ਵਿਨੀਪੈੱਗ, 15 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਵਕੀਲ ਰਾਜ ਗਰੇਵਾਲ ਇੱਕ ਵਾਰ ਫਿਰ ਗੰਭੀਰ ਕਾਨੂੰਨੀ ਵਿਵਾਦਾਂ ਵਿਚ ਘਿਰ ਗਏ ਹਨ। ਓਨਟਾਰੀਓ ਦੀ ਕਾਨੂੰਨੀ ਨਿਗਰਾਨ ਸੰਸਥਾ ਲਾਅ ਸੁਸਾਇਟੀ ਆਫ਼ ਓਨਟਾਰੀਓ (ਐੱਲ.ਐੱਸ.ਓ.) ਨੇ ਉਨ੍ਹਾਂ ਦਾ ਵਕਾਲਤ ਦਾ ਲਾਇਸੈਂਸ ਮੁਅੱਤਲ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਹੈ। ਸੰਸਥਾ ਦਾ ਕਹਿਣਾ ਹੈ ਕਿ ਗਰੇਵਾਲ ਖ਼ਿਲਾਫ਼ ਟਰੱਸਟ ਫ਼ੰਡਾਂ ਦੀ ਕਥਿਤ ਦੁਰਵਰਤੋਂ, ਧੋਖਾਧੜੀ ਵਿਚ ਸ਼ਮੂਲੀਅਤ ਅਤੇ ਪੇਸ਼ੇਵਾਰ ਇਮਾਨਦਾਰੀ ਦੇ ਮਾਪਦੰਡਾਂ ਦੀ ਉਲੰਘਣਾ ਸਬੰਧੀ ਜਾਂਚ ਚੱਲ ਰਹੀ ਹੈ। ਮਾਮਲੇ ਦੀ ਮੁੱਢਲੀ ਸੁਣਵਾਈ ਸੋਮਵਾਰ ਨੂੰ ਲਾਅ ਸੁਸਾਇਟੀ ਟ੍ਰਿਬਿਊਨਲ ਵਿਚ ਹੋਣੀ ਹੈ।
ਗਰੇਵਾਲ, ਉਨ੍ਹਾਂ ਵੱਲੋਂ ਸਥਾਪਤ ਕੀਤੀ ਗਈ ਆਰ.ਐੱਸ.ਜੀ. ਲਾਅ ਫ਼ਰਮ, ਪਰਿਵਾਰਕ ਮੈਂਬਰਾਂ ਅਤੇ ਕਾਰੋਬਾਰੀ ਸਹਿਯੋਗੀਆਂ ਖ਼ਿਲਾਫ਼ ਇਸ ਵੇਲੇ 20 ਤੋਂ ਵੱਧ ਸਿਵਲ ਕੇਸ ਵੱਖ-ਵੱਖ ਅਦਾਲਤਾਂ ਵਿਚ ਚੱਲ ਰਹੇ ਹਨ। ਇਨ੍ਹਾਂ ਵਿਚ ਕਰੋੜਾਂ ਡਾਲਰ ਦੇ ਕਰਜ਼ਿਆਂ ਅਤੇ ਮਾਰਟਗੇਜ ਦੀ ਅਦਾਇਗੀ ਨਾ ਕਰਨ, ਟਰੱਸਟ ਵਿਚ ਰੱਖੀ ਗਈ ਰਕਮ ਦੀ ਕਥਿਤ ਹੇਰਾਫੇਰੀ, ਜਾਇਦਾਦ ਸੁਰੱਖਿਆ ਰਿਕਾਰਡਾਂ ਵਿਚ ਤਬਦੀਲੀਆਂ ਕਰਨ ਅਤੇ ਨਿਵੇਸ਼ਕਾਂ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਵਰਗੇ ਦੋਸ਼ ਲਗਾਏ ਗਏ ਹਨ।
ਇੱਕ ਮਾਮਲੇ ਵਿਚ ਬੈਂਕ ਆਫ਼ ਨੋਵਾ ਸਕੋਸ਼ੀਆ ਨੇ ਦੋਸ਼ ਲਾਇਆ ਕਿ ਟੀ.ਡੀ. ਬੈਂਕ ਦੇ ਤਿੰਨ ਜਾਅਲੀ ਚੈੱਕਾਂ, ਜਿਨ੍ਹਾਂ ਦੀ ਕੁੱਲ ਰਕਮ 53 ਲੱਖ ਡਾਲਰ ਸੀ, ਨਾਲ ਜੁੜੀ ਲਗਪਗ 30 ਲੱਖ ਡਾਲਰ ਦੀ ਰਕਮ ਆਰ.ਐੱਸ.ਜੀ. ਲਾਅ ਦੇ ਟਰੱਸਟ ਖਾਤੇ ਵਿਚ ਪਹੁੰਚੀ। ਇਸ ਤੋਂ ਬਾਅਦ ਅਦਾਲਤ ਨੇ ਫ਼ਰਮ ਦੇ ਟਰੱਸਟ ਖਾਤਿਆਂ ਨੂੰ ਫ੍ਰੀਜ਼ ਕਰਨ ਦੇ ਹੁਕਮ ਦਿੱਤੇ ਸਨ। ਗਰੇਵਾਲ ਦੇ ਵਕੀਲਾਂ ਦਾ ਦਾਅਵਾ ਹੈ ਕਿ ਇਹ ਮਾਮਲਾ ਬਾਅਦ ਵਿਚ ਸਮਝੌਤੇ ਰਾਹੀਂ ਨਿਪਟਾ ਲਿਆ ਗਿਆ।
ਇੱਕ ਹੋਰ ਮੁਕੱਦਮੇ ਵਿਚ ਜਾਰਜ ਟਾਊਨ ਦੇ ਦੋ ਕਾਰੋਬਾਰੀਆਂ ਨੇ ਦੋਸ਼ ਲਾਇਆ ਕਿ ਆਰ.ਐੱਸ.ਜੀ. ਲਾਅ ਨੂੰ 42 ਲੱਖ ਡਾਲਰ ਟਰੱਸਟ ਵਿਚ ਦਿੱਤੇ ਗਏ ਸਨ, ਤਾਂ ਜੋ ਰਾਇਲ ਬੈਂਕ ਦਾ ਮਾਰਟਗੇਜ ਅਦਾ ਕੀਤਾ ਜਾ ਸਕੇ, ਪਰ ਭੁਗਤਾਨ ਨਾ ਹੋਣ ਕਾਰਨ ਉਨ੍ਹਾਂ ਨੂੰ ਇੱਕੋ ਜਾਇਦਾਦ ‘ਤੇ ਦੋ ਮੋਰਟਗੇਜਾਂ ਦਾ ਬੋਝ ਝੱਲਣਾ ਪਿਆ। ਇਸੇ ਤਰ੍ਹਾਂ ਇੱਕ ਹੋਰ ਕੇਸ ਵਿਚ ਰਿਣਦਾਤਾਵਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਗਰੇਵਾਲ ਅਤੇ ਸਬੰਧਿਤ ਕੰਪਨੀਆਂ ਨੂੰ 10.7 ਕਰੋੜ ਡਾਲਰ ਦੇ ਕਰਜ਼ੇ ਦਿੱਤੇ, ਜਿਨ੍ਹਾਂ ਵਿਚੋਂ 6.4 ਕਰੋੜ ਡਾਲਰ ਅਜੇ ਵੀ ਬਕਾਇਆ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਕਰਜ਼ਿਆਂ ਲਈ ਸੁਰੱਖਿਆ ਦਰਜ ਹੀ ਨਹੀਂ ਕਰਵਾਈ ਗਈ, ਜਦਕਿ ਕੁਝ ਜਾਇਦਾਦਾਂ ਉੱਤੇ ਦਰਜ ਸੁਰੱਖਿਆ ਬਿਨਾਂ ਮਨਜ਼ੂਰੀ ਹਟਾ ਦਿੱਤੀ ਗਈ।
ਇਨ੍ਹਾਂ ਮਾਮਲਿਆਂ ਦੇ ਨਾਲ-ਨਾਲ ਪੀਲ ਰੀਜਨਲ ਪੁਲਿਸ ਵੀ ਰੀਅਲ ਅਸਟੇਟ ਨਾਲ ਸਬੰਧਿਤ ਕੁਝ ਲੈਣ-ਦੇਣ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਦੋਸ਼ ਦੀ ਅਦਾਲਤ ਵਿਚ ਪੁਸ਼ਟੀ ਨਹੀਂ ਹੋਈ ਅਤੇ ਗਰੇਵਾਲ ਨੇ ਆਪਣੇ ਵਕੀਲਾਂ ਰਾਹੀਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਪਾਰਕ ਲੈਣ-ਦੇਣ ਨਾਲ ਜੁੜੇ ਵਿਵਾਦ ਹਨ ਅਤੇ ਘੱਟੋ-ਘੱਟ ਤਿੰਨ ਕੇਸ ਪਹਿਲਾਂ ਹੀ ਸਮਝੌਤੇ ਨਾਲ ਨਿਪਟ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਰਾਜ ਗਰੇਵਾਲ 2018 ਵਿਚ ਉਸ ਵੇਲੇ ਸੁਰਖ਼ੀਆਂ ਵਿਚ ਆਏ ਸਨ, ਜਦੋਂ ਉਨ੍ਹਾਂ ਨੇ ਕੈਸੀਨੋ ਵਿਚ ਜੂਏ ਦੌਰਾਨ ਲੱਖਾਂ ਡਾਲਰ ਗੁਆਉਣ ਦੀ ਗੱਲ ਮੰਨਦਿਆਂ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਾਅਦ ਵਿਚ ਆਰ.ਸੀ.ਐੱਮ.ਪੀ. ਨੇ ਉਨ੍ਹਾਂ ਖ਼ਿਲਾਫ਼ ਅਹੁਦੇ ਦੀ ਦੁਰਵਰਤੋਂ ਦਾ ਕੇਸ ਦਰਜ ਕੀਤਾ ਸੀ, ਪਰ 2023 ਵਿਚ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਹੁਣ ਨਵੇਂ ਵਿੱਤੀ ਅਤੇ ਕਾਨੂੰਨੀ ਵਿਵਾਦਾਂ ਨੇ ਇੱਕ ਵਾਰ ਫਿਰ ਉਨ੍ਹਾਂ ਦੀ ਪੇਸ਼ੇਵਾਰ ਸਾਖ ਅਤੇ ਕਾਨੂੰਨੀ ਭਵਿੱਖ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ।
ਕੈਨੇਡਾ ਦੇ ਸਾਬਕਾ ਐੱਮ.ਪੀ. ਰਾਜ ਗਰੇਵਾਲ ਵਿਰੁੱਧ ਧੋਖਾਧੜੀ ਦੇ ਦੋਸ਼ਾਂ ਵਿਚਾਲੇ ਵਕਾਲਤ ਲਾਇਸੈਂਸ ਖ਼ਤਰੇ ‘ਚ

