥੇ ਵੀ ਪ੍ਰੀਖਿਆ ਪ੍ਰਕਿਰਿਆ ਵਿਚ ਗੜਬੜ ਦਾ ਸ਼ੱਕ ਪੈਦਾ ਹੁੰਦਾ ਹੈ, ਉੱਥੇ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ।
ਜੇ ਕਿਸੇ ਡਰਾਈਵਰ ਨੂੰ ਇਹ ਨੋਟਿਸ ਮਿਲਦਾ ਹੈ, ਤਾਂ ਉਸ ਨੂੰ ਤੁਰੰਤ ਡੀ.ਐੱਮ.ਵੀ. ਨਾਲ ਸੰਪਰਕ ਕਰਕੇ ਅਪੁਆਇੰਟਮੈਂਟ ਲੈਣੀ ਚਾਹੀਦੀ ਹੈ ਅਤੇ ਨਿਰਧਾਰਤ ਸਮੇਂ ਵਿਚ ਟੈਸਟ ਪੂਰਾ ਕਰਨਾ ਚਾਹੀਦਾ ਹੈ। ਨਾਲ ਹੀ ਡੀ.ਐੱਮ.ਵੀ. ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਵਿਅਕਤੀ ਪੈਸੇ ਲੈ ਕੇ ਇਹ ਮਾਮਲਾ ”ਠੀਕ ਕਰਵਾਉਣ” ਦਾ ਦਾਅਵਾ ਕਰੇ, ਤਾਂ ਉਸ ਤੋਂ ਸਾਵਧਾਨ ਰਹਿਣ ਅਤੇ ਸਿਰਫ਼ ਡੀ.ਐੱਮ.ਵੀ. ਦੀਆਂ ਅਧਿਕਾਰਤ ਹਦਾਇਤਾਂ ‘ਤੇ ਹੀ ਭਰੋਸਾ ਕਰਨ।
ਇਹ ਪ੍ਰਸ਼ਾਸਕੀ ਕਾਰਵਾਈ ਹਾਲੇ ਜਾਰੀ ਹੈ ਅਤੇ ਸੰਭਵ ਹੈ ਕਿ ਆਉਣ ਵਾਲੇ ਦਿਨਾਂ ‘ਚ ਡੀ.ਐੱਮ.ਵੀ. ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਵੀ ਜਾਰੀ ਕਰੇ। ਇਸ ਲਈ ਜਿਨ੍ਹਾਂ ਲੋਕਾਂ ਨੇ ਜੁਲਾਈ 2025 ਤੋਂ ਅਪ੍ਰੈਲ 2026 ਦੇ ਵਿਚਕਾਰ ਕੈਲੀਫੋਰਨੀਆ ਵਿਚ ਲਿਖਤੀ ਡੀ.ਐੱਮ.ਵੀ. ਪ੍ਰੀਖਿਆ ਪਾਸ ਕਰਕੇ ਲਾਇਸੈਂਸ ਹਾਸਲ ਕੀਤਾ ਸੀ, ਉਨ੍ਹਾਂ ਨੂੰ ਆਪਣੀ ਡਾਕ ‘ਤੇ ਨਜ਼ਰ ਰੱਖਣ ਅਤੇ ਕੋਈ ਨੋਟਿਸ ਮਿਲਣ ‘ਤੇ ਉਸ ਦੀ ਤੁਰੰਤ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।