#CANADA

ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਯੂਰਪੀਅਨ ਯੂਨੀਅਨ ਦਾ ਸਹਾਇਕ ਮੈਂਬਰ ਬਣਨ ਦੀ ਸਹਿਮਤੀ ਤੋਂ ਬਾਅਦ ਅਮਰੀਕਾ ‘ਚ ਵੱਡੀ ਸਿਆਸੀ ਹਿੱਲਜੁਲ

-ਟੈਰਿਫ ਨੀਤੀਆਂ ਕਾਰਨ ਅਮਰੀਕਾ-ਕੈਨੇਡਾ ਵਪਾਰ ‘ਚ ਖੜੋਤ
ਵੈਨਕੂਵਰ, 18 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਯੂਰਪੀਅਨ ਯੂਨੀਅਨ ਦਾ ਸਹਾਇਕ ਮੈਂਬਰ ਬਣਨ ਦੀ ਸਹਿਮਤੀ ਵਿਖਾਏ ਜਾਣ ਤੋਂ ਬਾਅਦ ਅਮਰੀਕਾ ਵਿਚ ਵੱਡੀ ਸਿਆਸੀ ਹਿੱਲਜੁਲ ਵਿਖਾਈ ਦੇਣ ਲੱਗੀ ਹੈ। ਅਮਰੀਕਾ ਦੇ ਕਈ ਸੈਨੇਟਰਾਂ ਸਮੇਤ ਵੱਡੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਅਜਿਹੇ ਕਦਮਾਂ ਬਾਰੇ ਸੋਚਣ ਪਿੱਛੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫ ਨੀਤੀਆਂ ਅਤੇ ਬੇਲੋੜੀ ਬੋਲਚਾਲ ਜ਼ਿੰਮੇਵਾਰ ਹਨ। ਟੈਰਿਫਾਂ ਕਾਰਨ ਅਮਰੀਕਾ ਤੇ ਕੈਨੇਡਾ ਦੇ ਵਪਾਰਕ ਸਬੰਧਾਂ ਵਿਚ ਵੱਡੀ ਖੜੋਤ ਆਉਣ ਕਰਕੇ ਦੋਹਾਂ ਦੇਸ਼ਾਂ ਦੇ ਉਤਪਾਦਕਾਂ ਲਈ ਔਕੜਾਂ ਖੜ੍ਹੀਆਂ ਹੋ ਰਹੀਆਂ ਹਨ, ਕਿਉਂਕਿ ਦੋਹਾਂ ਦੇਸ਼ਾਂ ਦੇ ਉਤਪਾਦਨਾਂ ਦੀ ਵੱਡੀ ਮੰਗ ਵੀ ਦੋਹਾਂ ਦੇਸ਼ਾਂ ਵਿਚ ਹੀ ਹੈ ਅਤੇ ਇਹ ਸਿਲਸਿਲਾ ਕਈ ਦਹਾਕਿਆਂ ਤੋਂ ਚੱਲ ਰਿਹਾ ਸੀ।
ਵੀਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣਾ ਇਰਾਦਾ ਸਪੱਸ਼ਟ ਕਰਦੇ ਹੋਏ ਕਿਹਾ ਕਿ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਵਿਚ ਕੋਈ ਇਤਰਾਜ਼ ਨਹੀਂ, ਪਰ ਇਸ ਵਾਸਤੇ ਉਹ ਕੈਨੇਡੀਅਨ ਲੋਕਾਂ ਦੀ ਸਹਿਮਤੀ ਜ਼ਰੂਰ ਲੈਣਗੇ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿਚ ਉਹ ਪਾਰਲੀਮੈਂਟ ਮੈਂਬਰਾਂ ਦੀ ਰਾਏ ਲੈ ਕੇ ਹੀ ਇਸ ਮਾਮਲੇ ‘ਤੇ ਅੱਗੇ ਵਧਣਗੇ। ਪਰ ਕੈਨੇਡਾ ਸੰਸਦ ਵਿਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਇਲੀਵਰ ਨੇ ਮਾਰਕ ਕਾਰਨੀ ਦੇ ਯੂਰਪੀਅਨ ਯੂਨੀਅਨ ਦੀ ਸਹਾਇਕ ਮੈਂਬਰੀ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਭਵਿੱਖ ਵਿਚ ਇਸ ਦੇ ਨਤੀਜੇ ਘਾਤਕ ਹੋਣ ਦੀ ਚਿੰਤਾ ਪ੍ਰਗਟਾਈ ਹੈ। ਕੈਨੇਡਾ ਦੇ ਵਪਾਰਕ ਅਦਾਰਿਆਂ ਵੱਲੋਂ ਯੂਰਪੀਅਨ ਯੂਨੀਅਨ ਨਾਲ ਸਬੰਧਾਂ ਨੂੰ ਮਜ਼ਬੂਤ ਕੀਤੇ ਜਾਣ ਸਬੰਧੀ ਪ੍ਰਧਾਨ ਮੰਤਰੀ ਦੇ ਇਰਾਦੇ ਦਾ ਸਮਰਥਨ ਕੀਤਾ ਜਾਣ ਲੱਗਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੈਂਬਰੀ ਨੂੰ ਅਮਰੀਕੀ ਰਾਸ਼ਟਰਪਤੀ ਵੱਲੋਂ ਕੈਨੇਡਾ ਨਾਲ ਵਪਾਰਕ ਸਬੰਧਾਂ ਉੱਤੇ ਟੈਰਿਫ ਰੋਕਾਂ ਲਾਉਣ ਤੋਂ ਬਾਅਦ ਕੈਨੇਡਾ ਨੂੰ ਆਪਣੀ ਮੰਡੀ ਲੱਭਣ ਦੇ ਯਤਨ ਵਜੋਂ ਵੇਖਿਆ ਜਾਣਾ ਚਾਹੀਦਾ ਹੈ, ਜੋ ਕਿ ਜ਼ਰੂਰੀ ਵੀ ਹੈ।