#AMERICA

ਕੈਲੀਫ਼ੋਰਨੀਆਂ ‘ਚ 26ਵੀਂ ਵਿਸ਼ਵ ਪੰਜਾਬੀ ਸਾਹਿਤਕ ਕਾਨਫਰੰਸ: ਪੰਜਾਬੀ ਭਾਸ਼ਾ, ਸਾਹਿਤ ਅਤੇ ਨਵੀਂ ਪੀੜ੍ਹੀ ਦੇ ਭਵਿੱਖ ਬਾਰੇ ਹੋਇਆ ਗੰਭੀਰ ਸੰਵਾਦ

ਫਰੀਮਾਂਟ, 7 ਅਕਤੂਬਰ (ਪੰਜਾਬ ਮੇਲ)- ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਫਰੀਮਾਂਟ ਵਿਖੇ 26ਵੀਂ ਵਿਸ਼ਵ ਪੰਜਾਬੀ ਸਾਹਿਤਕ ਕਾਨਫਰੰਸ ਬੜੇ ਉਤਸ਼ਾਹ ਅਤੇ ਮਾਂ-ਬੋਲੀ ਪ੍ਰਤੀ ਡੂੰਘੀ ਵਚਨਬੱਧਤਾ ਨਾਲ ਕਰਵਾਈ ਗਈ। ਕਾਨਫਰੰਸ ਵਿਚ ਭਾਰਤ, ਪਾਕਿਸਤਾਨ, ਕੈਨੇਡਾ, ਯੂ.ਕੇ. ਅਤੇ ਅਮਰੀਕਾ ਤੋਂ ਨਾਮਵਰ ਵਿਦਵਾਨਾਂ, ਲੇਖਕਾਂ, ਕਵੀਆਂ ਅਤੇ ਸਾਹਿਤ-ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਸਮੁੱਚੀ ਕਾਨਫਰੰਸ ਦੌਰਾਨ ਪੰਜਾਬੀ ਭਾਸ਼ਾ ਦੇ ਵਰਤਮਾਨ, ਸਾਹਿਤ ਦੇ ਸਰੋਕਾਰਾਂ ਅਤੇ ਨਵੀਂ ਪੀੜ੍ਹੀ ਤੱਕ ਪੰਜਾਬੀ ਨੂੰ ਪਹੁੰਚਾਉਣ ਦੀਆਂ ਚੁਣੌਤੀਆਂ ਬਾਰੇ ਗੰਭੀਰ ਅਤੇ ਸਾਰਥਕ ਵਿਚਾਰ-ਵਟਾਂਦਰਾ ਹੋਇਆ।
ਕੈਲਫ਼ੋਰਨੀਆ ਦੀ ਸਹਿਯੋਗੀ ਸੰਸਥਾ ਪੰਜਾਬ ਲੋਕ ਰੰਗ ਵਲੋਂ ਸੁਰਿੰਦਰ ਸਿੰਘ ਧਨੋਆ ਦੀ ਨਿਰਦੇਸ਼ਨਾ ਹੇਠ ‘ਬੰਦਾ ਸਿੰਘ ਬਹਾਦਰ’ ਨਾਟਕ ਖੇਡਿਆ ਗਿਆ। ਡਾ. ਆਤਮ ਸਿੰਘ ਰੰਧਾਵਾ ਅਤੇ ਡਾ. ਨਬੀਲਾ ਰਹਿਮਾਨ ਨੇ ਇਤਿਹਾਸ ਨੂੰ ਨਿਰਪੱਖ ਅਤੇ ਲੋਕਾਈ ਦੇ ਨਜ਼ਰੀਏ ਤੋਂ ਪੇਸ਼ ਕਰਨ ਲਈ ਨਾਟਕ ਦੀ ਪ੍ਰਸ਼ੰਸਾ ਕੀਤੀ। ਪੰਜਾਬ ਲੋਕ ਰੰਗ ਦੇ ਸੁਰਿੰਦਰ ਧਨੋਆ, ਪ੍ਰੋ. ਬਲਵਿੰਦਰ ਲਾਲੀ ਧਨੋਆ ਅਤੇ ਪੂਰੀ ਟੀਮ ਵਲੋਂ ਡਾ. ਨਬੀਲਾ ਰਹਿਮਾਨ, ਡਾ. ਆਤਮ ਸਿੰਘ ਰੰਧਾਵਾ ਅਤੇ ਮਕਬੂਲ ਪੰਜਾਬੀ ਸ਼ਾਇਰਾ ਤਹਿਰਾ ਸਰਾ ਦਾ ਸਨਮਾਨ ਕੀਤਾ ਗਿਆ। ਇਸ ਨਾਟਕ ਨੂੰ ਦੇਖਣ ਲਈ ਦਰਸ਼ਕ ਹੁੰਮਹੁਮਾ ਕੇ ਪਹੁੰਚੇ।
ਕਾਨਫ਼ਰੰਸ ਦੀ ਸ਼ੁਰੂਆਤ ਵਿਚ ਪੰਡਿਤ ਹਬੀਬ ਖਾਨ ਦੇ ਸ਼ਾਗਿਰਦ ਚਾਰਲਸ ਲਿਓਡ (ਫਰੀਮਾਂਟ ਸਕੂਲ ਫਾਰ ਬਲਾਈਂਡਜ਼ ਦੇ ਸੰਗੀਤ ਨਿਰਦੇਸ਼ਕ) ਨੇ ਸਿਤਾਰ ਵਾਦਨ ਰਾਹੀਂ ਸਰੋਤਿਆਂ ਨੂੰ ਸੰਗੀਤਕ ਰਸ ਨਾਲ ਜੋੜਿਆ। ਮਸ਼ਹੂਰ ਸੂਫ਼ੀ ਗਾਇਕ ਸੁਖਦੇਵ ਸਾਹਿਲ ਨੇ ਪੰਜਾਬੀ ਸੂਫ਼ੀ ਕਾਵਿ ਰਚਨਾਵਾਂ ਦਾ ਗਾਇਨ ਕੀਤਾ। ਪ੍ਰਧਾਨਗੀ ਭਾਸ਼ਣ ਵਿਚ ਵਿਪਸਾ ਦੇ ਪ੍ਰਧਾਨ ਕੁਲਵਿੰਦਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ।
ਕਾਨਫਰੰਸ ਨੂੰ ਚਾਰ ਮਹੱਤਵਪੂਰਨ ਸੈਸ਼ਨਾਂ ਵਿਚ ਵੰਡਿਆ ਗਿਆ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵੱਖ-ਵੱਖ ਪੱਖਾਂ ਨੂੰ ਵਿਚਾਰ-ਚਰਚਾ ਦੇ ਕੇਂਦਰ ਵਿਚ ਲਿਆਂਦਾ।
ਪਹਿਲਾ ਸੈਸ਼ਨ ‘ਪੰਜਾਬ, ਭਾਰਤ ਅਤੇ ਵਿਦੇਸ਼ ਵਿਚ ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਚੁਣੌਤੀਆਂ’ ਵਿਸ਼ੇ ‘ਤੇ ਕੇਂਦਰਿਤ ਸੀ। ਇਸ ਸੈਸ਼ਨ ਦੇ ਮੁੱਖ ਮਹਿਮਾਨ ਡਾ. ਜਸਵੀਰ ਗਿੱਲ ਸਨ ਅਤੇ ਪ੍ਰਧਾਨਗੀ ਡਾ. ਨਬੀਲਾ ਰਹਿਮਾਨ ਨੇ ਕੀਤੀ। ਡਾ. ਜਸਵੀਰ ਗਿੱਲ ਨੇ ਵਿਚਾਰ-ਚਰਚਾ ਲਈ ਵਿਦਵਾਨਾਂ ਦਾ ਸਵਾਗਤ ਕੀਤਾ। ਸੈਸ਼ਨ ਦੀ ਸੰਚਾਲਕਾ ਲਾਜ ਨੀਲਮ ਸੈਣੀ ਨੇ ਸਰੋਤਿਆਂ ਨੂੰ ਬਹੁਤ ਸੰਖੇਪ ਸ਼ਬਦਾਂ ਵਿਚ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਮੁੱਖ ਵਕਤਾ ਵਜੋਂ ਪੰਜਾਬੀ ਭਾਸ਼ਾ ਦੇ ਵਿਕਾਸ, ਇਸ ਦੇ ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰਾਂ ਅਤੇ ਵਿਦੇਸ਼ਾਂ ਵਿਚ ਪੰਜਾਬੀ ਦੇ ਭਵਿੱਖ ਬਾਰੇ ਵਿਚਾਰ ਪੇਸ਼ ਕੀਤੇ। ਪ੍ਰਧਾਨਗੀ ਮੰਡਲ ਵਿਚ ਸ਼ਾਮਲ ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਪਰਵਾਸ ਵਿਚ ਤਿੰਨ ਪੀੜ੍ਹੀਆਂ ਦੇ ਸੰਦਰਭ ਵਿਚ ਭਾਸ਼ਾ ਦੇ ਵਿਕਾਸ ਦੀ ਗੱਲ ਕੀਤੀ। ਸੁਖਵਿੰਦਰ ਕੰਬੋਜ ਨੇ ਇਤਿਹਾਸਕ ਸੰਦਰਭ ਵਿਚ ਪੰਜਾਬੀ ਬੋਲੀ ਬਾਰੇ ਗੱਲ ਕੀਤੀ। ਡਾ. ਮੋਨੋਜੀਤ ਨੇ ਜੰਮੂ ਕਸ਼ਮੀਰ ਵਿਚ ਪੰਜਾਬੀ ਨਾਲ ਵਿਤਕਰੇ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰੀ ਅੰਕੜਿਆਂ ਵਿਚ ਪੰਜਾਬੀ ਨੂੰ ਸਿਰਫ ਸਿੱਖਾਂ ਨਾਲ ਜੋੜ ਕੇ ਸੂਬੇ ਦੇ ਹੋਰ ਬਸ਼ਿੰਦਿਆਂ ਤੋਂ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਉਣ ਦਾ ਮੌਕਾ ਵੀ ਖੋਹ ਲਿਆ ਗਿਆ ਹੈ, ਹਾਲਾਂਕਿ ਸੂਬੇ ਵਿਚ ਬਹੁਤ ਸਾਰੇ ਲੋਕ ਪਹਿਲੀ ਜ਼ੁਬਾਨ ਵਜੋਂ ਪੰਜਾਬੀ ਬੋਲੀ ਬੋਲਦੇ ਹਨ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਨਬੀਲਾ ਰਹਿਮਾਨ ਨੇ ਕਿਹਾ ਕਿ ਦੋਹਾਂ ਪੰਜਾਬਾਂ ਵਿਚ ਹੀ ਪੰਜਾਬੀਆਂ ਵਲੋਂ ਆਪਣੀ ਮਾਂ ਬੋਲੀ ਨੂੰ ਅਪਣਾਉਣ ਤੋਂ ਪਾਸਾ ਵੱਟਣ ਨਾਲ ਨੁਕਸਾਨ ਤਾਂ ਹੋਇਆ ਹੈ ਪਰ ਹਾਲੇ ਵੀ ਲਹਿੰਦੇ ਪੰਜਾਬ ਵਿਚ ਆਮ ਲੋਕ ਪੰਜਾਬੀ ਬੋਲਦੇ ਹਨ, ਕਾਲਜਾਂ ਵਿਚ ਪੰਜਾਬੀ ਵਿਸ਼ੇ ਵਜੋਂ ਪੜਾਈ ਜਾ ਰਹੀ ਹੈ ਅਤੇ ਕੋਸ਼ਿਸ਼ ਹੈ ਕਿ ਪ੍ਰਾਇਮਰੀ ਸਕੂਲ ਤੋਂ ਬੱਚੇ ਆਪਣੀ ਮਾਂ ਬੋਲੀ ਪੜ੍ਹਨੀ ਸ਼ੁਰੂ ਕਰਨ, ਉਨ੍ਹਾਂ ਉਮੀਦ ਪ੍ਰਗਟਾਈ ਕਿ ਅਜਿਹਾ ਸੰਭਵ ਹੈ। ਹਰਜਿੰਦਰ ਕੰਗ, ਅਮਰਜੀਤ ਕੌਰ ਪੰਨੂੰ ਅਤੇ ਕਰਨੈਲ ਸਿੰਘ ਕੈਲ ਨੇ ਵੀ ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਸ਼ਮੂਲੀਅਤ ਕੀਤੀ।
ਕਾਨਫ਼ਰੰਸ ਦਾ ਦੂਜਾ ਸੈਸ਼ਨ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਸਾਂਝੇ ਇਤਿਹਾਸ ਅਤੇ ਚੁਣੌਤੀਆਂ ਨਾਲ ਸਬੰਧਤ ਸੀ। ਇਸ ਸੈਸ਼ਨ ਵਿਚ ਮੁੱਖ-ਵਕਤਾ ਲਹਿੰਦੇ ਪੰਜਾਬ ਤੋਂ ਓਰੀਐਂਟਲ ਕਾਲਜ ਲਾਹੌਰ ਦੀ ਪ੍ਰਿੰਸੀਪਲ ਡਾ. ਨਬੀਲਾ ਰਹਿਮਾਨ ਸਨ। ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਪ੍ਰੋ. ਹਰਿੰਦਰ ਕੌਰ ਸੋਹੀ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਈ। ਸੈਸ਼ਨ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ ਅਤੇ ਮੁਖੀ ਡਾਕਟਰ ਰਾਜੇਸ਼ ਸ਼ਰਮਾ ਸਨ। ਡਾਕਟਰ ਨਬੀਲਾ ਰਹਿਮਾਨ ਨੇ ਸਾਂਝੇ ਪੰਜਾਬ ਅਤੇ ਪਾਕਿਸਤਾਨ ਵਿਚ ਵੰਡ ਤੋਂ ਬਾਅਦ ਲਿਖੀ ਗਈ ਗਜ਼ਲ ਅਤੇ ਕਵਿਤਾ ਨੂੰ ਆਧਾਰ ਬਣਾ ਕੇ ਪੰਜਾਬੀ ਦੇ ਇਤਿਹਾਸ, ਵਿਕਾਸ ਅਤੇ ਚੁਣੌਤੀਆਂ ਨੂੰ ਬਾਖੂਬੀ ਪੇਸ਼ ਕੀਤਾ।
ਇਸ ਸੈਸ਼ਨ ਵਿਚ ਪ੍ਰੋਫੈਸਰ ਸੁਰਿੰਦਰ ਸਿੰਘ ਸੀਰਤ, ਭੁਪਿੰਦਰ ਮੱਲ੍ਹੀ, ਕੈਲੀਫੋਰਨੀਆ ਤੋਂ ਆਸ਼ਾ ਸ਼ਰਮਾ ਨੇ ਵੀ ਇਸ ਵਿਸ਼ੇ ‘ਤੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਇਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਕਵਿੱਤਰੀ ਸੁਰਜੀਤ ਸਖੀ ਅਤੇ ਡਾ. ਰਾਮ ਸਿੰਘ ਹਾਜ਼ਰਾ ਵੀ ਸ਼ਾਮਲ ਸਨ। ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਡਾ. ਆਤਮ ਸਿੰਘ ਰੰਧਾਵਾ ਨੇ ਦੋਵਾਂ ਪੰਜਾਬਾਂ ਦੇ ਖਿੱਤਿਆਂ ‘ਚ ਪੰਜਾਬੀ ਭਾਸ਼ਾ ਲਈ ਹੋ ਰਹੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਆਖੀਰ ਵਿਚ ਪ੍ਰੋ. ਸੋਹੀ ਨੇ ਸਾਰੇ ਬੁਲਾਰਿਆਂ ਦਾ ਸੁਚੱਜੀ ਤੇ ਸਾਰਥਕ ਪੇਸ਼ਕਾਰੀ ਲਈ ਧੰਨਵਾਦ ਕੀਤਾ।
ਤੀਜਾ ਸੈਸ਼ਨ ‘ਸਾਹਿਤ ਅਤੇ ਸਾਹਿਤਕਾਰ – ਜਿੱਥੇ ਭਾਸ਼ਾ ਦੀ ਤਕਦੀਰ ਬਦਲਦੀ ਹੈ’ ਵਿਸ਼ੇ ‘ਤੇ ਕੇਂਦਰਿਤ ਰਿਹਾ। ਪ੍ਰਸਿੱਧ ਸ਼ਾਇਰ ਜਸਵਿੰਦਰ ਇਸ ਸੈਸ਼ਨ ਦੇ ਮੁੱਖ ਮਹਿਮਾਨ ਸਨ, ਜਦਕਿ ਪ੍ਰਧਾਨਗੀ ਡਾ. ਗੁਰਪ੍ਰੀਤ ਧੁੱਗਾ ਨੇ ਕੀਤੀ। ਮੁੱਖ ਬੁਲਾਰੇ ਡਾ. ਰਾਜੇਸ਼ ਸ਼ਰਮਾ, ਅਮਰੀਕੀ ਪੰਜਾਬੀ ਆਲੋਚਕ ਬਲਜਿੰਦਰ ਸਵੈਚ, ਡਾ. ਗੁਰਪ੍ਰੀਤ ਧੁੱਗਾ ਅਤੇ ਹਰਜਿੰਦਰ ਕੰਗ ਨੇ ਕਈ ਅਹਿਮ ਪੱਖਾਂ ‘ਤੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਰਾਜਵੰਤ ਰਾਜ, ਗੁਲਸ਼ਨ ਦਿਆਲ, ਦਿਲ ਨਿੱਜਰ, ਅਮਰ ਸੂਫ਼ੀ ਅਤੇ ਹਰਪ੍ਰੀਤ ਕੌਰ ਧੂਤ ਵੀ ਸ਼ਾਮਲ ਹੋਏ।
ਚੌਥਾ ਸੈਸ਼ਨ ‘ਨਵੀਂ ਪੀੜ੍ਹੀ ਅਤੇ ਅਮਰੀਕਾ ਵਿਚ ਪੰਜਾਬੀ ਭਾਸ਼ਾ ਦਾ ਪ੍ਰਸਾਰ ਅਤੇ ਸਿੱਖਿਆ’ ਵਿਸ਼ੇ ਨੂੰ ਸਮਰਪਿਤ ਸੀ। ਇਸ ਦੇ ਮੁੱਖ ਮਹਿਮਾਨ ਬਲਵਿੰਦਰ ਸਿੰਘ (ਲਾਲੀ) ਧਨੋਆ ਸਨ ਅਤੇ ਪ੍ਰਧਾਨਗੀ ਡਾ. ਪਿਆਰਾ ਸਿੰਘ ਕੁੱਦੋਵਾਲ ਨੇ ਕੀਤੀ। ਇਸ ਸੈਸ਼ਨ ਦੀ ਵਿਸ਼ੇਸ਼ਤਾ ਇਹ ਰਹੀ ਕਿ ਨਵੀਂ ਪੀੜ੍ਹੀ ਨਾਲ ਸਬੰਧਤ ਬੱਚਿਆਂ, ਅਸੀਸ ਕੌਰ, ਨਵਨੂਰ ਕੌਰ ਅਤੇ ਹਰਮੇਹਰ ਕੌਰ ਨੇ ਖੁਦ ਪੰਜਾਬੀ ਭਾਸ਼ਾ ਸਿੱਖਣ ਦੇ ਆਪਣੇ ਤਜ਼ਰਬੇ ਬਾਰੇ ਵਿਚਾਰ ਸਾਂਝੇ ਕੀਤੇ। ਸੈਸ਼ਨ ਦੇ ਸੰਚਾਲਕ ਜਗਜੀਤ ਨੌਸ਼ਹਿਰਵੀ ਵਲੋਂ ਨਵਨੂਰ ਕੌਰ ਨਾਲ ਗੱਲਬਾਤ ਦੌਰਾਨ ਕਈ ਨੁਕਤੇ ਸਾਹਮਣੇ ਆਏ। ਅਸੀਸ ਕੌਰ ਨੇ ਪੰਜਾਬੀ ਕਵਿਤਾ ਗਾ ਕੇ ਸੁਣਾਈ ਅਤੇ ਹਰਮੇਹਰ ਨੇ ਬਹੁਤ ਖੂਬਸੂਰਤ ਲਿਖਾਈ ਵਿਚ ਲਿਖ ਕੇ ਪੰਜਾਬੀ ਮਾਂ ਬੋਲੀ ਸਿੱਖਣ ਦੀ ਪ੍ਰੇਰਣਾ ਬਾਰੇ ਆਪਣੇ ਨਾਨਾ ਜੀ ਅਤੇ ਬਾਕੀ ਪਰਿਵਾਰ ਦੀ ਭੂਮਿਕਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਦਲਜੀਤ ਸਰਾ, ਮਨਜੀਤ ਕੌਰ ਸੇਖੋਂ, ਬਲਬੀਰ ਸਿੰਘ ਐੱਮ.ਏ., ਅਸ਼ੋਕ ਭੌਰਾ ਅਤੇ ਪੰਜਾਬੀ ਰੇਡੀਓ ਹੋਸਟ ਮਸੂਦ ਮੱਲ੍ਹੀ ਨੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਅਹਿਮੀਅਤ ਬਾਰੇ ਆਪੋ-ਆਪਣੇ ਵਿਚਾਰ ਰੱਖੇ। ਜਗਜੀਤ ਨੌਸ਼ਹਿਰਵੀ ਨੇ ਕਿਹਾ ਕਿ ਇੰਗਲੈਂਡ ਵਿਚ ਸਭ ਤੋਂ ਪਹਿਲਾਂ ਪੰਜਾਬੀਆਂ ਪਰਵਾਸ ਕੀਤਾ ਪਰ ਉਨ੍ਹਾਂ ਦੀ ਚੌਥੀ ਪੀੜ੍ਹੀ ਪੰਜਾਬੀ ਤੋਂ ਦੂਰ ਹੋ ਗਈ ਸੀ ਪਰ ਅੱਜ ਦੇ ਪ੍ਰਵਾਸੀਆਂ ਕੋਲ ਨਵਾਂ ਮੀਡੀਆ, ਸੁਖਾਲੀ ਲਿਪੀਆਂਤਰ ਦੀ ਸਹੂਲਤ, ਸੰਗੀਤ/ਵੀਡੀਓ ਅਤੇ ਪੰਜਾਬ ਨਾਲ ਸੰਚਾਰ ਦੇ ਸਸਤੇ ਸਾਧਨ ਹਨ, ਇਸ ਲਈ ਪੰਜਾਬੀ ਬਿਲਕੁਲ ਭੁੱਲ ਜਾਣ ਦਾ ਏਨਾ ਖਤਰਾ ਨਹੀਂ।
ਵਿਪਸਾ ਦੇ ਮੋਢੀ ਮੈਂਬਰ ਮਸ਼ਹੂਰ ਗਾਇਕ ਸੁਖਦੇਵ ਸਾਹਿਲ ਨੂੰ ਉਨ੍ਹਾਂ ਦੇ ਪੰਜਾਬੀ ਸੰਗੀਤ ਵਿਚ ਪਾਏ ਗਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਵਿਪਸਾ ਉਸ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੀ ਹੈ।
ਕਾਨਫ਼ਰੰਸ ਦੇ ਅੰਤ ਵਿਚ ਵਿਸ਼ਾਲ ਕਵੀ ਦਰਬਾਰ ਹੋਇਆ। ਇਸ ਕਵੀ ਦਰਬਾਰ ਵਿਚ ਮੁਕੇਸ਼ ਸ਼ਰਮਾ, ਗੁਰਪ੍ਰੀਤ ਸੋਹਲ (ਸਿਆਟਲ), ਲਖਵਿੰਦਰ ਕੌਰ ਲੱਕੀ, ਨਛੱਤਰ ਭੋਗਲ (ਇੰਗਲੈਂਡ), ਸੰਤੋਖ ਸਿੰਘ ਮਿਨਹਾਸ, ਅਮਰਜੀਤ ਸਿੰਘ ਜੌਹਲ, ਅਮਰਜੀਤ ਕੌਰ ਪੰਨੂੰ, ਅਮਰ ਸੂਫ਼ੀ, ਹਰਿੰਦਰ ਕੌਰ ਸੋਹੀ, ਪਿਆਰਾ ਸਿੰਘ ਕੁੱਦੋਵਾਲ, ਬਲਦੇਵ ਬਾਵਾ, ਡਾ. ਬਿਕਰਮ ਸੋਹੀ, ਹਰਪ੍ਰੀਤ ਕੌਰ ਧੂਤ, ਕੁਲਵੰਤ ਸੇਖੋਂ, ਮਨਦੀਪ ਗੋਰਾ, ਦਿਲ ਨਿੱਜਰ, ਹਰਜੀਤ ਹਠੂਰ, ਗਗਨਦੀਪ ਮਾਹਲ, ਅੰਜੂ ਮੀਰਾ, ਹਰਜਿੰਦਰ ਮੱਟੂ, ਰਾਜਵੰਤ ਰਾਜ, ਹਰਜਿੰਦਰ ਕੰਗ, ਡਾ. ਅੰਬਰੀਸ਼, ਸੁਰਜੀਤ ਸਖੀ, ਹਰਦਮ ਮਾਨ, ਸੁਖਵਿੰਦਰ ਕੰਬੋਜ, ਸੁਰਿੰਦਰ ਸੀਰਤ, ਜਸਵੀਰ ਗਿੱਲ, ਤਾਹਿਰਾ ਸਰਾ ਅਤੇ ਸ਼ਾਇਰ ਜਸਵਿੰਦਰ ਨੇ ਆਪਣੀਆਂ ਗ਼ਜ਼ਲਾਂ, ਨਜ਼ਮਾਂ ਅਤੇ ਗੀਤਾਂ ਰਾਹੀਂ ਬੌਧਿਕ ਮਾਹੌਲ ‘ਚ ਕਾਵਿਕ ਰਸ ਘੋਲ ਦਿੱਤਾ।
ਇਸ ਤੋਂ ਇਲਾਵਾ ਕਾਕਾ ਕਲੇਰ, ਸੁੱਖ ਗਿੱਲ, ਆਜ਼ੀਮ ਤੱਤਲਾ, ਗੁਲਸ਼ਨ ਦਿਆਲ, ਕਰਨੈਲ ਸਿੰਘ ਕੈਲ, ਐਸ਼ ਕਮ ਐਸ਼, ਚਰਨਜੀਤ ਸਿੰਘ ਪੰਨੂ, ਗੁਰਦੀਪ ਕਲਾਲਵਾਲਾ, ਜਸਵੰਤ ਸ਼ਾਦ, ਤਾਰਾ ਸਿੰਘ ਸਾਗਰ, ਕੁਲਵਿੰਦਰ ਬਾਠ, ਮਨਜੀਤ ਕੌਰ ਸੇਖੋਂ, ਜੋਤ ਰਣਜੀਤ ਜੋਤ, ਹਰਜੀਤ ਹਮਸਫ਼ਰ, ਡਾ. ਗੁਰਪ੍ਰੀਤ ਧੁੱਗਾ, ਪੰਕਜ ਆਂਸਲ, ਸਤਨਾਮ ਸਿੰਘ ਖਾਲਸਾ (ਸਾਡੇ ਲੋਕ), ਜਗਤਾਰ ਗਿੱਲ, ਸ਼ਾਇਰ ਕੁਲਵਿੰਦਰ, ਜਗਜੀਤ ਨੌਸ਼ਹਿਰਵੀ ਅਤੇ ਲਾਜ ਨੀਲਮ ਸੈਣੀ ਵੀ ਇਸ ਮੌਕੇ ਹਾਜ਼ਰ ਸਨ।
ਮਕਬੂਲ ਪੰਜਾਬੀ ਸ਼ਾਇਰਾ ਤਾਹਿਰਾ ਸਰਾ ਕਵੀ ਦਰਬਾਰ ਦੇ ਮੁੱਖ ਮਹਿਮਾਨ ਸਨ ਅਤੇ ਕੈਨੇਡਾ ਤੋਂ ਸ਼ਾਇਰ ਜਸਵਿੰਦਰ ਨੇ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ। ਪ੍ਰਧਾਨਗੀ ਮੰਡਲ ਵਿਚ ਕੁਲਵਿੰਦਰ, ਸੁਰਿੰਦਰ ਸੀਰਤ, ਸੁਰਜੀਤ ਸਖੀ, ਸੁਖਵਿੰਦਰ ਕੰਬੋਜ, ਰਾਜਵੰਤ ਰਾਜ, ਡਾ. ਅੰਬਰੀਸ਼ ਅਤੇ ਹਰਦਮ ਮਾਨ ਸ਼ਾਮਲ ਹੋਏ।
ਇਸ ਮੌਕੇ ਕੁਝ ਅਹਿਮ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ ਅਤੇ ਆਏ ਹੋਏ ਵਿਦਵਾਨਾਂ ਤੇ ਸਾਹਿਤਕਾਰਾਂ ਦਾ ਵਿਸ਼ੇਸ਼ ਮਾਣ-ਸਨਮਾਨ ਕੀਤਾ ਗਿਆ। ਕਾਨਫਰੰਸ ਦੀ ਸਫ਼ਲਤਾ ਪਿੱਛੇ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਸ਼ਾਇਰ ਕੁਲਵਿੰਦਰ, ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ, ਲਾਜ ਨੀਲਮ ਸੈਣੀ, ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਹਰਜਿੰਦਰ ਕੰਗ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਤੋਂ ਇਲਾਵਾ ਵਿਪਸਾ ਦੇ ਸਰਗਰਮ ਮੈਂਬਰਾਂ ਅਤੇ ਸਹਿਯੋਗੀਆਂ ਸੁਰਜੀਤ ਸਖੀ, ਸੁਰਿੰਦਰ ਸੀਰਤ, ਸੰਦੀਪ ਕੌਰ, ਕੰਵਲਦੀਪ ਕੌਰ, ਵਿਜੈ ਸਿੰਘ, ਧਰਮਿੰਦਰ ਸਿੰਘ, ਮੁਕੇਸ਼ ਸ਼ਰਮਾ, ਰਿੰਮੀ ਸੰਧੂ, ਜੋਤੀ ਸਵੈਚ, ਡਾ. ਬਿਕਰਮ ਸੋਹੀ ਅਤੇ ਮਹਿੰਗਾ ਸਿੰਘ ਸਰਪੰਚ ਨੇ ਕਾਨਫ਼ਰੰਸ ਦੀ ਸਫਲਤਾ ਲਈ ਵਿਸ਼ੇਸ਼ ਸਹਿਯੋਗ ਦਿੱਤਾ। ਵਿਪਸਾ ਦੇ ਸਹਿਯੋਗੀਆਂ ਅਤੇ ਸਪਾਂਸਰਾਂ ਡਾ. ਜਸਵੀਰ ਗਿੱਲ, ਪ੍ਰੋ. ਸੁਖਦੇਵ ਸਿੰਘ, ਮੱਖਣ ਸਿੰਘ ਬੈਂਸ ਅਤੇ ਸ. ਰਵਿੰਦਰ ਸਿੰਘ ਖਾਲਸਾ (ਰਾਜਾ ਸਵੀਟਸ), ਡਾ. ਸਰਬ ਹੁੰਦਲ, ਸੁਰਿੰਦਰ ਸਿੰਘ ਧਨੋਆ, ਪ੍ਰੋ. ਬਲਵਿੰਦਰ ਲਾਲੀ ਧਨੋਆ, ਬਲਜਿੰਦਰ ਸਵੈਚ, ਡਾ. ਗੁਰਪ੍ਰੀਤ ਧੁੱਗਾ, ਲਵਪ੍ਰੀਤ ਸਿੰਘ ਪੰਨੂੰ ਅਤੇ ਡਾ. ਅਜੀਤਪਾਲ ਸੰਧੂ ਨੇ ਇਸ ਕਾਨਫ਼ਰੰਸ ਨੂੰ ਸਫਲ ਬਨਾਉਣ ਲਈ ਵਿਪਸਾ ਦੀ ਵੱਡੀ ਆਰਥਿਕ ਮਦਦ ਕੀਤੀ। ਪੰਜਾਬੀ ਰੇਡੀਓ ਯੂ.ਐੱਸ.ਏ. ਦੇ ਸ. ਹਰਜੋਤ ਸਿੰਘ ਖਾਲਸਾ, ਬਲਵਿੰਦਰ ਕੌਰ ਖਾਲਸਾ ਅਤੇ ਮਸੂਦ ਮੱਲ੍ਹੀ ਨੇ ਇਸ ਕਾਨਫ਼ਰੰਸ ਵਿਚ ਖ਼ਾਸ ਸਹਿਯੋਗ ਦਿੱਤਾ। ਸਿਤਾਰੇ ਟੀ.ਵੀ., ਜੋਤ ਰਣਜੀਤ ਜੋਤ, ਹਰਦਮ ਮਾਨ ਅਤੇ ਜਸਵੀਰ ਸਿਘ ਭੰਵਰਾ ਨੇ ਕਾਨਫ਼ਰੰਸ ਦੀ ਲਗਾਤਾਰ ਕਵਰੇਜ਼ ਕੀਤੀ।
ਸਮੁੱਚੇ ਤੌਰ ‘ਤੇ ਇਹ ਕਾਨਫਰੰਸ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਸ਼ਵ ਪੱਧਰੀ ਸਰੋਕਾਰਾਂ ਨੂੰ ਸਮਝਣ, ਦੋਵਾਂ ਪੰਜਾਬਾਂ ਦੀ ਸਾਂਝੀ ਭਾਸ਼ਾਈ ਵਿਰਾਸਤ ਨੂੰ ਯਾਦ ਕਰਨ ਅਤੇ ਵਿਦੇਸ਼ਾਂ ਵਿਚ ਪਲ ਰਹੀ ਨਵੀਂ ਪੀੜ੍ਹੀ ਨਾਲ ਪੰਜਾਬੀ ਦਾ ਰਿਸ਼ਤਾ ਹੋਰ ਮਜ਼ਬੂਤ ਕਰਨ ਵੱਲ ਇੱਕ ਸਾਰਥਕ ਉਪਰਾਲਾ ਸਾਬਤ ਹੋਈ।