ਅੰਮ੍ਰਿਤਸਰ, 6 ਜੂਨ (ਪੰਜਾਬ ਮੇਲ)- ਅੰਮ੍ਰਿਤਸਰ ‘ਚ ਲਾਪਤਾ ਹੋਏ ਐੱਨ.ਆਰ.ਆਈ. ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐੱਨ.ਆਰ.ਆਈ. ਦੀ ਪਛਾਣ ਸੁਨੀਲ ਸ਼ਰਮਾ (66) ਵਜੋਂ ਹੋਈ ਹੈ, ਜੋ ਕਿ ਇੱਕ ਆਸਟ੍ਰੇਲੀਆਈ ਨਾਗਰਿਕ ਸੀ ਅਤੇ ਆਪਣੇ ਜੱਦੀ ਘਰ ਦੀ ਦੇਖਭਾਲ ਕਰਨ ਅਤੇ ਰੰਗ-ਰੋਗਨ ਦਾ ਕੰਮ ਕਰਨ ਲਈ ਅੰਮ੍ਰਿਤਸਰ ਆਇਆ ਸੀ। ਸੁਨੀਲ ਸ਼ਰਮਾ 22 ਮਈ ਨੂੰ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਹੁਣ ਉਸਦੇ ਕਤਲ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਨੂੰ ਕਤਲ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵਾਰਦਾਤ ਜਾਇਦਾਦ ਦੇ ਵਿਵਾਦ ਕਾਰਨ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਐੱਨ.ਆਰ.ਆਈ. ਦੀ ਧੀ ਸੁਰਭੀ ਸ਼ਰਮਾ ਨੇ ਦੱਸਿਆ ਕਿ ਉਸਦੇ ਪਿਤਾ ਸੁਨੀਲ ਸ਼ਰਮਾ ਇੱਕ ਗਣਿਤ ਅਧਿਆਪਕ ਸਨ। ਜੋ ਆਸਟ੍ਰੇਲੀਆ ਦੇ ਮੈਲਬੌਰਨ ਵਿਚ ਰਹਿੰਦੇ ਹਨ। ਉਨ੍ਹਾਂ ਨੂੰ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਆਪਣੇ ਵਤਨ ਨਾਲ ਡੂੰਘਾ ਪਿਆਰ ਸੀ। ਇਸ ਪਿਆਰ ਕਾਰਨ ਉਨ੍ਹਾਂ ਨੇ ਪੰਜਾਬ ਵਿਚ ਆਪਣਾ ਘਰ ਖਰੀਦਿਆ। ਜਿੱਥੇ ਉਹ ਰੰਗ-ਰੋਗਨ ਅਤੇ ਹੋਰ ਕੰਮਾਂ ਦੀ ਤਿਆਰੀ ਕਰਨ ਲਈ ਆਏ ਸਨ। ਸੁਰਭੀ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਨੂੰ ਆਖਰੀ ਵਾਰ 22 ਮਈ ਨੂੰ ਭਾਰਤ ਵਾਪਸ ਆਉਣ ਤੋਂ ਬਾਅਦ ਫ਼ੋਨ ‘ਤੇ ਗੱਲ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਫ਼ੋਨ ਬੰਦ ਸੀ ਅਤੇ ਉਦੋਂ ਤੋਂ ਉਹ ਪਿਤਾ ਨਾਲ ਸੰਪਰਕ ਨਹੀਂ ਕਰ ਸਕੀ। ਸੁਰਭੀ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਆਪਣੇ ਪਿਤਾ ਨੂੰ ਜਲਦੀ ਤੋਂ ਜਲਦੀ ਲੱਭਣ ਲਈ ਭਾਵੁਕ ਅਪੀਲ ਕੀਤੀ।
ਇਸ ਤੋਂ ਬਾਅਦ ਪੁਲਿਸ ਨੇ ਸ਼ੁਰੂਆਤ ਵਿਚ ਸੁਨੀਲ ਸ਼ਰਮਾ ਦੇ ਲਾਪਤਾ ਹੋਣ ਤੋਂ ਬਾਅਦ ਅਗਵਾ ਦਾ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਹੁਣ ਮਾਮਲੇ ਵਿਚ ਵੱਡਾ ਮੋੜ ਇਹ ਸਾਹਮਣੇ ਆਇਆ ਕਿ ਸੁਨੀਲ ਸ਼ਰਮਾ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਮ੍ਰਿਤਕ ਦੇ ਭਰਾ ਸੰਨੀ ਸ਼ਰਮਾ ਨੂੰ ਮੁੱਖ ਦੋਸ਼ੀ ਵਜੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਕਤਲ ਪਿੱਛੇ ਜਾਇਦਾਦ ਦਾ ਵਿਵਾਦ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪਰਿਵਾਰ ‘ਚ ਲੰਬੇ ਸਮੇਂ ਤੋਂ ਚੱਲ ਰਿਹਾ ਜਾਇਦਾਦ ਦਾ ਵਿਵਾਦ ਇਸ ਘਟਨਾ ਦਾ ਕਾਰਨ ਬਣਿਆ। ਕਤਲ ਦੀ ਪੁਸ਼ਟੀ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਕੇਸ ਨੂੰ ਕਤਲ ਦੀਆਂ ਧਾਰਾਵਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸੰਨੀ ਸ਼ਰਮਾ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ‘ਚ ਇੱਕ ਐੱਨ.ਡੀ.ਪੀ.ਐੱਸ. ਮਾਮਲੇ ‘ਚ ਲੋੜੀਂਦਾ ਸੀ। ਉਹ ਅਤੇ ਉਸਦੇ ਕੁਝ ਪਰਿਵਾਰਕ ਮੈਂਬਰ ਘਟਨਾ ਤੋਂ ਬਾਅਦ ਫਰਾਰ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੂਰੀ ਸੱਚਾਈ ਜਲਦੀ ਹੀ ਸਾਹਮਣੇ ਆ ਜਾਵੇਗੀ। ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ।
ਆਸਟ੍ਰੇਲੀਆ ਤੋਂ ਪੰਜਾਬ ਆਏ ਐੱਨ.ਆਰ.ਆਈ. ਦਾ ਭਰਾ ਨੇ ਕੀਤਾ ਕਤਲ!

