-ਅਮਰੀਕਾ ਦੀ 10 ਮੋਸਟ ਵਾਂਟੇਡ ਸੂਚੀ ‘ਚ ਸ਼ਾਮਲ ਹੈ ਗੋਲਡੀ ਬਰਾੜ ਦਾ ਨਾਂ
ਵੈਨਕੂਵਰ, 30 ਸਤੰਬਰ (ਪੰਜਾਬ ਮੇਲ)- ਅਮਰੀਕਾ ਦੀ ਪ੍ਰਮੁੱਖ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਕਈ ਕਥਿਤ ਵੱਡੇ ਅਪਰਾਧਾਂ ਵਿਚ ਨਾਮਜ਼ਦ ਕੀਤੇ ਹੋਏ ਭਾਰਤੀ ਮੂਲ ਦੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਸਿਰ ‘ਤੇ ਰੱਖਿਆ ਇਨਾਮ 1 ਲੱਖ ਡਾਲਰ ਤੋਂ ਵਧਾ ਕੇ 10 ਲੱਖ ਡਾਲਰ ਕਰਨ ਦਾ ਐਲਾਨ ਕੀਤਾ ਹੈ। ਉਸ ਉੱਤੇ ਜੂਨ 2023 ਵਿਚ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਦਾ ਵੀ ਦੋਸ਼ ਹੈ। ਮਾਰੇ ਜਾਣ ਮੌਕੇ ਨਿੱਝਰ ਉਸੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸੀ। ਕੈਨੇਡਾ ਪੁਲਿਸ ਵੱਲੋਂ ਉਸ ਕਤਲ ਦੇ ਦੋਸ਼ ਵਿਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਆਇਦ ਕੀਤੇ ਗਏ ਸਨ ਅਤੇ ਮਾਮਲਾ ਅਦਾਲਤੀ ਸੁਣਵਾਈ ਅਧੀਨ ਹੈ।
ਐੱਫ.ਬੀ.ਆਈ. ਦੇ ਸਹਾਇਕ ਨਿਰਦੇਸ਼ਕ ਪੈਟਰਿਕ ਗਰੈਂਡੀ ਨੇ ਲਾਸ ਏਂਜਲਸ ਵਾਲੇ ਦਫ਼ਤਰ ਵਿਚ ਕੀਤੀ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਭਾਰਤ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਸਤਿੰਦਰਜੀਤ ਸਿੰਘ, ਜਿਸ ਨੂੰ ਆਮ ਕਰਕੇ ਗੋਲਡੀ ਬਰਾੜ ਵਜੋਂ ਜਾਣਿਆ ਜਾਂਦਾ ਹੈ, ਵੱਲੋਂ ਉੱਤਰੀ ਅਮਰੀਕਾ (ਯਾਨੀ ਅਮਰੀਕਾ ਅਤੇ ਕੈਨੇਡਾ) ਵਿਚ ਭਾੜੇ ਦੇ ਕਤਲ, ਲੁੱਟਾਂ ਅਤੇ ਫਿਰੌਤੀਆਂ ਦੇ ਦਹਿਸ਼ਤ ਦੀ ਸ਼ੁਰੂਆਤ ਕਰਨ ਕਰਕੇ ਉਸ ਨੂੰ ਅਮਰੀਕਾ ਦੀ 10 ਮੋਸਟ ਵਾਂਟੇਡ ਸੂਚੀ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ ਅਤੇ ਕੋਈ ਵੀ ਸੂਚਨਾਕਾਰ, ਜੋ ਉਸ ਦੀ ਗ੍ਰਿਫ਼ਤਾਰੀ ਵਿਚ ਮਦਦ ਕਰੇਗਾ, ਉਸ ਨੂੰ ਐਲਾਨਿਆ ਗਿਆ ਇਨਾਮ ਦਿੱਤਾ ਜਾਵੇਗਾ। ਉਸ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਫੜਨਾ ਉਨ੍ਹਾਂ ਦੀ ਪਹਿਲ ਵਿਚ ਸ਼ਾਮਲ ਹੋ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਭਾਰਤ ਦੀ ਜੇਲ੍ਹ ਵਿਚ ਬੈਠੇ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਵਿਚੋਂ ਅਮਰੀਕਾ-ਕੈਨੇਡਾ ਲਈ ਥਾਪੇ ਗਏ ਆਪਣੇ ਸਾਥੀ ਗੋਲਡੀ ਨੂੰ ਅਪਰਾਧ ਕਰਨ ਦੀ ਸੂਚੀ ਭੇਜੀ ਜਾਂਦੀ ਹੈ। ਇਸੇ ਪੱਤਰਕਾਰ ਸੰਮੇਲਨ ਮੌਕੇ ਕੈਨੇਡਾ ਪੁਲਿਸ ਦੀ ਉਪ ਕਮਿਸ਼ਨਰ ਲੀਜ਼ਾ ਮੋਰਲੈਂਡ ਵੀ ਹਾਜ਼ਰ ਸੀ। ਕੈਨੇਡਾ ਵੱਲੋਂ ਪਿਛਲੇ ਸਾਲ ਬਿਸ਼ਨੋਈ ਗੈਂਗ ਅੱਤਵਾਦੀ ਸੰਗਠਨ ਐਲਾਨਿਆ ਗਿਆ ਸੀ। ਪੁਲਿਸ ਅਧਿਕਾਰੀ ਅਨੁਸਾਰ ਗੋਲਡੀ ਦੇ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਵਿਚ ਕਿਸੇ ਥਾਂ ਜਾਂ ਕੈਨੇਡਾ ਦੇ ਕਿਸੇ ਗੁਪਤ ਠਿਕਾਣੇ ‘ਤੇ ਹੋਣ ਦੀਆਂ ਸੂਚਨਾਵਾਂ ਹਨ।
ਗੌਰਤਲਬ ਹੈ ਕਿ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਪਾਰਲੀਮੈਂਟ ਸੈਸ਼ਨ ਦੌਰਾਨ ਖੜ੍ਹੇ ਹੋ ਕੇ ਆਪਣੇ ਚੌਕਸੀ ਵਿਭਾਗ ਦੇ ਹਵਾਲੇ ਨਾਲ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਭਾਰਤੀ ਏਜੰਸੀਆਂ ਦੇ ਸਿਰ ਮੜ੍ਹੇ ਸਨ, ਜੋ ਬਾਅਦ ਵਿਚ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਖਟਾਸ ਦਾ ਕਾਰਨ ਬਣਿਆ। ਉਸ ਤੋਂ ਬਾਅਦ ਪਹਿਲਾਂ ਕੈਨੇਡਾ ਸਰਕਾਰ ਨੇ ਭਾਰਤ ਦੇ ਕੌਂਸਲੇਟ ਜਨਰਲਾਂ ਨੂੰ ਕੈਨੇਡਾ ਵਿਚੋਂ ਕੱਢਿਆ ਅਤੇ ਬਦਲੇ ਵਿਚ ਭਾਰਤ ਨੇ ਵੀ ਇੰਜ ਦੀ ਕਾਰਵਾਈ ਕੀਤੀ ਸੀ। ਇਸ ਖਟਾਸ ਕਾਰਨ ਉਦੋਂ ਕੈਨੇਡਾ ਵੱਸੇ ਭਾਰਤੀ ਮੂਲ ਦੇ ਲੋਕਾਂ ਨੂੰ ਭਾਰਤ ਦਾ ਵੀਜ਼ਾ ਲੈਣ ਵਿਚ ਵੀ ਦੋ-ਢਾਈ ਮਹੀਨੇ ਕਈ ਔਖਿਆਈਆਂ ਦਾ ਸਾਹਮਣਾ ਕਰਨਾ ਪਿਆ ਸੀ। ਦੋਹਾਂ ਦੇਸ਼ਾਂ ਦਾ ਵਪਾਰ ਇੱਕ ਤਰ੍ਹਾਂ ਬੰਦ ਹੋ ਗਿਆ ਸੀ, ਜਿਸ ਨੂੰ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀਤੇ ਫ਼ਰਵਰੀ ਮਹੀਨੇ ਭਾਰਤ ਦਾ ਦੌਰਾ ਕਰਕੇ ਸੁਧਾਰਨ ਦੇ ਯਤਨ ਅਰੰਭੇ ਹੋਏ ਹਨ।
ਐੱਫ.ਬੀ.ਆਈ. ਵੱਲੋਂ ਗੋਲਡੀ ਬਰਾੜ ਦੇ ਸਿਰ ‘ਤੇ 10 ਲੱਖ ਡਾਲਰ ਇਨਾਮ ਦਾ ਐਲਾਨ

