#CANADA

ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਡਿਪੋਰਟੇਸ਼ਨ ‘ਤੇ ਲੱਗੀ ਅਸਥਾਈ ਰੋਕ

-ਜੂਨੀਅਰ ਹਾਕੀ ਟੀਮ ਦੀ ਬੰਸ ਨੂੰ ਮਾਰੀ ਸੀ ਟੱਕਰ; ਹੋਈਆਂ ਸਨ 16 ਮੌਤਾਂ
ਓਟਾਵਾ, 28 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੇ ਫੈਡਰਲ ਕੋਰਟ ਆਫ ਕੈਨੇਡਾ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫ਼ੈਸਲਾ ਸੁਣਾਉਂਦੇ ਹੋਏ ਜਸਕੀਰਤ ਸਿੰਘ ਸਿੱਧੂ ਦੀ ਡਿਪੋਰਟੇਸ਼ਨ ‘ਤੇ ਅਸਥਾਈ ਰੋਕ ਲਾ ਦਿੱਤੀ। ਇਹ ਫ਼ੈਸਲਾ ਉਸ ਸਮੇਂ ਆਇਆ, ਜਦੋਂ ਉਸ ਨੂੰ ਸੋਮਵਾਰ ਸਵੇਰੇ ਭਾਰਤ ਭੇਜਿਆ ਜਾਣਾ ਤੈਅ ਸੀ। ਇਹ ਮਾਮਲਾ ਹੰਬੋਲਟ ਬ੍ਰੋਂਕੋਸ ਬੱਸ ਹਾਦਸੇ ਨਾਲ ਜੁੜਿਆ ਹੈ, ਜੋ 6 ਅਪ੍ਰੈਲ 2018 ਨੂੰ ਹੋਇਆ ਸੀ। ਸੰਗਰੂਰ ਦੇ ਰਹਿਣ ਵਾਲੇ ਸਿੱਧੂ ਦੇ ਟਰੱਕ ਨੇ ਸਟਾਪ ਸਾਈਨ ਪਾਰ ਕਰਦੇ ਹੋਏ ਸਸਕੈਚਵਾਨ ਦੀ ਜੂਨੀਅਰ ਹਾਕੀ ਟੀਮ ਦੀ ਬੱਸ ਨੂੰ ਟੱਕਰ ਮਾਰੀ ਸੀ, ਜਿਸ ਵਿਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖ਼ਮੀ ਹੋਏ ਸਨ।
ਜਸਟਿਸ ਜੋਸਲੀਨ ਗੈਗਨੇ ਨੇ ਇਹ ਰਾਹਤ ਉਸ ਵੇਲੇ ਤੱਕ ਲਈ ਦਿੱਤੀ ਹੈ, ਜਦੋਂ ਤੱਕ ਇੱਕ ਪੁਰਾਣੇ ਕੇਸ ਦਾ ਫ਼ੈਸਲਾ ਨਹੀਂ ਆ ਜਾਂਦਾ। ਇਸ ਕੇਸ ਵਿਚ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਵਿਚ ਸਿੱਧੂ ਦੀ ਡਿਪੋਰਟੇਸ਼ਨ ਟਾਲਣ ਤੋਂ ਇਨਕਾਰ ਕੀਤਾ ਗਿਆ ਸੀ। ਸਿੱਧੂ ਨੇ 2019 ਵਿਚ 16 ਮੌਤਾਂ ਅਤੇ 13 ਜ਼ਖ਼ਮੀਆਂ ਦੇ ਮਾਮਲੇ ਵਿਚ ਦੋਸ਼ ਕਬੂਲ ਕੀਤਾ ਸੀ। ਉਸੇ ਸਾਲ ਉਨ੍ਹਾਂ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ, ਜੋ ਇਸ ਤਰ੍ਹਾਂ ਦੇ ਅਪਰਾਧ ਵਿਚ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਲੰਬੀ ਸਜ਼ਾ ਮੰਨੀ ਜਾਂਦੀ ਹੈ (ਬਿਨਾਂ ਸ਼ਰਾਬ ਜਾਂ ਨਸ਼ੇ ਦੇ ਮਾਮਲਿਆਂ ਵਿਚ)। ਉਸ ਨੂੰ 2023 ਵਿਚ ਪੂਰੀ ਪੈਰੋਲ ਮਿਲ ਗਈ ਸੀ।
2024 ਵਿਚ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ ਆਫ ਕੈਨੇਡਾ ਨੇ ਉਸ ਦਾ ਸਥਾਈ ਨਿਵਾਸ (ਪੀ.ਆਰ.) ਰੱਦ ਕਰ ਦਿੱਤਾ ਅਤੇ ਉਸ ਨੂੰ ਦੇਸ਼ ਤੋਂ ਬਾਹਰ ਭੇਜਣ ਦਾ ਹੁਕਮ ਦਿੱਤਾ। ਸਿੱਧੂ ਦੇ ਵਕੀਲਾਂ ਨੇ ਮਾਨਵੀ ਅਤੇ ਕਰੁਣਾਮਈ ‘ਆਧਾਰ  ‘ਤੇ ਕੈਨੇਡਾ ਵਿਚ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਛੋਟੇ ਬੱਚੇ ਹਨ, ਜਿਨ੍ਹਾਂ ‘ਤੇ ਇਸਦਾ ਅਸਰ ਪਵੇਗਾ। ਉਨ੍ਹਾਂ ਦੇ ਪੁੱਤਰ ਨੂੰ ਇੱਕ ਗੰਭੀਰ ਫੇਫੜਿਆਂ ਦੀ ਬਿਮਾਰੀ ਹੈ ਅਤੇ ਭਾਰਤ ਦੀ ਖ਼ਰਾਬ ਹਵਾ ਉਸ ਲਈ ਖ਼ਤਰਨਾਕ ਹੋ ਸਕਦੀ ਹੈ।