#OTHERS

ਈਰਾਨ ਨੂੰ ਕਤਰ ਦੇਵੇਗਾ 6 ਅਰਬ ਡਾਲਰ ; ਰਾਸ਼ਟਰਪਤੀ ਪੇਜ਼ੇਸ਼ਕੀਅਨ ਦਾ ਦਾਅਵਾ

ਦੁਬਈ, 29 ਜੂਨ (ਪੰਜਾਬ ਮੇਲ)- ਪੱਛਮੀ ਏਸ਼ੀਆ ਵਿਚ ਵਧਦੇ ਜੰਗੀ ਹਾਲਾਤ ਅਤੇ ਅਮਰੀਕਾ ਨਾਲ ਚੱਲ ਰਹੀ ਖਿੱਚੋਤਾਣ ਦੇ ਵਿਚਕਾਰ ਈਰਾਨ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਐਲਾਨ ਕੀਤਾ ਕਿ ਕਤਰ ਵਿਚ ਜ਼ਬਤ ਕੀਤੇ ਗਏ ਈਰਾਨ ਦੇ 6 ਅਰਬ ਡਾਲਰ (ਲਗਭਗ 50,000 ਕਰੋੜ ਰੁਪਏ) ਦੀ ਜਾਇਦਾਦ ਤੋਂ ਜਲਦੀ ਹੀ ਰੋਕ ਹਟਾ ਦਿੱਤੀ ਜਾਵੇਗੀ। ਪੇਜ਼ੇਸ਼ਕੀਅਨ ਅਨੁਸਾਰ ਕਤਰ ਕੋਲ ਮੌਜੂਦ ਈਰਾਨ ਦੇ ਕੁੱਲ 12 ਅਰਬ ਡਾਲਰ ਦੇ ਸਰੋਤਾਂ ਵਿਚੋਂ ਇਹ 6 ਅਰਬ ਡਾਲਰ ਵਾਪਸ ਕਰਨ ਲਈ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।
ਪੇਜ਼ੇਸ਼ਕੀਅਨ ਦਾ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਇਸ ਹਫਤੇ ਦੇ ਅੰਤ ਵਿਚ ਫਾਰਸ ਦੀ ਖਾੜੀ ਵਿਚ ਹੋਏ ਹਮਲਿਆਂ ਨੇ ਅਮਰੀਕਾ ਨਾਲ ਗੱਲਬਾਤ ਵਿਚ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਹਾਲਾਂਕਿ ਇਕ ਪਾਸੇ ਈਰਾਨੀ ਰਾਸ਼ਟਰਪਤੀ ਇਸ ਰਾਸ਼ੀ ਦੇ ਜਲਦ ਮਿਲਣ ਦੀ ਉਮੀਦ ਜਤਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਅਮਰੀਕੀ ਅਧਿਕਾਰੀਆਂ ਨੇ ਇਸ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਮਰੀਕਾ ਦਾ ਕਹਿਣਾ ਹੈ ਕਿ ਈਰਾਨ ਦੀ ਜ਼ਬਤ ਕੀਤੀ ਗਈ ਕਿਸੇ ਵੀ ਜਾਇਦਾਦ ਤੋਂ ਅਜੇ ਤੱਕ ਕੋਈ ਰੋਕ ਨਹੀਂ ਹਟਾਈ ਗਈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਹੋਰ ਦੇਸ਼ਾਂ ਨਾਲ ਗੱਲਬਾਤ ਵਿਚ ਕਤਰ ਇੱਕ ਅਹਿਮ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ ਅਤੇ ਪੇਜ਼ੇਸ਼ਕੀਅਨ ਅਜਿਹੇ ਪਹਿਲੇ ਸੀਨੀਅਰ ਅਧਿਕਾਰੀ ਹਨ, ਜਿਨ੍ਹਾਂ ਨੇ ਜਨਤਕ ਤੌਰ ‘ਤੇ ਇਸ ਫੰਡ ਦੇ ਜਾਰੀ ਹੋਣ ਦਾ ਜ਼ਿਕਰ ਕੀਤਾ ਹੈ।
ਇਹ ਘਟਨਾਕ੍ਰਮ ਇੱਕ ਅਜਿਹੇ ਸਮੇਂ ਵਿਚ ਹੋ ਰਿਹਾ ਹੈ, ਜਦੋਂ ਫਾਰਸ ਦੀ ਖਾੜੀ ਵਿਚ ਤਣਾਅ ਚਰਮ ‘ਤੇ ਹੈ। ਅਮਰੀਕਾ ਵੱਲੋਂ ਕੀਤੇ ਗਏ ਨਵੇਂ ਹਵਾਈ ਹਮਲਿਆਂ ਦੇ ਜਵਾਬ ਵਿਚ ਈਰਾਨ ਨੇ ਐਤਵਾਰ ਨੂੰ ਬਹਿਰੀਨ ਅਤੇ ਕੁਵੈਤ ‘ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਸਨ। ਈਰਾਨ ਨੇ ਅਮਰੀਕਾ ਨੂੰ ਸਖ਼ਤ ਲਹਿਜ਼ੇ ‘ਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਾਸ਼ਿੰਗਟਨ ਨੇ ਹਮਲੇ ਬੰਦ ਨਾ ਕੀਤੇ, ਤਾਂ ਜੰਗ ਖ਼ਤਮ ਕਰਨ ਲਈ ਚੱਲ ਰਹੀ ਕੂਟਨੀਤਕ ਗੱਲਬਾਤ ਨੂੰ ”ਪੂਰੀ ਤਰ੍ਹਾਂ ਰੋਕ” ਦਿੱਤਾ ਜਾਵੇਗਾ। ਈਰਾਨੀ ਸਮਾਚਾਰ ਏਜੰਸੀ ‘ਇਰਨਾ’ ਮੁਤਾਬਕ ਬਣਾਈਆਂ ਗਈਆਂ ਯੋਜਨਾਵਾਂ ਦੇ ਤਹਿਤ ਕਤਰ ਵਿਚ ਮੌਜੂਦ ਫੰਡਾਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰਾਸ਼ੀ ਈਰਾਨ ਨੂੰ ਮਿਲਦੀ ਹੈ, ਤਾਂ ਇਹ ਉਸ ਦੀ ਡਗਮਗਾ ਰਹੀ ਆਰਥਿਕਤਾ ਲਈ ਵੱਡਾ ਸਹਾਰਾ ਸਾਬਤ ਹੋਵੇਗੀ, ਪਰ ਅਮਰੀਕਾ ਦੇ ਵਿਰੋਧ ਕਾਰਨ ਇਸ ਮਾਮਲੇ ਵਿਚ ਕਈ ਅੜਚਣਾਂ ਆਉਣ ਦੀ ਸੰਭਾਵਨਾ ਬਣੀ ਹੋਈ ਹੈ।