#PUNJAB

ਇੰਡੀਗੋ ਨੇ ਹਵਾਈ ਟਿਕਟਾਂ ਕੀਤੀਆਂ ਮਹਿੰਗੀਆਂ

-ਕੌਮਾਂਤਰੀ ਉਡਾਣਾਂ ਲਈ 10 ਹਜ਼ਾਰ ਰੁਪਏ ਤੱਕ ਦੇਣੇ ਪੈਣਗੇ; 6 ਮਹੀਨਿਆਂ ‘ਚ ਤੀਜੀ ਵਾਰ ਵਧਾਇਆ ਫਿਊਲ ਸਰਚਾਰਜ
ਚੰਡੀਗੜ੍ਹ, 6 ਅਕਤੂਬਰ (ਪੰਜਾਬ ਮੇਲ)- ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀਆਂ ਉਡਾਣਾਂ ਦੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ ਹਨ। ਏਅਰਲਾਈਨ ਨੇ ਘਰੇਲੂ ਉਡਾਣਾਂ ‘ਤੇ 1300 ਰੁਪਏ ਤੱਕ ਅਤੇ ਕੌਮਾਂਤਰੀ ਉਡਾਣਾਂ ‘ਤੇ ਇਕ ਹਜ਼ਾਰ ਰੁਪਏ ਤੋਂ 10 ਹਜ਼ਾਰ ਰੁਪਏ ਤੱਕ ਫਿਊਲ ਚਾਰਜ ਲਗਾਉਣ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ 6 ਅਕਤੂਬਰ ਤੋਂ ਲਾਗੂ ਹੋਣਗੀਆਂ।
ਇੰਡੀਗੋ ਨੇ ਪਿਛਲੇ ਛੇ ਮਹੀਨਿਆਂ ਵਿਚ ਤੀਜੀ ਵਾਰ ਫਿਊਲ ਸਰਚਾਰਜ ਵਧਾਇਆ ਹੈ। ਇਸ ਤੋਂ ਪਹਿਲਾਂ ਏਅਰਲਾਈਨ ਨੇ ਇਸ ਸਾਲ 14 ਮਾਰਚ ਅਤੇ ਫਿਰ 1 ਅਪ੍ਰੈਲ ਨੂੰ ਕਿਰਾਏ ਵਿਚ ਵਾਧਾ ਕੀਤਾ ਸੀ। ਏਅਰਲਾਈਨ ਮੁਤਾਬਕ ਇਹ ਫੈਸਲਾ ਹਵਾਈ ਜਹਾਜ਼ਾਂ ਵਿਚ ਵਰਤੇ ਜਾਣ ਵਾਲੇ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀਆਂ ਕੀਮਤਾਂ ਵਧਣ ਕਾਰਨ ਲਿਆ ਗਿਆ ਹੈ।
ਕੰਪਨੀ ਨੇ ਕਿਹਾ ਕਿ ਜੈੱਟ ਫਿਊਲ ਦੀਆਂ ਵਧੀਆਂ ਕੀਮਤਾਂ ਕਾਰਨ ਫਿਊਲ ਚਾਰਜ ਵਿਚ ਵਾਧਾ ਕਰਨਾ ਪਿਆ ਹੈ। 1 ਅਕਤੂਬਰ ਤੋਂ ਘਰੇਲੂ ਏਅਰਲਾਈਨਾਂ ਲਈ ਏ.ਟੀ.ਐੱਫ. ਦੀ ਕੀਮਤ 121 ਰੁਪਏ ਤੋਂ ਵਧ ਕੇ 137 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਤਰ੍ਹਾਂ ਇੱਕ ਲਿਟਰ ਏ.ਟੀ.ਐੱਫ. ਦੀ ਕੀਮਤ ਵਿਚ 16 ਰੁਪਏ ਜਾਂ ਲਗਭਗ 13.2 ਫੀਸਦੀ ਦਾ ਵਾਧਾ ਹੋਇਆ ਹੈ।
ਇੰਡੀਗੋ ਅਨੁਸਾਰ ਸਿਰਫ਼ ਪਿਛਲੇ ਇੱਕ ਮਹੀਨੇ ਦੌਰਾਨ ਜੈੱਟ ਫਿਊਲ ਦੀਆਂ ਕੀਮਤਾਂ ਵਿਚ 14 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ। ਇਸ ਕਾਰਨ ਹਵਾਈ ਜਹਾਜ਼ਾਂ ਵਿਚ ਵਰਤਿਆ ਜਾਣ ਵਾਲਾ ਈਂਧਨ ਪਿਛਲੇ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ।
ਜੈੱਟ ਫਿਊਲ ਦੀ ਕੀਮਤ ਵਿਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਲਗਾਤਾਰ ਵਾਧਾ ਹੋਇਆ ਹੈ। ਅਗਸਤ 2026 ਵਿਚ ਇਸ ਦੀ ਕੀਮਤ 5 ਰੁਪਏ ਪ੍ਰਤੀ ਲਿਟਰ ਵਧੀ ਸੀ। ਸਤੰਬਰ ਵਿਚ 6.28 ਰੁਪਏ ਅਤੇ ਅਕਤੂਬਰ ਵਿਚ 16 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਇਸ ਤਰ੍ਹਾਂ ਤਿੰਨ ਮਹੀਨਿਆਂ ਵਿਚ ਜੈੱਟ ਫਿਊਲ ਕੁੱਲ 27.28 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ।
ਜੈੱਟ ਫਿਊਲ ਏਅਰਲਾਈਨਾਂ ਦੇ ਸਭ ਤੋਂ ਵੱਡੇ ਖਰਚਿਆਂ ਵਿਚੋਂ ਇੱਕ ਹੈ। ਆਮ ਤੌਰ ‘ਤੇ ਏਅਰਲਾਈਨਾਂ ਦੇ ਕੁੱਲ ਸੰਚਾਲਨ ਖਰਚੇ ਵਿਚ ਇਸ ਦੀ ਹਿੱਸੇਦਾਰੀ 30 ਤੋਂ 40 ਫੀਸਦੀ ਤੱਕ ਹੁੰਦੀ ਹੈ। ਇਸ ਲਈ ਤੇਲ ਦੀਆਂ ਕੀਮਤਾਂ ਵਿਚ ਅਚਾਨਕ ਹੋਏ ਵਾਧੇ ਦਾ ਸਿੱਧਾ ਅਸਰ ਏਅਰਲਾਈਨਾਂ ਦੇ ਖਰਚਿਆਂ ਅਤੇ ਟਿਕਟਾਂ ਦੀਆਂ ਕੀਮਤਾਂ ‘ਤੇ ਪੈਂਦਾ ਹੈ।
ਦੁਨੀਆਂ ਭਰ ਦੀਆਂ ਕਈ ਏਅਰਲਾਈਨਾਂ ਨੇ ਜੈੱਟ ਫਿਊਲ ਮਹਿੰਗਾ ਹੋਣ ਕਾਰਨ ਟਿਕਟਾਂ ਦੇ ਕਿਰਾਏ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਕੁਝ ਕੰਪਨੀਆਂ ਨੇ ਆਪਣੇ ਭਵਿੱਖ ਦੇ ਵਿੱਤੀ ਅਨੁਮਾਨਾਂ ਵਿਚ ਵੀ ਤਬਦੀਲੀ ਕੀਤੀ ਹੈ। ਏਅਰ ਨਿਊਜ਼ੀਲੈਂਡ ਅਤੇ ਕਵਾਂਟਸ ਵਰਗੀਆਂ ਵੱਡੀਆਂ ਏਅਰਲਾਈਨਾਂ ਨੇ ਵੀ ਸੰਕੇਤ ਦਿੱਤਾ ਹੈ ਕਿ ਵਧੇ ਹੋਏ ਖਰਚੇ ਦਾ ਕੁਝ ਬੋਝ ਯਾਤਰੀਆਂ ‘ਤੇ ਪਾਇਆ ਜਾਵੇਗਾ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਵਿਚ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਟਿਕਟਾਂ ਲਈ ਪਹਿਲਾਂ ਨਾਲੋਂ ਵੱਧ ਰਕਮ ਖਰਚਣੀ ਪੈ ਸਕਦੀ ਹੈ।