ਏਸ਼ਿਆਈ ਫੈਡਰੇਸ਼ਨ ਦੇ ਮੀਤ ਪ੍ਰਧਾਨ ਨੇ ਮੈਚ ਕਿਸੇ ਹੋਰ ਥਾਂ ਕਰਵਾਉਣ ਦੀ ਪਾਕਿ ਦੀ ਮੰਗ ਨਕਾਰੀ
ਲਾਹੌਰ, 17 ਸਤੰਬਰ (ਪੰਜਾਬ ਮੇਲ)- ਭਾਰਤ-ਪਾਕਿਸਤਾਨ ਵਿਚਾਲੇ ਮੌਜੂਦਾ ਸੰਵੇਦਨਸ਼ੀਲ ਹਾਲਾਤ ਦਾ ਹਵਾਲਾ ਦਿੰਦਿਆਂ ਪਾਕਿਸਤਾਨ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਲਈ ਭਾਰਤ ਆਉਣ ਤੋਂ ਇਨਕਾਰ ਕਰਦਿਆਂ ਏਸ਼ਿਆਈ ਹਾਕੀ ਫੈਡਰੇਸ਼ਨ (ਏ.ਐੱਚ.ਐੱਫ.) ਤੋਂ ਟੂਰਨਾਮੈਂਟ ਕਿਸੇ ਹੋਰ ਦੇਸ਼ ਵਿਚ ਕਰਵਾਉਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਹਾਕੀ ਇੰਡੀਆ ਦੇ ਸਕੱਤਰ ਜਨਰਲ ਅਤੇ ਏ.ਐੱਚ.ਐੱਫ. ਦੇ ਮੀਤ ਪ੍ਰਧਾਨ ਭੋਲਾ ਨਾਥ ਸਿੰਘ ਨੇ ਇਹ ਮੰਗ ਸਿਰੇ ਤੋਂ ਰੱਦ ਕਰ ਦਿੱਤੀ ਹੈ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਦੇ ਮੁਹਾਲੀ ਅਤੇ ਜਲੰਧਰ ‘ਚ ਖੇਡਿਆ ਜਾਣਾ ਹੈ। ਭੋਲਾ ਨਾਥ ਨੇ ਸਪੱਸ਼ਟ ਕੀਤਾ ਕਿ ਮੈਚ ਦੀ ਥਾਂ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ, ਜੇ ਪਾਕਿਸਤਾਨ ਨੇ ਖੇਡਣਾ ਹੈ, ਤਾਂ ਉਸ ਨੂੰ ਭਾਰਤ ਹੀ ਆਉਣਾ ਪਵੇਗਾ। ਜੇ ਪਾਕਿਸਤਾਨ ਆਪਣੀ ਜ਼ਿੱਦ ‘ਤੇ ਅੜਿਆ ਰਿਹਾ, ਤਾਂ ਉਸ ਦੀ ਥਾਂ ਬੰਗਲਾਦੇਸ਼ ਜਾਂ ਓਮਾਨ ਦੀ ਟੀਮ ਨੂੰ ਖਿਡਾਇਆ ਜਾਵੇਗਾ।
ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਮੋਹੀਉੱਦੀਨ ਅਹਿਮਦ ਵਾਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਾਂ ਤਾਂ ਪੂਰਾ ਟੂਰਨਾਮੈਂਟ ਕਿਸੇ ਹੋਰ ਥਾਂ ‘ਤੇ ਤਬਦੀਲ ਕੀਤਾ ਜਾਵੇ ਜਾਂ ਫਿਰ ਸਿਰਫ਼ ਪਾਕਿਸਤਾਨ ਦੇ ਮੈਚ ਭਾਰਤ ਤੋਂ ਬਾਹਰ ਕਰਵਾਏ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ ਤਣਾਅਪੂਰਨ ਹਾਲਾਤ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ। ਫੈਡਰੇਸ਼ਨ ਦਾ ਮੁੱਖ ਮਕਸਦ ਆਪਣੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਮਾਹੌਲ ਯਕੀਨੀ ਬਣਾਉਣਾ ਹੈ, ਤਾਂ ਜੋ ਟੀਮ ਬਿਨਾਂ ਕਿਸੇ ਰੁਕਾਵਟ ਦੇ ਇਸ ਅਹਿਮ ਟੂਰਨਾਮੈਂਟ ਵਿਚ ਹਿੱਸਾ ਲੈ ਸਕੇ।
ਏਸ਼ਿਆਈ ਚੈਂਪੀਅਨਜ਼ ਟਰਾਫੀ: ਪਾਕਿਸਤਾਨ ਵੱਲੋਂ ਭਾਰਤ ‘ਚ ਹਾਕੀ ਖੇਡਣ ਤੋਂ ਨਾਂਹ

