ਸੀ.ਬੀ.ਐੱਸ.ਏ. ਨੇ ਉਸ ਦੇ ਵਿਰੁੱਧ ਸੰਗੀਨ ਅਪਰਾਧਾਂ ਦੀਆਂ ਫਾਈਲਾਂ ਸਮੇਤ ਐੱਫਬੀਆਈ ਵਲੋਂ ਨਾਮਜ਼ਦ ਕੀਤੇ ਜਾਣ ਦੇ ਸਬੂਤ ਜੱਜ ਅੱਗੇ ਪੇਸ਼ ਕੀਤੇ
ਵੈਨਕੂਵਰ, 7 ਅਗਸਤ (ਪੰਜਾਬ ਮੇਲ)- ਐੱਫ.ਬੀ.ਆਈ. ਵਲੋਂ ਪਿਛਲੇ ਮਹੀਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਅਪਰਾਧਾਂ ਵਿਚ ਨਾਮਜ਼ਦ ਹੋਏ ਅਤੇ ਕੈਨੇਡਾ ਪੁਲਿਸ ਵਲੋਂ ਹਿਰਾਸਤ ਵਿਚ ਲਏ ਗਏ ਕਰਮਵੀਰ ਸਿੰਘ ਉਰਫ ਕਰਮਜੀਤ ਦਿਉ ਨੂੰ ਰਫਿਊਜ਼ੀ ਬੋਰਡ ਵਲੋਂ ਦਿੱਤੀ ਜ਼ਮਾਨਤ ਅੱਜ ਫੈਡਰਲ ਅਦਾਲਤ ਦੇ ਜਸਟਿਸ ਫੁਆੰਗ ਨਗੋ ਨੇ ਰੱਦ ਕਰ ਦਿੱਤੀ ਹੈ।
ਸੀ.ਬੀ.ਐੱਸ.ਏ. ਨੇ ਉਸ ਦੇ ਵਿਰੁੱਧ ਸੰਗੀਨ ਅਪਰਾਧਾਂ ਦੀਆਂ ਫਾਈਲਾਂ ਸਮੇਤ ਐੱਫ.ਬੀ.ਆਈ. ਵਲੋਂ ਨਾਮਜ਼ਦ ਕੀਤੇ ਜਾਣ ਦੇ ਸਬੂਤ ਜੱਜ ਅੱਗੇ ਪੇਸ਼ ਕੀਤੇ, ਜਿਸ ਨਾਲ ਸਹਿਮਤ ਹੁੰਦਿਆਂ ਜੱਜ ਨੇ ਸਖ਼ਤ ਟਿੱਪਣੀਆਂ ਕੀਤੀਆਂ ਅਤੇ ਜਮਾਨਤ ਰੱਦ ਕੀਤੀ। ਕਰਮਜੀਤ ਦੀ ਜ਼ਮਾਨਤ ਲਈ ਟੋਰਾਂਟੋ ਰਹਿੰਦੀ ਉਸ ਦੀ ਭੈਣ ਤੇ ਜੀਜੇ ਵਲੋਂ 1 ਲੱਖ 10 ਹਜਾਰ ਡਾਲਰ ਦੀ ਜ਼ਮਾਨਤ ਭਰਨ ਦੀ ਪੇਸ਼ਕਸ਼ ਵੀ ਅਦਾਲਤ ਨੇ ਠੁਕਰਾ ਦਿੱਤੀ।
ਸੀ.ਬੀ.ਐੱਸ.ਏ. ਨੇ ਸਬੂਤ ਪੇਸ਼ ਕੀਤੇ ਕਿ ਉਸਦਾ ਜੀਜਾ ਧਾਲੀਵਾਲ ਆਪਣੀ ਆਮਦਨ ਦੇ ਸਬੂਤ ਪੇਸ਼ ਨਹੀਂ ਕਰ ਸਕਿਆ। ਏਜੰਸੀ ਨੇ ਕਿਹਾ ਕਿ ਉਸ ਦੇ ਜੀਜੇ ਨੇ ਟੋਰਾਂਟੋ ‘ਚ ਜੋ ਸੁਨਿਆਰੇ ਦੀ ਦੁਕਾਨ ਖਰੀਦੀ ਹੈ, ਉਹ ਪੈਸਾ ਕਰਮਜੀਤ ਵਲੋਂ ਆਪਣੀ ਫਿਰੌਤੀਆਂ ਦੇ ਪੈਸੇ ‘ਚੋਂ ਦਿੱਤਾ ਗਿਆ ਹੋ ਸਕਦਾ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਕਰਮਜੀਤ ਨੇ ਸਤੰਬਰ 2024 ‘ਚ ਵਿਕਟੋਰੀਆ ਰਹਿੰਦੇ ਗਾਇਕ ਏ.ਪੀ. ਢਿਲੋਂ ਦੇ ਘਰ ਉੱਤੇ ਵੀ ਗੋਲੀਆਂ ਚਲਾਈਆਂ ਸੀ। ਉਸ ਦੇ ਵਿਰੁੱਧ ਅਦਾਲਤ ਵਿਚ ਕਈ ਹੋਰ ਅਪਰਾਧਾਂ ਦੇ ਸਬੂਤ ਪੇਸ਼ ਕੀਤੇ ਗਏ।
ਉੱਧਰ ਕਰਮਜੀਤ ਵੱਲੋਂ ਫੇਸਬੁੱਕ ਖਾਤੇ ਉੱਤੇ ਭਾਰਤ ‘ਚ ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਨਵਨੀਤ ਸਿੰਘ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਦੇ ਨਾਲ ਫੋਟੋਆਂ ਵਾਇਰਲ ਹੋਣ ਕਰਕੇ ਸਮਝਿਆ ਜਾ ਰਿਹਾ ਹੈ ਕਿ ਉਸ ਦੀ ਇਨ੍ਹਾਂ ਦੋਹਾਂ ਸਿਆਸੀ ਆਗੂਆਂ ਨਾਲ ਕਾਫੀ ਨੇੜਤਾ ਰਹੀ ਹੋ ਸਕਦੀ ਹੈ।
ਐੱਫ.ਬੀ.ਆਈ. ਵੱਲੋਂ ਪਿਛਲੇ ਮਹੀਨੇ ਲਾਏ ਦੋਸ਼ਾਂ ਵਿਚ ਦੱਸਿਆ ਗਿਆ ਸੀ ਕਿ ਕਰਮਜੀਤ ਲਾਰੈਂਸ ਬਿਸ਼ਨੋਈ ਦੇ ਭਰੋਸੇਯੋਗ ਵਿਅਕਤੀਆਂ ‘ਚੋਂ ਹੈ। ਦੋ ਸਾਲ ਪਹਿਲਾਂ ਜਦੋਂ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ਆਇਆ ਤਾਂ ਕਰਮਜੀਤ ਨੇ ਉਸ ਨੂੰ ਕਈ ਮਹੀਨੇ ਕੈਲੀਫੋਰਨੀਆ ਆਪਣੇ ਕੋਲ ਰੱਖਿਆ ਸੀ। ਅਨਮੋਲ ਦੇ ਫੜੇ ਜਾਣ ਤੋਂ ਬਾਅਦ ਕਰਮਜੀਤ ਕੈਨੇਡੀਅਨ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਆ ਗਿਆ ਤੇ ਪੱਕੇ ਹੋਣ ਦੀ ਅਰਜੀ ਲਗਾਈ।
ਪਤਾ ਲੱਗਾ ਹੈ ਕਿ ਬਾਰਡਰ ਏਜੰਸੀ ਵੱਲੋਂ ਕੀਤੀ ਜਾ ਰਹੀ ਜਾਂਚ ‘ਚ ਕਰਮਜੀਤ ਦੇ ਕੈਨੇਡਾ ਰਹਿੰਦੇ ਰਿਸ਼ਤੇਦਾਰ ਵੀ ਫਸ ਸਕਦੇ ਹਨ। ਏਜੰਸੀ ਦਾ ਮੰਨਣਾ ਹੈ ਕਿ ਕਰਮਜੀਤ ਫਿਰੌਤੀਆਂ ਅਤੇ ਲੁੱਟਾਂ ਰਾਹੀਂ ਕਮਾਇਆ ਪੈਸਾ ਆਪਣੇ ਰਿਸ਼ਤੇਦਾਰਾਂ ਕੋਲ ਰੱਖਦਾ ਰਿਹਾ। ਉਸ ਦੇ ਜੀਜੇ ਵਲੋਂ ਟੋਰਾਂਟੋਂ ਵਿਚ ਖਰੀਦੀ ਦੁਕਾਨ ਵਾਸਤੇ ਉਸਦੀ ਆਪਣੀ ਆਮਦਨ ਦੇ ਸਾਧਨ ਨਾ ਮਾਤਰ ਸਨ। ਏਜੰਸੀ ਨੇ ਉਸ ਦੇ ਰਿਸ਼ਤੇਦਾਰਾਂ ਵਲੋਂ ਪਿਛਲੇ ਦੋ ਤਿੰਨ ਸਾਲਾਂ ਵਿਚ ਬਣਾਈਆਂ ਜਾਇਦਾਦਾਂ ਸੀਜ਼ ਕਰਨ ਦੀ ਤਿਆਰੀ ਆਰੰਭੇ ਜਾਣ ਬਾਰੇ ਵੀ ਪਤਾ ਲੱਗਾ ਹੈ।
ਕੈਨੇਡਾ ‘ਚ ਬਿਸ਼ਨੋਈ ਗੈਂਗ ਦੇ ਸਾਥੀ ਕਰਮਜੀਤ ਦਿਉ ਦੀ ਜ਼ਮਾਨਤ ਰੱਦ

