-ਕੈਨੇਡਾ ਪੁਲਿਸ ਵੱਲੋਂ ਜਾਂਚ ਜਾਰੀ
ਜਲੰਧਰ/ਐਬਟਸਫੋਰਡ, 9 ਸਤੰਬਰ (ਪੰਜਾਬ ਮੇਲ)- ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਐਮੀ ਵਿਰਕ ‘ਤੇ ਕੈਨੇਡਾ ‘ਚ ਹੋਏ ਫਾਇਰਿੰਗ ਮਾਮਲੇ ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ ਹੈ। ਐਮੀ ਵਿਰਕ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਚਲਾਈਆਂ ਗੋਲੀਆਂ ਦੀ ਘਟਨਾ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਐਮੀ ਵਿਰਕ ਅਤੇ ਉਸ ਦੀ ਗੱਡੀ ‘ਤੇ ਕਿਸੇ ਤਰ੍ਹਾਂ ਦੀ ਕੋਈ ਗੋਲੀਬਾਰੀ ਨਹੀਂ ਹੋਈ। ਉਹ ਕੈਨੇਡਾ ਦੌਰੇ ‘ਤੇ ਹਨ। ਉਹ ਬਿਲਕੁੱਲ ਠੀਕ-ਠਾਕ ਹਨ।
ਪਰਿਵਾਰ ਨੇ ਕਿਹਾ ਕਿ ਅਜਿਹੀ ਘਟਨਾ 5 ਦਿਨ ਪਹਿਲਾਂ ਵਾਪਰੀ ਹੈ ਪਰ ਉਸ ਨੂੰ ਐਮੀ ਨਾਲ ਜੋੜ ਕੇ ਦੱਸਿਆ ਜਾ ਰਿਹਾ ਹੈ, ਜੋ ਫਰਜ਼ੀ ਹੈ। ਕੁਝ ਦਿਨ ਪਹਿਲਾਂ ਹੋਈ ਗੋਲੀਬਾਰੀ ਦੀ ਘਟਨਾ ਕਿਸੇ ਹੋਰ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਸੀ। ਇਸ ਦੌਰਾਨ ਐਮੀ ‘ਤੇ ਹਮਲਾ ਹੋਣ ਦੀ ਖ਼ਬਰ ਝੂਠੀ ਹੈ। ਪਰਿਵਾਰ ਨੇ ਕਿਹਾ ਕਿ ਐਮੀ ਵਿਰਕ ਕੈਨੇਡਾ ਵਿਚ ਆਪਣੇ ਸ਼ੋਅ ਨੂੰ ਲੈ ਕੇ ਗਏ ਹੋਏ ਹਨ ਅਤੇ ਉਹ ਬਿਲਕੁਲ ਠੀਕ ਹਨ। ਬੀਤੀ ਰਾਤ ਹੋਏ ਹਮਲੇ ਦੀਆਂ ਚੱਲ ਰਹੀਆਂ ਖ਼ਬਰਾਂ ਗਲਤ ਹਨ। ਜਿਸ ਦਿਨ ਇਹ ਹਮਲਾ ਹੋਇਆ ਸੀ, ਉਸ ਦਿਨ ਐਮੀ ਉਕਤ ਸਥਾਨ ਦੇ ਬਿਲਕੁਲ ਵੀ ਨੇੜੇ-ਤੇੜੇ ਨਹੀਂ ਸੀ।
ਦੱਸ ਦੇਈਏ ਕਿ ਕੈਨੇਡਾ ਦੇ ਐਬਟਸਫੋਰਡ ‘ਚ ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਸ਼ੋਅ ਖ਼ਤਮ ਹੋਣ ਤੋਂ ਬਾਅਦ ਐਮੀ ਵਿਰਕ ‘ਤੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਸ਼ੋਅ ਤੋਂ ਬਾਅਦ ਜਦੋਂ ਐਮੀ ਵਿਰਕ ਆਪਣੀ ਰੌਲਸ ਰਾਇਸ ਕਾਰ ਵਿਚ ਸਵਾਰ ਹੋ ਕੇ ਵਾਪਸ ਜਾ ਰਹੇ ਸਨ, ਤਾਂ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ। ਉਨ੍ਹਾਂ ਦੀ ਕਾਰ ‘ਤੇ 7 ਗੋਲੀਆਂ ਲੱਗੀਆਂ ਹਨ। ਪਰ ਹੁਣ ਇਸ ਮਾਮਲੇ ਦੇ ਪਰਿਵਾਰਕ ਮੈਂਬਰਾਂ ਦਾ ਜੋ ਬਿਆਨ ਸਾਹਮਣੇ ਆਇਆ ਹੈ, ਉਸ ਮੁਤਾਬਕ ਕਾਰ ਵਿਚ ਐਮੀ ਵਿਰਕ ਨਹੀਂ ਸੀ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਐਮੀ ਵਿਰਕ ਦੇ ਪਰਿਵਾਰਕ ਮੈਂਬਰਾਂ ਦਾ ਖੁਲਾਸਾ; ਐਮੀ ਵਿਰਕ ‘ਤੇ ਨਹੀਂ ਹੋਈ ਗੋਲੀਬਾਰੀ

