-ਡਰੱਗ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਕੀਤੀ ਵੱਡੀ ਕਾਰਵਾਈ;
-ਏ.ਏ.ਆਈ.ਬੀ. ਦੀ ਰਿਪੋਰਟ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਹੋਈ ਸੀ ਪੁਸ਼ਟੀ
ਨਵੀਂ ਦਿੱਲੀ, 4 ਸਤੰਬਰ (ਪੰਜਾਬ ਮੇਲ)- ਏਅਰ ਇੰਡੀਆ ਨੇ ਫੁਕੇਟ ਤੋਂ ਦਿੱਲੀ ਆਉਣ ਵਾਲੀ ਉਡਾਣ ਏਆਈ 2379 ਦੇ ਮੁੱਖ ਪਾਇਲਟ (ਪਾਇਲਟ-ਇਨ-ਕਮਾਂਡ) ਨੂੰ ਅੱਜ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਹ ਸਖ਼ਤ ਕਾਰਵਾਈ ਉਸ ਸਮੇਂ ਕੀਤੀ ਗਈ, ਜਦੋਂ ਪਾਇਲਟ ਦਾ ਨਸ਼ੀਲੇ ਪਦਾਰਥ (ਸਾਈਕੋਐਕਟਿਵ ਸਬਸਟੈਂਸ) ਦਾ ਟੈਸਟ ਪੌਜ਼ੀਟਿਵ ਆ ਗਿਆ। 4 ਅਗਸਤ ਨੂੰ ਵਾਪਰੇ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਵਿਚ ਇਸ ਟੈਸਟ ਦੇ ਨਤੀਜੇ ਨੂੰ ”ਗੰਭੀਰ ਚਿੰਤਾ” ਦਾ ਵਿਸ਼ਾ ਦੱਸਿਆ ਗਿਆ ਸੀ ਅਤੇ ਹਵਾਬਾਜ਼ੀ ਰੈਗੂਲੇਟਰ ਨੂੰ ਇਸ ਉੱਤੇ ਤਰਜੀਹੀ ਆਧਾਰ ਉੱਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਸੀ। ਏਅਰ ਇੰਡੀਆ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਸੁਰੱਖਿਆ ਏਅਰ ਇੰਡੀਆ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਪ੍ਰਤੀ ਕੰਪਨੀ ਦੀ ਨੀਤੀ ਬਿਲਕੁਲ ਸਖ਼ਤ ਹੈ, ਜਿਸ ਦੇ ਚੱਲਦਿਆਂ ਪਾਇਲਟ ਦੀ ਸੇਵਾ ਤੁਰੰਤ ਖ਼ਤਮ ਕਰ ਦਿੱਤੀ ਗਈ ਹੈ।
ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਦੀ ਰਿਪੋਰਟ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ 36,000 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਏਅਰ ਇੰਡੀਆ ਦਾ ਏ320 ਜਹਾਜ਼, ਜਿਸ ਵਿਚ 145 ਲੋਕ ਸਵਾਰ ਸਨ, ਸਿਰਫ਼ ਚਾਰ ਸਕਿੰਟਾਂ ਦੇ ਅੰਦਰ ਆਪਣੇ ਤਿੰਨੇ ਹਾਈਡ੍ਰੌਲਿਕ ਸਿਸਟਮਾਂ ਵਿਚੋਂ ਦਬਾਅ ਗੁਆ ਬੈਠਾ ਸੀ। ਇਸ ਤਕਨੀਕੀ ਖਰਾਬੀ ਕਾਰਨ ਜਹਾਜ਼ ਦਾ ਆਟੋਪਾਇਲਟ ਡਿਸਕਨੈਕਟ ਹੋ ਗਿਆ, ਸਟਾਲ ਵਾਰਨਿੰਗ ਵੱਜਣ ਲੱਗੀ ਅਤੇ ਜਹਾਜ਼ ਹਵਾ ਵਿਚ ਖਤਰਨਾਕ ਤਰੀਕੇ ਨਾਲ ਹਿੱਲ ਗਿਆ। ਇਸ ਘਟਨਾ ਕਾਰਨ ਜਹਾਜ਼ ਵਿਚ ਸਵਾਰ 24 ਲੋਕ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿਚ 20 ਯਾਤਰੀ ਅਤੇ 4 ਕੈਬਿਨ ਕਰਿਊ ਮੈਂਬਰ ਸ਼ਾਮਲ ਸਨ।
ਹਾਲਾਂਕਿ ਰਿਪੋਰਟ ਵਿਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਪਾਇਲਟ ਦਾ ਨਸ਼ਾ ਕਰਨ ਦਾ ਟੈਸਟ ਪਾਜ਼ੇਟਿਵ ਆਉਣਾ ਹੀ ਇਸ ਹਾਦਸੇ ਦਾ ਸਿੱਧਾ ਕਾਰਨ ਸੀ, ਪਰ ਤਿੰਨਾਂ ਹਾਈਡ੍ਰੌਲਿਕ ਪ੍ਰਣਾਲੀਆਂ ਦਾ ਇੱਕੋ ਸਮੇਂ ਦਬਾਅ ਗੁਆਉਣਾ ਆਪਣੇ ਆਪ ਵਿਚ ਇੱਕ ਵੱਡੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਫਰੈਂਚ ਏਜੰਸੀ ਬੀ.ਈ.ਏ. ਦੇ ਤਕਨੀਕੀ ਮਾਹਰ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
ਏਅਰ ਇੰਡੀਆ ਵੱਲੋਂ ਫੁਕੇਟ-ਦਿੱਲੀ ਉਡਾਣ ਦਾ ਮੁੱਖ ਪਾਇਲਟ ਨੌਕਰੀ ਤੋਂ ਬਰਖਾਸਤ

