#AMERICA

ਕੈਲੀਫੋਰਨੀਆ ਦੀ ਸਾਬਕਾ ਮੇਅਰ ਨੇ ਚੀਨ ਲਈ ਗੁਪਤ ਤੌਰ ‘ਤੇ ਕੰਮ ਕਰਨ ਦਾ ਦੋਸ਼ ਕਬੂਲਿਆ

ਆਰਕੇਡੀਆ, 1 ਜੂਨ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਆਰਕੇਡੀਆ ਦੀ ਸਾਬਕਾ ਮੇਅਰ ਆਈਲੀਨ ਵਾਂਗ ਨੇ ਫੈਡਰਲ ਅਦਾਲਤ ‘ਚ ਇਹ ਦੋਸ਼ ਕਬੂਲ ਕਰ ਲਿਆ ਕਿ ਉਸ ਨੇ ਚੀਨ ਸਰਕਾਰ ਦੇ ਇੱਕ ਗੈਰ-ਰਜਿਸਟਰਡ ਏਜੰਟ ਵਜੋਂ ਕੰਮ ਕੀਤਾ ਸੀ।
56 ਸਾਲਾ ਆਈਲੀਨ ਵਾਂਗ ‘ਤੇ ਦੋਸ਼ ਸੀ ਕਿ ਉਸ ਨੇ 2020 ਤੋਂ 2022 ਦੇ ਦਰਮਿਆਨ ਚੀਨੀ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅਮਰੀਕਾ ਵਿਚ ਚੀਨ ਪੱਖੀ ਪ੍ਰਚਾਰ ਸਮੱਗਰੀ ਨੂੰ ਉਤਸ਼ਾਹਿਤ ਕੀਤਾ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਉਹ ਅਤੇ ਉਸ ਦਾ ਸਾਬਕਾ ਮੰਗੇਤਰ ਯਾਓਨਿੰਗ ”ਮਾਈਕ” ਸਨ ਇੱਕ ਵੈੱਬਸਾਈਟ ਚਲਾਉਂਦੇ ਸਨ, ਜਿਸ ਰਾਹੀਂ ਚੀਨੀ ਅਧਿਕਾਰੀਆਂ ਵੱਲੋਂ ਭੇਜੇ ਗਏ ਲੇਖ ਪ੍ਰਕਾਸ਼ਿਤ ਕੀਤੇ ਜਾਂਦੇ ਸਨ।
ਅਦਾਲਤ ਵਿਚ ਦੋਸ਼ ਕਬੂਲ ਕਰਨ ਤੋਂ ਬਾਅਦ ਵਾਂਗ ਨੂੰ ਹੁਣ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ। ਉਸ ਨੂੰ ਸਜ਼ਾ 6 ਅਕਤੂਬਰ 2026 ਨੂੰ ਸੁਣਾਈ ਜਾਣੀ ਹੈ।
ਫੈਡਰਲ ਅਧਿਕਾਰੀਆਂ ਅਨੁਸਾਰ ਵਾਂਗ ਨੇ ਚੀਨ ਸਰਕਾਰ ਦੇ ਹੁਕਮਾਂ ‘ਤੇ ਲੇਖ ਪੋਸਟ ਕੀਤੇ, ਉਨ੍ਹਾਂ ਦੀ ਪਹੁੰਚ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਗੱਲ ਕਦੇ ਵੀ ਜਨਤਕ ਨਹੀਂ ਕੀਤੀ ਕਿ ਉਹ ਵਿਦੇਸ਼ੀ ਸਰਕਾਰ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੀ ਸੀ।
ਇੱਕ ਮਾਮਲੇ ‘ਚ ਉਸ ਨੂੰ ਚੀਨ ਦੇ ਇੱਕ ਅਧਿਕਾਰੀ ਵੱਲੋਂ ਸ਼ਿਨਜਿਆਂਗ ਮਸਲੇ ‘ਤੇ ਚੀਨ ਦਾ ਪੱਖ ਪੇਸ਼ ਕਰਨ ਵਾਲਾ ਲੇਖ ਭੇਜਿਆ ਗਿਆ ਸੀ। ਕੁਝ ਮਿੰਟਾਂ ਦੇ ਅੰਦਰ ਹੀ ਉਸ ਨੇ ਉਹ ਲੇਖ ਆਪਣੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਕਰ ਦਿੱਤਾ ਅਤੇ ਚੀਨੀ ਅਧਿਕਾਰੀ ਨੂੰ ਲਿੰਕ ਭੇਜ ਦਿੱਤਾ। ਅਧਿਕਾਰੀ ਨੇ ਜਵਾਬ ਵਿਚ ਉਸ ਦਾ ਧੰਨਵਾਦ ਕੀਤਾ ਸੀ।
ਵਾਂਗ ਦੇ ਸਾਬਕਾ ਮੰਗੇਤਰ ਮਾਈਕ ਸਨ ਨੇ ਵੀ ਚੀਨ ਲਈ ਗੁਪਤ ਤੌਰ ‘ਤੇ ਕੰਮ ਕਰਨ ਦੇ ਦੋਸ਼ ਕਬੂਲ ਕੀਤੇ ਸਨ ਅਤੇ ਇਸ ਸਾਲ ਉਸ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਰਕੇਡੀਆ ਸਿਟੀ ਕੌਂਸਲ ਦੀ ਮੀਟਿੰਗ ਵਿਚ ਕਾਫ਼ੀ ਗੁੱਸਾ ਦੇਖਣ ਨੂੰ ਮਿਲਿਆ। ਕਈ ਨਿਵਾਸੀਆਂ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਕੁਝ ਆਗੂਆਂ ਨੇ ਵਾਂਗ ਦੀ ਰੱਖਿਆ ਕੀਤੀ ਅਤੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ।
ਹਾਲਾਂਕਿ ਸ਼ਹਿਰ ਦੇ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਕੋਈ ਅਧਿਕਾਰਕ ਦੋਸ਼ੀ ਕਰਾਰ ਨਹੀਂ ਹੁੰਦਾ, ਕੌਂਸਲ ਕੋਲ ਕਿਸੇ ਮੈਂਬਰ ਨੂੰ ਅਹੁਦੇ ਤੋਂ ਹਟਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੁੰਦਾ।