-ਬੱਚਿਆਂ ਅਤੇ ਬਜ਼ੁਰਗਾਂ ਨੂੰ ਮਿਲੇਗੀ 10 ਫ਼ੀਸਦੀ ਫ਼ੀਸ ‘ਚ ਛੋਟ
ਨਵੀਂ ਦਿੱਲੀ, 25 ਜੂਨ (ਪੰਜਾਬ ਮੇਲ)- ਭਾਰਤੀ ਪਾਸਪੋਰਟ ਬਣਵਾਉਣ ਵਾਲਿਆਂ ਨੂੰ 1 ਜੁਲਾਈ 2026 ਤੋਂ ਨਵੀਆਂ ਦਰਾਂ ਅਨੁਸਾਰ ਫ਼ੀਸ ਅਦਾ ਕਰਨੀ ਪਵੇਗੀ। ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਨਿਯਮਾਂ ਵਿਚ ਸੋਧ ਕਰਦੇ ਹੋਏ ਅਧਿਸੂਚਨਾ ਜਾਰੀ ਕੀਤੀ ਹੈ।
ਪਾਸਪੋਰਟ (ਸੋਧ) ਨਿਯਮ, 2026 ਤਹਿਤ ਪਾਸਪੋਰਟ ਨਿਯਮ 1980 ਦੀ ਸੂਚੀ-4 ਨੂੰ ਬਦਲ ਕੇ ਨਵਾਂ ਅਤੇ ਵਿਸਥਾਰਤ ਫ਼ੀਸ ਢਾਂਚਾ ਲਾਗੂ ਕੀਤਾ ਗਿਆ ਹੈ। ਇਸ ਵਿਚ ਵੱਖ-ਵੱਖ ਸ਼੍ਰੇਣੀਆਂ ਦੇ ਬਿਨੈਕਾਰਾਂ, ਯਾਤਰਾ ਦਸਤਾਵੇਜ਼ਾਂ ਅਤੇ ਹੋਰ ਪਾਸਪੋਰਟ ਸੇਵਾਵਾਂ ਲਈ ਨਵੀਆਂ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਨਵੇਂ ਨਿਯਮਾਂ ਅਨੁਸਾਰ 8 ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ ਨੂੰ ਨਵੇਂ ਪਾਸਪੋਰਟ ਬਣਵਾਉਣ ਲਈ ਅਪਲਾਈ ਕਰਨ ‘ਤੇ 10 ਫ਼ੀਸਦੀ ਫ਼ੀਸ ਛੋਟ ਦਿੱਤੀ ਜਾਵੇਗੀ। ਇਹ ਛੋਟ ਸਿਰਫ਼ ਭਾਰਤ ਦੇ ਅੰਦਰ ਕੀਤੀਆਂ ਜਾਣ ਵਾਲੀਆਂ ਨਵੀਆਂ ਅਰਜ਼ੀਆਂ ‘ਤੇ ਹੀ ਲਾਗੂ ਹੋਵੇਗੀ। ਪਾਸਪੋਰਟ ਦੀ ਰਿ-ਇਸ਼ੂ ਜਾਂ ਨਵੀਨੀਕਰਨ ਅਰਜ਼ੀ ‘ਤੇ ਇਹ ਰਿਆਇਤ ਨਹੀਂ ਮਿਲੇਗੀ। ਸਰਕਾਰ ਦਾ ਮੰਨਣਾ ਹੈ ਕਿ ਪਹਿਲੀ ਵਾਰ ਆਪਣੇ ਬੱਚਿਆਂ ਲਈ ਪਾਸਪੋਰਟ ਬਣਵਾਉਣ ਵਾਲੇ ਪਰਿਵਾਰਾਂ ਅਤੇ ਪਹਿਲੀ ਵਾਰ ਪਾਸਪੋਰਟ ਲਈ ਅਰਜ਼ੀ ਦੇਣ ਵਾਲੇ ਬਜ਼ੁਰਗਾਂ ਨੂੰ ਇਸ ਨਾਲ ਆਰਥਿਕ ਰਾਹਤ ਮਿਲੇਗੀ।
18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਿਨੈਕਾਰਾਂ ਅਤੇ ਬਾਲਗ ਸ਼੍ਰੇਣੀ ਵਿਚ ਅਰਜ਼ੀ ਦੇਣ ਵਾਲੇ 15 ਤੋਂ 18 ਸਾਲ ਦੇ ਨਾਬਾਲਗਾਂ ਲਈ 36 ਸਫ਼ਿਆਂ ਵਾਲੇ ਨਵੇਂ ਜਾਂ ਰਿ-ਇਸ਼ੂ ਪਾਸਪੋਰਟ ਦੀ ਫ਼ੀਸ ਭਾਰਤ ਵਿਚ ਨਾਰਮਲ ਸ਼੍ਰੇਣੀ ਅਧੀਨ 2,500 ਰੁਪਏ ਅਤੇ ਤਤਕਾਲ ਸ਼੍ਰੇਣੀ ਅਧੀਨ 5,000 ਰੁਪਏ ਹੋਵੇਗੀ। ਵਿਦੇਸ਼ ਵਿਚ ਰਹਿਣ ਵਾਲੇ ਭਾਰਤੀ ਬਿਨੈਕਾਰਾਂ ਲਈ ਇਹ ਫ਼ੀਸ ਕ੍ਰਮਵਾਰ 125 ਅਮਰੀਕੀ ਡਾਲਰ ਅਤੇ 250 ਅਮਰੀਕੀ ਡਾਲਰ ਹੋਵੇਗੀ। 60 ਸਫ਼ਿਆਂ ਵਾਲੇ ਪਾਸਪੋਰਟ ਲਈ ਨਾਰਮਲ ਸ਼੍ਰੇਣੀ ਵਿਚ 3,500 ਰੁਪਏ ਅਤੇ ਤਤਕਾਲ ਸ਼੍ਰੇਣੀ ਵਿਚ 6,000 ਰੁਪਏ ਦੇਣੇ ਪੈਣਗੇ। ਵਿਦੇਸ਼ਾਂ ਵਿਚ ਇਹ ਫ਼ੀਸ ਕ੍ਰਮਵਾਰ 175 ਡਾਲਰ ਅਤੇ 300 ਡਾਲਰ ਹੋਵੇਗੀ।
36 ਸਫ਼ਿਆਂ ਵਾਲਾ ਪਾਸਪੋਰਟ ਗੁੰਮ ਜਾਂ ਖ਼ਰਾਬ ਹੋਣ ਦੀ ਸਥਿਤੀ ਵਿਚ ਉਸ ਦੇ ਮੁੜ ਬਣਵਾਉਣ ਲਈ ਭਾਰਤ ਵਿਚ ਨਾਰਮਲ ਸ਼੍ਰੇਣੀ ਹੇਠ 5,000 ਰੁਪਏ ਅਤੇ ਤਤਕਾਲ ਸ਼੍ਰੇਣੀ ਹੇਠ 7,500 ਰੁਪਏ ਫ਼ੀਸ ਦੇਣੀ ਪਵੇਗੀ। ਵਿਦੇਸ਼ਾਂ ਵਿਚ ਰਹਿਣ ਵਾਲੇ ਬਿਨੈਕਾਰਾਂ ਲਈ ਇਹ ਫ਼ੀਸ 250 ਡਾਲਰ ਅਤੇ 375 ਡਾਲਰ ਹੋਵੇਗੀ। 60 ਸਫ਼ਿਆਂ ਵਾਲੇ ਪਾਸਪੋਰਟ ਲਈ ਭਾਰਤ ਵਿਚ ਨਾਰਮਲ ਸ਼੍ਰੇਣੀ ਹੇਠ 6,000 ਰੁਪਏ ਅਤੇ ਤਤਕਾਲ ਸ਼੍ਰੇਣੀ ਹੇਠ 8,500 ਰੁਪਏ ਫ਼ੀਸ ਨਿਰਧਾਰਤ ਕੀਤੀ ਗਈ ਹੈ। ਵਿਦੇਸ਼ਾਂ ਵਿਚ ਇਹ ਫ਼ੀਸ ਕ੍ਰਮਵਾਰ 300 ਡਾਲਰ ਅਤੇ 425 ਡਾਲਰ ਹੋਵੇਗੀ।
18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 36 ਸਫ਼ਿਆਂ ਵਾਲੇ ਨਵੇਂ ਜਾਂ ਰਿ-ਇਸ਼ੂ ਪਾਸਪੋਰਟ ਦੀ ਫ਼ੀਸ ਨਾਰਮਲ ਸ਼੍ਰੇਣੀ ਵਿਚ 1,750 ਰੁਪਏ ਅਤੇ ਤਤਕਾਲ ਸ਼੍ਰੇਣੀ ਵਿਚ 4,250 ਰੁਪਏ ਹੋਵੇਗੀ। ਵਿਦੇਸ਼ਾਂ ਵਿਚ ਇਹ ਫ਼ੀਸ ਕ੍ਰਮਵਾਰ 90 ਡਾਲਰ ਅਤੇ 215 ਡਾਲਰ ਰਹੇਗੀ। ਜੇਕਰ ਨਾਬਾਲਗ ਦਾ ਪਾਸਪੋਰਟ ਗੁੰਮ ਜਾਂ ਖ਼ਰਾਬ ਹੋ ਜਾਂਦਾ ਹੈ, ਤਾਂ ਨਵੇਂ ਲਈ ਭਾਰਤ ਵਿਚ 4,250 ਰੁਪਏ (ਨਾਰਮਲ) ਅਤੇ 6,750 ਰੁਪਏ (ਤਤਕਾਲ) ਫ਼ੀਸ ਦੇਣੀ ਪਵੇਗੀ। ਵਿਦੇਸ਼ਾਂ ਵਿਚ ਇਹ ਫ਼ੀਸ ਕ੍ਰਮਵਾਰ 215 ਡਾਲਰ ਅਤੇ 340 ਡਾਲਰ ਹੋਵੇਗੀ।
ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਜਾਰੀ ਕੀਤੇ ਜਾਣ ਵਾਲੇ ਐਮਰਜੈਂਸੀ ਸਰਟੀਫਿਕੇਟ ਦੀ ਫ਼ੀਸ 15 ਅਮਰੀਕੀ ਡਾਲਰ ਰੱਖੀ ਗਈ ਹੈ। ਇਸ ਲਈ ਤਤਕਾਲ ਸੇਵਾ ਉਪਲਬਧ ਨਹੀਂ ਹੋਵੇਗੀ।
ਸਰਟੀਫਿਕੇਟ ਆਫ਼ ਆਈਡੈਂਟਿਟੀ ਲਈ ਭਾਰਤ ਵਿਚ 1,000 ਰੁਪਏ ਅਤੇ ਵਿਦੇਸ਼ਾਂ ‘ਚ 50 ਡਾਲਰ ਫ਼ੀਸ ਨਿਰਧਾਰਤ ਕੀਤੀ ਗਈ ਹੈ। ਇਸ ‘ਤੇ ਵੀ ਤਤਕਾਲ ਸੇਵਾ ਨਹੀਂ ਮਿਲੇਗੀ।
ਪੁਲਿਸ ਕਲੀਅਰੈਂਸ ਸਰਟੀਫਿਕੇਟ, ਸਰੰਡਰ ਸਰਟੀਫਿਕੇਟ, ਗਲੋਬਲ ਐਂਟਰੀ ਪ੍ਰੋਗਰਾਮ ਤਸਦੀਕ ਅਤੇ ਹੋਰ ਪਾਸਪੋਰਟ ਸਬੰਧੀ ਸਰਟੀਫਿਕੇਟਾਂ ਲਈ ਭਾਰਤ ਵਿਚ 750 ਰੁਪਏ ਅਤੇ ਵਿਦੇਸ਼ਾਂ ਵਿਚ 40 ਡਾਲਰ ਫ਼ੀਸ ਤੈਅ ਕੀਤੀ ਗਈ ਹੈ। ਇਨ੍ਹਾਂ ਸੇਵਾਵਾਂ ਲਈ ਵੀ ਤਤਕਾਲ ਸ਼੍ਰੇਣੀ ਉਪਲਬਧ ਨਹੀਂ ਹੋਵੇਗੀ।
ਨਵੀਂ ਅਧਿਸੂਚਨਾ ਅਨੁਸਾਰ ਬਾਲਗਾਂ ਨੂੰ ਜਾਰੀ ਕੀਤੇ ਜਾਣ ਵਾਲੇ ਪਾਸਪੋਰਟ ਦੀ ਵੱਧ ਤੋਂ ਵੱਧ ਮਿਆਦ 10 ਸਾਲ ਹੀ ਰਹੇਗੀ। ਨਾਬਾਲਗਾਂ ਨੂੰ ਜਾਰੀ ਪਾਸਪੋਰਟ 5 ਸਾਲ ਜਾਂ ਫਿਰ ਉਨ੍ਹਾਂ ਦੇ 18 ਸਾਲ ਦੀ ਉਮਰ ਪੂਰੀ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਵੈਧ ਰਹੇਗਾ।
ਪਾਸਪੋਰਟ ਨਿਯਮ, 1980 ਨੂੰ ਸਮੇਂ-ਸਮੇਂ ‘ਤੇ ਪ੍ਰਸ਼ਾਸਨਿਕ ਅਤੇ ਆਰਥਿਕ ਲੋੜਾਂ ਅਨੁਸਾਰ ਸੋਧਿਆ ਜਾਂਦਾ ਰਿਹਾ ਹੈ। ਇਸ ਤੋਂ ਪਹਿਲਾਂ ਫਰਵਰੀ 2025 ਵਿਚ ਵੀ ਨਿਯਮਾਂ ਵਿਚ ਸੋਧ ਕੀਤੀ ਗਈ ਸੀ। ਹੁਣ ਜਾਰੀ ਕੀਤੀ ਗਈ ਇਹ ਸੋਧ 1 ਜੁਲਾਈ 2026 ਤੋਂ ਲਾਗੂ ਹੋਵੇਗੀ ਅਤੇ ਉਸ ਮਿਤੀ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਸਾਰੀਆਂ ਪਾਸਪੋਰਟ ਅਰਜ਼ੀਆਂ ‘ਤੇ ਨਵਾਂ ਫ਼ੀਸ ਢਾਂਚਾ ਲਾਗੂ ਕੀਤਾ ਜਾਵੇਗਾ।
ਕੇਂਦਰ ਵੱਲੋਂ ਪਹਿਲੀ ਜੁਲਾਈ ਤੋਂ ਪਾਸਪੋਰਟ ਨਿਯਮਾਂ ‘ਚ ਬਦਲਾਅ

