-ਨੌਕਰੀ ਤੇ ਵੀਜ਼ਾ ਦਿਵਾਉਣ ਦੇ ਝਾਂਸੇ ਤੋਂ ਬਚਣ ਦੀ ਸਲਾਹ
ਟੋਰਾਂਟੋ, 6 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੀ ਇਮੀਗ੍ਰੇਸ਼ਨ ਸੰਸਥਾ (ਆਈ.ਆਰ.ਸੀ.ਸੀ.) ਨੇ ਵੀਜ਼ਾ ਲਵਾਉਣ ਵਾਲਿਆਂ ਅਤੇ ਕੈਨੇਡਾ ‘ਚ ਨਵੇਂ ਆਏ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਲਈ ਕਿਹਾ ਹੈ। ਠੱਗ ਏ.ਆਈ. ਦੀ ਵਰਤੋਂ ਕਰਕੇ ਸਰਕਾਰੀ ਅਫ਼ਸਰਾਂ ਦੀਆਂ ਨਕਲੀ ਵੀਡੀਓਜ਼ ਅਤੇ ਆਵਾਜ਼ਾਂ ਤਿਆਰ ਕਰ ਰਹੇ ਹਨ, ਤਾਂ ਜੋ ਲੋਕਾਂ ਨੂੰ ਅਸਲੀ ਹੋਣ ਦਾ ਭੁਲੇਖਾ ਪਾਇਆ ਜਾ ਸਕੇ।
ਇਹ ਚਿਤਾਵਨੀ ਪੰਜਾਬ ਦੇ ਕੁਝ ਲੋਕਾਂ ਨਾਲ ਹੋਈ ਠੱਗੀ ਤੋਂ ਬਾਅਦ ਜਾਰੀ ਕੀਤੀ ਗਈ ਹੈ। ਠੱਗਾਂ ਨੇ ਕੈਨੇਡਾ ਵਿਚ ਪੱਕੀ ਨੌਕਰੀ ਅਤੇ ਵੀਜ਼ਾ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਮੋਟੀਆਂ ਰਕਮਾਂ ਠੱਗ ਲਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਲੋਕਾਂ ਨੂੰ ਕੈਨੇਡਾ ਦੇ ਨਿਯਮਾਂ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ, ਜਿਸ ਦਾ ਫਾਇਦਾ ਠੱਗ ਚੁੱਕ ਰਹੇ ਹਨ।
ਠੱਗ ਅਕਸਰ ਸਰਕਾਰੀ ਅਫ਼ਸਰ ਬਣ ਕੇ ਫੋਨ ਕਰਦੇ ਹਨ, ਈ-ਮੇਲ ਜਾਂ ਮੈਸੇਜ ਭੇਜਦੇ ਹਨ ਅਤੇ ਟੈਕਸ ਜਾਂ ਫੀਸ ਦੇ ਨਾਂ ‘ਤੇ ਡਰਾ ਕੇ ਪੈਸੇ ਮੰਗਦੇ ਹਨ। ਆਈ.ਆਰ.ਸੀ.ਸੀ. ਨੇ ਸਾਫ਼ ਕੀਤਾ ਹੈ ਕਿ ਕੋਈ ਵੀ ਏਜੰਟ ਜਾਂ ਵਿਅਕਤੀ ਪੱਕੀ ਨੌਕਰੀ, ਵੀਜ਼ਾ ਜਾਂ ਪੀ.ਆਰ (ਪੱਕੀ ਰਿਹਾਇਸ਼) ਦਿਵਾਉਣ ਦੀ ਗਾਰੰਟੀ ਨਹੀਂ ਦੇ ਸਕਦਾ। ਵੀਜ਼ਾ ਦੇਣ ਦਾ ਫੈਸਲਾ ਸਿਰਫ਼ ਕੈਨੇਡਾ ਦੇ ਸਰਕਾਰੀ ਇਮੀਗ੍ਰੇਸ਼ਨ ਅਫ਼ਸਰ ਹੀ ਕਰ ਸਕਦੇ ਹਨ।
ਵਿਭਾਗ ਨੇ ਦੱਸਿਆ ਕਿ ਵੀਜ਼ਾ ਫੀਸ ਸਿਰਫ਼ ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ‘ਤੇ ਹੀ ਜਮ੍ਹਾਂ ਹੁੰਦੀ ਹੈ। ਸਰਕਾਰੀ ਕਰਮਚਾਰੀ ਕਦੇ ਵੀ ਕਿਸੇ ਦੇ ਨਿੱਜੀ ਬੈਂਕ ਖਾਤੇ ‘ਚ ਪੈਸੇ ਪਵਾਉਣ ਲਈ ਨਹੀਂ ਕਹਿੰਦੇ ਅਤੇ ਨਾ ਹੀ ਡਿਪੋਰਟ (ਵਾਪਸ ਭੇਜਣ) ਦੀ ਧਮਕੀ ਦਿੰਦੇ ਹਨ। ਇਸ ਤੋਂ ਇਲਾਵਾ, ਸਰਕਾਰੀ ਅਫ਼ਸਰ ਕਦੇ ਵੀ ਜੀਮੇਲ, ਹੌਟਮੇਲ ਜਾਂ ਯਾਹੂ ਵਰਗੀਆਂ ਆਮ ਈ-ਮੇਲਾਂ ਦੀ ਵਰਤੋਂ ਨਹੀਂ ਕਰਦੇ।
ਕੈਨੇਡਾ ਵੀਜ਼ੇ ਦੇ ਨਾਂ ‘ਤੇ ਹੋ ਰਹੀਆਂ ਠੱਗੀਆਂ ਵਿਰੁੱਧ ਆਈ.ਆਰ.ਸੀ.ਸੀ. ਵੱਲੋਂ ਚਿਤਾਵਨੀ

