#AMERICA

“ਐਲੀਗੇਟਰ ਅਲਕਾਟਰਾਜ਼” ਖਾਲੀ ਕਰਵਾਇਆ ਗਿਆ, ਸਾਰੇ ਇਮੀਗ੍ਰੇਸ਼ਨ ਕੈਦੀ ਹੋਰ ਸੈਂਟਰਾਂ ਵਿੱਚ ਭੇਜੇ

ਮਿਆਮੀ, ਫਲੋਰਿਡਾ, 18 ਜੂਨ (ਪੰਜਾਬ ਮੇਲ)- ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਐਲਾਨ ਕੀਤਾ ਹੈ ਕਿ ਫਲੋਰਿਡਾ ਦੇ ਵਿਵਾਦਤ ਇਮੀਗ੍ਰੇਸ਼ਨ ਡਿਟੇਨਸ਼ਨ ਸੈਂਟਰ “Alligator Alcatraz” ਵਿੱਚ ਰੱਖੇ ਗਏ ਸਾਰੇ ਕੈਦੀਆਂ ਨੂੰ ਹੋਰ ਡਿਟੇਨਸ਼ਨ ਸੈਂਟਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। DHS ਨੇ ਕਿਹਾ ਕਿ ਇਹ ਫੈਸਲਾ ਹਰੀਕੇਨ ਸੀਜ਼ਨ ਦੌਰਾਨ ਕੈਦੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।

DHS ਦੀ ਬੁਲਾਰਣ ਲੌਰਨ ਬਿਸ ਨੇ ਕਿਹਾ ਕਿ ਕੈਦੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ, ਇਸ ਲਈ ਉਹਨਾਂ ਨੂੰ ਹੋਰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਹਾਲਾਂਕਿ ਵਿਭਾਗ ਨੇ ਨਾ ਤਾਂ ਕੈਦੀਆਂ ਦੀ ਗਿਣਤੀ ਦੱਸੀ ਹੈ ਅਤੇ ਨਾ ਹੀ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਕਿਹੜੇ ਸੈਂਟਰਾਂ ਵਿੱਚ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਸੈਂਟਰ ਸਥਾਈ ਤੌਰ ‘ਤੇ ਬੰਦ ਕੀਤਾ ਜਾਵੇਗਾ ਜਾਂ ਹਰੀਕੇਨ ਸੀਜ਼ਨ ਤੋਂ ਬਾਅਦ ਮੁੜ ਚਲਾਇਆ ਜਾਵੇਗਾ।

ਫਲੋਰਿਡਾ ਦੇ ਐਵਰਗਲੇਡਜ਼ ਇਲਾਕੇ ਵਿੱਚ ਬਣਿਆ ਇਹ ਸੈਂਟਰ ਆਪਣੇ ਖੁੱਲ੍ਹਣ ਦੇ ਦਿਨ ਤੋਂ ਹੀ ਵਿਵਾਦਾਂ ਵਿੱਚ ਰਿਹਾ ਹੈ। ਕੈਦੀਆਂ ਅਤੇ ਉਨ੍ਹਾਂ ਦੇ ਵਕੀਲਾਂ ਨੇ ਦੋਸ਼ ਲਗਾਏ ਸਨ ਕਿ ਉੱਥੇ ਖਾਣੇ ਵਿੱਚ ਕੀੜੇ ਮਿਲਦੇ ਸਨ, ਟਾਇਲਟ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਸਨ, ਮੱਛਰਾਂ ਅਤੇ ਹੋਰ ਕੀੜਿਆਂ ਦੀ ਭਰਮਾਰ ਸੀ ਅਤੇ ਕਾਨੂੰਨੀ ਮਦਦ ਤੱਕ ਪਹੁੰਚਣਾ ਵੀ ਬਹੁਤ ਮੁਸ਼ਕਲ ਸੀ। ਮਨੁੱਖੀ ਅਧਿਕਾਰ ਸੰਸਥਾਵਾਂ ਨੇ ਇਸ ਸੈਂਟਰ ਨੂੰ “ਅਣਮਨੁੱਖੀ” ਕਰਾਰ ਦਿੱਤਾ ਸੀ।

ਇਮੀਗ੍ਰੇਸ਼ਨ ਕਾਰਕੁਨਾਂ ਦਾ ਕਹਿਣਾ ਹੈ ਕਿ ਹਰੀਕੇਨ ਸੀਜ਼ਨ ਸਿਰਫ਼ ਇੱਕ ਬਹਾਨਾ ਹੈ ਕਿਉਂਕਿ ਇਹ ਸੈਂਟਰ ਪਿਛਲੇ ਸਾਲ ਵੀ ਹਰੀਕੇਨ ਸੀਜ਼ਨ ਦੌਰਾਨ ਹੀ ਖੋਲ੍ਹਿਆ ਗਿਆ ਸੀ। ਵਕੀਲਾਂ ਮੁਤਾਬਕ ਪਿਛਲੇ ਦੋ ਹਫ਼ਤਿਆਂ ਤੋਂ ਕੈਦੀਆਂ ਨੂੰ ਚੁੱਪਚਾਪ ਟੈਕਸਾਸ, ਲੂਜ਼ੀਆਨਾ, ਅਰੀਜ਼ੋਨਾ, ਕੈਲੀਫੋਰਨੀਆ ਅਤੇ ਫਲੋਰਿਡਾ ਦੇ ਹੋਰ ਡਿਟੇਨਸ਼ਨ ਸੈਂਟਰਾਂ ਵਿੱਚ ਭੇਜਿਆ ਜਾ ਰਿਹਾ ਸੀ।

ਫਲੋਰਿਡਾ ਦੇ ਗਵਰਨਰ Ron DeSantis ਪਹਿਲਾਂ ਕਹਿ ਚੁੱਕੇ ਹਨ ਕਿ ਇਹ ਸਹੂਲਤ ਸ਼ੁਰੂ ਤੋਂ ਹੀ ਅਸਥਾਈ ਤੌਰ ‘ਤੇ ਬਣਾਈ ਗਈ ਸੀ। ਉਨ੍ਹਾਂ ਦੇ ਅਨੁਸਾਰ ਖੁੱਲ੍ਹਣ ਤੋਂ ਬਾਅਦ ਇਸ ਸੈਂਟਰ ਰਾਹੀਂ ਕਰੀਬ 22,000 ਇਮੀਗ੍ਰੈਂਟਾਂ ਨੂੰ ਪ੍ਰੋਸੈਸ ਕਰਕੇ ਡਿਪੋਰਟੇਸ਼ਨ ਕਾਰਵਾਈ ਅੱਗੇ ਵਧਾਈ ਗਈ।

ਇਸ ਦੌਰਾਨ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਇਮੀਗ੍ਰੇਸ਼ਨ ਵਕੀਲਾਂ ਨੇ ਮੰਗ ਕੀਤੀ ਹੈ ਕਿ “Alligator Alcatraz” ਨੂੰ ਸਥਾਈ ਤੌਰ ‘ਤੇ ਬੰਦ ਕੀਤਾ ਜਾਵੇ ਅਤੇ ਭਵਿੱਖ ਵਿੱਚ ਇੱਥੇ ਕਿਸੇ ਵੀ ਇਮੀਗ੍ਰੈਂਟ ਨੂੰ ਨਾ ਰੱਖਿਆ ਜਾਵੇ।

ਹੁਣ ਸਭ ਦੀ ਨਜ਼ਰ DHS ਅਤੇ ਫਲੋਰਿਡਾ ਸਰਕਾਰ ਦੇ ਅਗਲੇ ਫੈਸਲੇ ‘ਤੇ ਹੈ ਕਿ ਕੀ ਇਹ ਵਿਵਾਦਤ ਡਿਟੇਨਸ਼ਨ ਸੈਂਟਰ ਮੁੜ ਖੁੱਲ੍ਹੇਗਾ ਜਾਂ ਹਮੇਸ਼ਾ ਲਈ ਬੰਦ ਹੋ ਜਾਵੇਗਾ।