ਐਡਮਿੰਟਨ, 12 ਅਗਸਤ (ਪੰਜਾਬ ਮੇਲ)- ਕੈਨੇਡਾ ‘ਚ ਲੁਟੇਰਿਆਂ ਤੋਂ ਆਪਣਾ ਸਟੋਰ ਬਚਾਉਣ ਦਾ ਯਤਨ ਕਰ ਰਹੇ 48 ਸਾਲਾ ਸੁਖਜੀਤ ਰੰਧਾਵਾ ਦਾ ਕਤਲ ਕਰ ਦਿੱਤਾ ਗਿਆ। ਐਡਮਿੰਟਨ ਵਿਖੇ ਵਾਪਰੀ ਵਾਰਦਾਤ ਬਾਰੇ ਸੁਖਜੀਤ ਰੰਧਾਵਾ ਦੇ ਦੋਸਤ ਰਵੀ ਪ੍ਰਕਾਸ਼ ਨੇ ਦੱਸਿਆ ਕਿ ਲੁਟੇਰੇ ਨੇ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਫਰਾਰ ਹੋਣ ਦਾ ਯਤਨ ਕੀਤਾ ਪਰ ਇਸ ਤੋਂ ਪਹਿਲਾਂ ਹੀ ਸੁਖਜੀਤ ਰੰਧਾਵਾ ਨੇ ਦਰਵਾਜ਼ਾ ਲੌਕ ਕਰ ਦਿਤਾ। ਗੁੱਸੇ ਵਿਚ ਆਏ ਲੁਟੇਰੇ ਨੇ ਸੁਖਜੀਤ ਰੰਧਾਵਾ ‘ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਕੇ ਫਰਾਰ ਹੋ ਗਿਆ।
112 ਐਵੇਨਿਊ ਅਤੇ 82 ਸਟ੍ਰੀਟ ਇਲਾਕੇ ਦੇ ਸਟ੍ਰਿਪ ਮਾਲ ਵਿਚ ਵਾਰਦਾਤ ਬਾਰੇ ਪਤਾ ਲਗਦਿਆਂ ਹੀ ਆਲੇ-ਦੁਆਲੇ ਮੌਜੂਦ ਲੋਕ ਇਕੱਠੇ ਹੋ ਗਏ ਅਤੇ ਸੁਖਜੀਤ ਰੰਧਾਵਾ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਨ੍ਹਾਂ ਦਮ ਤੋੜ ਦਿਤਾ। ਪੋਸਟਮਾਰਟਮ ਮਗਰੋਂ ਸੁਖਜੀਤ ਰੰਧਾਵਾ ਦੀ ਮੌਤ ਕਤਲ ਕਰਾਰ ਦੇ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿਚ 22 ਸਾਲਾ ਨਿਕੋਲਸ ਬਟਲਰ ਨੂੰ ਗ੍ਰਿਫ਼ਤਾਰ ਕਰਦਿਆਂ ਉਸ ‘ਤੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿੱਤੇ। ਰਵੀ ਪ੍ਰਕਾਸ਼ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦੇ ਦੋਸਤ ਨੂੰ ਆਪਣੇ ਹੀ ਸਟੋਰ ਅੰਦਰ ਕਤਲ ਕਰ ਦਿੱਤਾ ਗਿਆ। ਐਡਮਿੰਟਨ ਸ਼ਹਿਰ ਦੇ ਇਸ ਇਲਾਕੇ ਵਿਚ ਸੁਰੱਖਿਆ ਨਾਂ ਦੀ ਕੋਈ ਚੀਜ਼ ਬਾਕੀ ਨਹੀਂ ਬਚੀ।
ਰਵੀ ਪ੍ਰਕਾਸ਼ ਮੁਤਾਬਕ ਉਹ ਖੁਦ ਇਕ ਕਾਰੋਬਾਰ ਦੇ ਮਾਲਕ ਹਨ ਅਤੇ ਉਨ੍ਹਾਂ ਦਾ ਸਟਾਫ਼ ਅਪਰਾਧਿਕ ਹਰਕਤਾਂ ਦਾ ਸ਼ਿਕਾਰ ਬਣ ਚੁੱਕਾ ਹੈ। ਪੇਸ਼ੇਵਰ ਅਪਰਾਧੀ ਸਟੋਰ ਅੰਦਰ ਦਾਖ਼ਲ ਹੁੰਦੇ ਹਨ, ਸਾਡੇ ਮੁਲਾਜ਼ਮਾਂ ਨੂੰ ਧਮਕਾਉਂਦੇ ਹਨ ਅਤੇ ਜੋ ਮਰਜ਼ੀ ਲੁੱਟ ਕੇ ਫ਼ਰਾਰ ਹੋ ਜਾਂਦੇ ਹਨ। ਇਹ ਕੋਈ ਨਵੀਂ ਗੱਲ ਨਹੀਂ, ਅਜਿਹੀਆਂ ਚੁਣੌਤੀਆਂ ਦਾ ਲੰਮੇ ਸਮੇਂ ਤੋਂ ਟਾਕਰਾ ਕਰਨਾ ਪੈ ਰਿਹਾ ਹੈ। ਰਵੀ ਪ੍ਰਕਾਸ਼ ਨੇ ਛੋਟੇ ਕਾਰੋਬਾਰੀਆਂ ਅਤੇ ਉਨ੍ਹਾਂ ਦੇ ਸਟਾਫ਼ ਨੂੰ ਹਿੰਸਕ ਵਾਰਦਾਤਾਂ ਤੋਂ ਬਚਾਉਣ ਲਈ ਢੁੱਕਵੇਂ ਕਦਮ ਉਠਾਏ ਜਾਣ ‘ਤੇ ਜ਼ੋਰ ਦਿੱਤਾ।
ਉਧਰ, ਐਡਮਿੰਟਨ ਪੁਲਿਸ ਨੇ ਹੁਣ ਸੁਖਜੀਤ ਰੰਧਾਵਾ ਦੀ ਮੌਤ ਦੇ ਕਾਰਨਾਂ ਬਾਰੇ ਵਿਸਤਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਅਤੇ ਸਿਰਫ਼ ਐਨਾ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ।
ਕੈਨੇਡਾ ‘ਚ ਲੁਟੇਰੇ ਵੱਲੋਂ ਪੰਜਾਬੀ ਕਾਰੋਬਾਰੀ ਦਾ ਕਤਲ

