ਵੈਨਕੂਵਰ, 24 ਅਕਤੂਬਰ (ਪੰਜਾਬ ਮੇਲ)- ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ ਅਫ਼ੀਮ ਨਾਲ ਫੜ੍ਹੇ ਜਾਣ ਕਾਰਨ 6 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਇਸੇ ਸਾਲ ਮਾਰਚ ਮਹੀਨੇ ਅਮਰੀਕਾ-ਕੈਨੇਡਾ ਬਾਰਡਰ ‘ਤੇ ਜਾਂਚ ਦੌਰਾਨ ਇਕਬਾਲ ਸਿੰਘ ਕਾਹਲੋਂ ਦੇ ਵਾਹਨ ਦੀ ਜਾਂਚ ਦੌਰਾਨ ਜਦੋਂ ਵਿਟਾਮਿਨ ‘ਡੀ-3’ ਦੇ ਕੈਪਸੂਲਾਂ ਵਾਲੀ ਛੋਟੀ ਬੋਤਲ ਵੱਲ ਕੁੱਤੇ ਵੱਲੋਂ ਇਸ਼ਾਰਾ ਕੀਤੇ ਜਾਣ ‘ਤੇ ਤਾਂ ਬਾਰਡਰ ਏਜੰਸੀ ਦੇ ਅਧਿਕਾਰੀ ਨੇ ਬੋਤਲ ਦੀ ਜਾਂਚ ਕੀਤੀ ਤਾਂ ਉਸ ਵਿਚੋਂ 67 ਗ੍ਰਾਮ ਅਫ਼ੀਮ ਦੀਆਂ ਬਣਾਈਆਂ 250 ਗੋਲੀਆਂ ਬਰਾਮਦ ਹੋਈਆਂ। ਅਧਿਕਾਰੀਆਂ ਨੇ ਤੁਰੰਤ ਡਰਾਈਵਰ ਨੂੰ ਸਸਕੈਚਵਨ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਾਂਚ ਅਧਿਕਾਰੀਆਂ ਮੁਤਾਬਕ, ਅਮਰੀਕਾ ਤੋਂ ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਟਰੱਕਾਂ ਦੀ ਜਾਂਚ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਮਦਦ ਲਈ ਜਾਂਦੀ ਹੈ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ ਮਾਮਲਾ ਸਸਕੈਚਵਨ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ।
ਅਦਾਲਤ ਵਿਚ ਸੁਣਵਾਈ ਦੌਰਾਨ ਮੁਲਜ਼ਮ ਇਕਬਾਲ ਕਾਹਲੋਂ ਨੇ ਜੱਜ ਸਾਹਮਣੇ ਅਪਰਾਧ ਕਬੂਲਦਿਆਂ ਦੱਸਿਆ ਕਿ ਉਹ ਕੋਈ ਤਸਕਰ ਨਹੀਂ ਹੈ, ਸਗੋਂ ਖ਼ੁਦ ਅਫ਼ੀਮ ਖਾਣ ਦਾ ਆਦੀ ਹੈ ਅਤੇ ਇਹ ਅਫ਼ੀਮ ਉਸ ਨੇ ਆਪਣੀ ਵਰਤੋਂ ਲਈ ਰੱਖੀ ਸੀ। ਇਸ ਲਈ ਉਸ ਨਾਲ ਰਿਆਇਤ ਵਰਤੀ ਜਾਵੇ।
ਦੂਜੇ ਪਾਸੇ, ਸਰਕਾਰੀ ਵਕੀਲ ਨੇ ਜੱਜ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਕਬਾਲ ਕੋਲੋਂ 13 ਗ੍ਰਾਮ ਅਫ਼ੀਮ ਫੜੀ ਗਈ ਸੀ, ਪਰ 15 ਗ੍ਰਾਮ ਤੱਕ ਕਾਨੂੰਨੀ ਛੋਟ ਹੋਣ ਕਾਰਨ ਉਸ ਵੇਲੇ ਕੇਸ ਦਰਜ ਨਹੀਂ ਸੀ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜੱਜ ਨੇ ਮੁਲਜ਼ਮ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।
ਹਾਲਾਂਕਿ, ਕੁੱਝ ਸ਼ਰਤਾਂ ਤਹਿਤ ਉਸ ਨੂੰ ਇਹ ਰਾਹਤ ਦਿੱਤੀ ਗਈ ਕਿ ਉਹ ਜੇਲ੍ਹ ਜਾਣ ਦੀ ਥਾਂ ਘਰ ਵਿਚ ਰਹਿ ਕੇ 6 ਮਹੀਨੇ ਦੀ ਸਜ਼ਾ ਪੂਰੀ ਕਰੇਗਾ ਅਤੇ 25 ਘੰਟੇ ਭਾਈਚਾਰਕ ਸੇਵਾ ਕਰੇਗਾ। ਇਸ ਤੋਂ ਬਾਅਦ ਪੁਲਿਸ ਤੋਂ ਕਲੀਨ ਚਿੱਟ ਲੈ ਕੇ ਉਹ ਆਜ਼ਾਦ ਹੋ ਸਕੇਗਾ, ਜਿਸ ਨੂੰ ਮੁਲਜ਼ਮ ਨੇ ਮੰਨ ਲਿਆ ਹੈ।
ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ ਅਫ਼ੀਮ ਸਮੇਤ ਫੜ੍ਹੇ ਜਾਣ ਕਾਰਨ 6 ਮਹੀਨੇ ਦੀ ਸਜ਼ਾ

