3 ਦਿਨਾਂ ਦਾ ਰਿਮਾਂਡ ਮਿਲਿਆ
ਜਲੰਧਰ, 29 ਜੂਨ (ਪੰਜਾਬ ਮੇਲ)- ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਤੇ ਹੋਏ ਹਮਲੇ ਦੇ ਮਾਮਲੇ ਵਿਚ ਅੰਮ੍ਰਿਤਪਾਲ ਸਿੰਘ ਸਮੇਤ ਉਸ ਦੇ ਗੰਨਮੈਨ ਗੁਰਮੀਤ ਸਿੰਘ ਬੁੱਕਣਵਾਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਥੇ ਹੀ ਇਸ ਦੌਰਾਨ ਦਿਹਾਤੀ ਪੁਲਿਸ ਗੁਰਿੰਦਰ ਪਾਲ ਸਿੰਘ ਔਜਲਾ ਨੂੰ ਅੱਜ ਜਲੰਧਰ ਦੀ ਅਦਾਲਤ ‘ਚ ਪੇਸ਼ ਕਰਨ ਲਈ ਲੈ ਕੋਰਟ ਵਿਚ ਲੈ ਕੇ ਆਈ। ਅਦਾਲਤ ਨੇ ਗੁਰਿੰਦਰ ਪਾਲ ਸਿੰਘ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਿੰਦਰ ਪਾਲ ਸਿੰਘ ਔਜਲਾ ਨੂੰ 2023 ਵਿਚ ਦਰਜ ਐੱਫ਼.ਆਈ.ਆਰ. ਨੰਬਰ 25 ਦੇ ਸਬੰਧ ਵਿਚ ਮਾਣਯੋਗ ਜੱਜ ਅਰਜੁਨ ਸੰਧੂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਸਲਾ ਐਕਟ ਦਾ ਮਾਮਲਾ ਦਰਜ ਕਰਕੇ ਗੁਰਿੰਦਰ ਪਾਲ ਸਿੰਘ ਵਿਰੁੱਧ ਐੱਫ਼.ਆਈ.ਆਰ. ਵਿਚ ਵਾਧਾ ਕੀਤਾ ਸੀ। ਇਸ ਮਾਮਲੇ ਦੇ ਸਬੰਧ ਵਿਚ ਪੁਲਿਸ ਨੇ ਅੱਜ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਗੁਰਿੰਦਰ ਪਾਲ ਸਿੰਘ ਨੂੰ ਜਲੰਧਰ ਕੋਰਟ ਲਿਆਂਦਾ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਪਰਮਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਗੁਰਿੰਦਰ ਪਾਲ ਸਿੰਘ ਔਜਲਾ ਐੱਨ.ਐੱਸ.ਏ. ਐਕਟ ਤਹਿਤ ਜੇਲ੍ਹ ਵਿਚ ਹੈ। ਅੱਜ ਉਸ ਨੂੰ ਗੋਇੰਦਵਾਲ ਜੇਲ੍ਹ ਤੋਂ ਇਕ ਝੂਠੇ ਮਾਮਲੇ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੇ ਗੁਰਿੰਦਰ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕੀਤਾ ਸੀ ਅਤੇ ਉਹ ਉਸ ਮਾਮਲੇ ਵਿਚ ਜ਼ਮਾਨਤ ‘ਤੇ ਬਾਹਰ ਸੀ।
ਗੁਰਿੰਦਰ ਇੰਗਲੈਂਡ ਜਾ ਰਿਹਾ ਸੀ ਅਤੇ ਉਸ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਕੇਸ ਵਿਚ ਵਾਧਾ ਕਰਦੇ ਹੋਏ ਉਸ ਨੂੰ ਜੇਲ੍ਹ ਵਿਚ ਬੰਦ ਕੀਤਾ ਗਿਆ। ਅੱਜ ਉਸ ਨੂੰ ਉਸੇ ਮਾਮਲੇ ਵਿਚ ਤਿੰਨ ਸਾਲ ਬਾਅਦ ਅਸਲਾ ਐਕਟ ਤਹਿਤ ਪ੍ਰੋਡਕਸ਼ਨ ਵਾਰੰਟ ‘ਤੇ ਅਦਾਲਤ ‘ਚ ਪੇਸ਼ ਕੀਤਾ ਗਿਆ। ਵਕੀਲ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਪਹਿਲੀ ਵਾਰ ਗੁਰਿੰਦਰ ਨੂੰ ਗ੍ਰਿਫ਼ਤਾਰ ਕੀਤਾ ਸੀ, ਤਾਂ ਉਸ ਵਿਰੁੱਧ ਕੋਈ ਅਸਲਾ ਐਕਟ ਦਾ ਕੇਸ ਦਰਜ ਨਹੀਂ ਕੀਤਾ ਗਿਆ ਸੀ ਪਰ ਹੁਣ ਰਾਜਨੀਤਿਕ ਦਬਾਅ ਹੇਠ ਉਸ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਹੈ। ਵਕੀਲ ਨੇ ਦੱਸਿਆ ਕਿ ਪੁਲਿਸ ਨੇ ਗੁਰਿੰਦਰ ਲਈ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ ਅਤੇ ਅਦਾਲਤ ਨੇ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ।
ਐੱਮ.ਪੀ. ਅੰਮ੍ਰਿਤਪਾਲ ਦੇ ਸਾਥੀ ਦੀ ਜਲੰਧਰ ਕੋਰਟ ‘ਚ ਹੋਈ ਪੇਸ਼ੀ

