ਮਿਸੀਸਾਗਾ, 28 ਸਤੰਬਰ (ਪੰਜਾਬ ਮੇਲ)- ਕੈਨੇਡਾ ਦੀ ਧਰਤੀ ‘ਤੇ ਇਕ ਹੋਰ ਪੰਜਾਬੀ ਨੌਜਵਾਨ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਚ ਇੱਕ ਪੰਜਾਬੀ ਨੌਜਵਾਨ ਜਗਜੀਤ ਸਿੰਘ ਸੰਧੂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਜਗਜੀਤ ਸਿੰਘ ਇੱਕ ਸਥਾਨਕ ਸ਼ੈਲਟਰ (1767 ਡੁੰਡਾਸ ਸਟਰੀਟ ਈਸਟ) ਦੇ ਬਾਹਰ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋ ਰਹੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮਦਦ ਕਰਨ ਅਤੇ ਲੜਾਈ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਣਕਾਰੀ ਅਨੁਸਾਰ 6 ਸਤੰਬਰ ਨੂੰ ਹੋਈ ਇਸ ਝੜਪ ਦੌਰਾਨ ਹਮਲਾਵਰ ਵਿਅਕਤੀ ਦੀ ਸਾਥੀ 42 ਸਾਲਾ ਔਰਤ ਲੋਵੇਰੇਨਾ ਸਾਂਸ਼ੇ ਨੇ ਪਿੱਛੋਂ ਆ ਕੇ ਜਗਜੀਤ ਦੀ ਗਰਦਨ ‘ਤੇ ਚਾਕੂ ਨਾਲ ਵਾਰ ਕਰ ਦਿੱਤਾ।
ਚਾਕੂ ਵਜਣ ਕਾਰਨ ਜਗਜੀਤ ਸਿੰਘ ਦੀ ਗਰਦਨ ਦੀਆਂ ਮੁੱਖ ਨਾੜੀਆਂ ਕੱਟੀਆ ਗਈਆਂ, ਜਿਸ ਕਾਰਨ ਬਹੁਤ ਜ਼ਿਆਦਾ ਖੂਨ ਵਹਿ ਗਿਆ ਅਤੇ ਉਸ ਦੇ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋ ਗਈ। ਹਸਪਤਾਲ ਵਿਚ ਆਈ.ਸੀ.ਯੂ. ਵਿਚ ਲਾਈਫ ਸਪੋਰਟ ‘ਤੇ ਰਹਿਣ ਤੋਂ ਬਾਅਦ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਇਸ ਮਾਮਲੇ ‘ਚ ਕੈਨੇਡੀਅਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ‘ਤੇ ਸੈਕੰਡ ਡਿਗਰੀ ਮਰਡਰ ਦਾ ਕੇਸ ਦਰਜ ਕੀਤਾ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਮ੍ਰਿਤਕ ਦੀ ਭੈਣ ਜਸਪ੍ਰੀਤ ਕੌਰ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਕੈਨੇਡਾ ਦੀ ਕਾਨੂੰਨ ਵਿਵਸਥਾ ਅਤੇ ਪੁਲਿਸ ਦੀ ਕਾਰਜਸ਼ੈਲੀ ‘ਤੇ ਗੰਭੀਰ ਸਵਾਲ ਚੁੱਕੇ ਹਨ। ਉਸ ਨੇ ਦੋਸ਼ ਲਾਇਆ ਕਿ ਪੁਲਿਸ ਨੇ ਪਰਿਵਾਰ ਨੂੰ ਸਮੇਂ ਸਿਰ ਕੋਈ ਸੂਚਨਾ ਨਹੀਂ ਦਿੱਤੀ ਅਤੇ ਨਾ ਹੀ ਅਦਾਲਤੀ ਸੁਣਵਾਈ ‘ਚ ਸ਼ਾਮਲ ਹੋਣ ਦਿੱਤਾ। ਇਸ ਘਟਨਾ ਤੋਂ ਬਾਅਦ ਕੈਨੇਡਾ ਵਿਚ ਰਹਿੰਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਵਿਚ ਆਪਣੀ ਸੁਰੱਖਿਆ ਨੂੰ ਲੈ ਕੇ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ।
ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਕਤਲ; ਦੋਸ਼ੀ ਔਰਤ ਗ੍ਰਿਫ਼ਤਾਰ

