ਵੈਨਕੂਵਰ, 10 ਅਗਸਤ (ਪੰਜਾਬ ਮੇਲ)- ਕੁਝ ਸਾਲ ਪਹਿਲਾਂ ਕੈਨੇਡਾ ਵਿਚ ਰਹਿਣ ਵਾਲੇ ਭਾਰਤੀਆਂ ਵੱਲੋਂ ਭਾਰਤ ਤੋਂ ਟਰੈਕਟਰ, ਟਰਾਲੀਆਂ ਅਤੇ ਅਜਿਹੇ ਹੀ ਹੋਰ ਵੱਡੇ ਟਾਇਰਾਂ ਵਾਲੇ ਵਾਹਨ ਵੱਡੀ ਗਿਣਤੀ ਵਿਚ ਕੈਨੇਡਾ ਮੰਗਵਾਏ ਜਾਂਦੇ ਸਨ। ਪਰ ਇਸ ਤਰ੍ਹਾਂ ਦੀ ਬਰਾਮਦ ਰਾਹੀਂ ਟਾਇਰਾਂ ਵਿਚ ਡਰੱਗ ਲਿਆਂਦੇ ਜਾਣ ਦਾ ਪਰਦਾਫ਼ਾਸ਼ ਹੋਣ ਤੋਂ ਬਾਅਦ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ ਟਾਇਰਾਂ ਅਤੇ ਹੋਰ ਅਜਿਹੇ ਥਾਵਾਂ ਦੀ ਬਾਰੀਕੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਹੁਣ ਅਜਿਹੇ ਵਾਹਨਾਂ ਦਾ ਆਉਣਾ ਨਾਮਾਤਰ ਰਹਿ ਗਿਆ ਹੈ।
ਏਜੰਸੀ ਦੇ ਸੂਤਰਾਂ ਅਨੁਸਾਰ 2023-24 ਤੱਕ ਇਹ ਰੁਝਾਨ ਕਾਫ਼ੀ ਤੇਜ਼ ਸੀ, ਪਰ ਭੇਤ ਖੁੱਲ੍ਹਣ ਤੋਂ ਬਾਅਦ ਲੰਘੇ ਡੇਢ-ਦੋ ਸਾਲਾਂ ਵਿਚ ਅਜਿਹੇ ਵਾਹਨਾਂ ਦੀ ਆਮਦ ਕਾਫ਼ੀ ਘੱਟ ਗਈ ਹੈ।
ਪਤਾ ਲੱਗਾ ਸੀ ਕਿ ਟਾਇਰਾਂ ਨੂੰ ਰਿਮ ਉੱਤੇ ਚੜ੍ਹਾਉਣ ਤੋਂ ਪਹਿਲਾਂ ਉਨ੍ਹਾਂ ਦੇ ਅੰਦਰ ਨਸ਼ੇ ਦੇ ਛੋਟੇ ਪੈਕਟ ਭਰੇ ਜਾਂਦੇ ਸਨ ਅਤੇ ਫਿਰ ਹਵਾ ਭਰੀ ਜਾਂਦੀ ਸੀ। ਟਾਇਰਾਂ ਵਿਚੋਂ ਹਵਾ ਲੀਕ ਨਾ ਹੋਣ ਕਾਰਨ ਸੁੰਘਣ ਵਾਲੇ ਕੁੱਤੇ ਵੀ ਇਸ ਦਾ ਪਤਾ ਨਹੀਂ ਲਗਾ ਪਾਉਂਦੇ ਸਨ ਅਤੇ ਨਸ਼ੇ ਦੀ ਖੇਪ ਸੁਰੱਖਿਅਤ ਠਿਕਾਣੇ ਪਹੁੰਚ ਜਾਂਦੀ ਸੀ। ਪਰ ਸਾਲ 2024 ਵਿਚ ਇੱਕ ਟਰਾਲੀ ਦੇ ਟਾਇਰ ਵਿਚੋਂ ਹਵਾ ਲੀਕ ਹੋਣ ਕਾਰਨ ਇਸ ਤਰੀਕੇ ਦਾ ਪਰਦਾਫ਼ਾਸ਼ ਹੋ ਗਿਆ। ਉਸ ਤੋਂ ਬਾਅਦ ਭਾਰਤੀ ਕਸਟਮ ਵਿਭਾਗ ਅਤੇ ਕੈਨੇਡਾ ਦੀ ਏਜੰਸੀ ਵੱਲੋਂ ਟਾਇਰਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ।
ਸੂਤਰਾਂ ਨੇ ਦੱਸਿਆ ਕਿ ਡਰੱਗ ਦਾ ਪਰਦਾਫ਼ਾਸ਼ ਹੋਣ ਤੋਂ ਬਾਅਦ ਧੜਾਧੜ ਕੈਨੇਡਾ ਪਹੁੰਚਦੇ ਵੱਡੇ ਟਾਇਰਾਂ ਵਾਲੇ ਵਾਹਨਾਂ ਦੀ ਗਿਣਤੀ ਇੱਕਦਮ ਘੱਟ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਡੇਢ-ਦੋ ਸਾਲਾਂ ਤੋਂ ਵੱਡੇ ਟਾਇਰਾਂ ਵਾਲੇ ਵਾਹਨ ਪਹਿਲਾਂ ਨਾਲੋਂ ਕਾਫ਼ੀ ਘੱਟ ਗਿਣਤੀ ਵਿਚ ਆਏ ਹਨ। ਇਹ ਵੀ ਪਤਾ ਲੱਗਾ ਹੈ ਕਿ ਹੁਣ ਉਹੀ ਲੋਕ ਭਾਰਤ ਤੋਂ ਆਪਣੇ ਪਸੰਦੀਦਾ ਵਾਹਨ ਮੰਗਵਾ ਰਹੇ ਹਨ, ਜਿਨ੍ਹਾਂ ਨੂੰ ਅਸਲ ਵਿਚ ਇਸ ਦੀ ਲੋੜ, ਲਗਾਅ ਜਾਂ ਸ਼ੌਕ ਹੈ।
ਕੈਨੇਡਾ ‘ਚ ਕਸਟਮ ਦੀ ਸਖਤੀ ਮਗਰੋਂ ਵੱਡੇ ਵਾਹਨਾਂ ਦੀ ਆਮਦ ਘਟੀ

