-ਸਰਕਾਰ ਨੇ ਚੁੱਕਿਆ ਸਖ਼ਤ ਕਦਮ; ਮਾਈਗ੍ਰੈਂਟ ਵਰਕਰ ਸਪੋਰਟ ਸੈਂਟਰ ਸਥਾਪਤ ਕਰਨ ਦਾ ਐਲਾਨ
ਸਿਡਨੀ, 21 ਜੁਲਾਈ (ਪੰਜਾਬ ਮੇਲ)- ਆਸਟ੍ਰੇਲੀਆ ਦੇ ਟਰਾਂਸਪੋਰਟ ਸੈਕਟਰ ‘ਚ ਕੰਮ ਕਰ ਰਹੇ ਭਾਰਤੀ ਅਤੇ ਖ਼ਾਸਕਰ ਪੰਜਾਬੀ ਟਰੱਕ ਡਰਾਈਵਰਾਂ ਨੂੰ ਗੰਭੀਰ ਨਸਲੀ ਵਿਤਕਰੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਇੱਕ ਜਾਂਚ ਰਿਪੋਰਟ ਅਨੁਸਾਰ ਪੱਗਾਂ ਪਹਿਨਣ, ਆਪਸ ਵਿਚ ਪੰਜਾਬੀ ਬੋਲਣ ਅਤੇ ਵੱਖਰੇ ਲਹਿਜ਼ੇ ਕਾਰਨ ਪੰਜਾਬੀ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੰਸਟਾਗ੍ਰਾਮ ‘ਤੇ ਵਾਇਰਲ ਹੋਈ ਇੱਕ ਸੀ.ਬੀ. ਰੇਡੀਓ ਦੀ ਆਡੀਓ ਕਲਿੱਪ ਵਿਚ ਪੰਜਾਬੀਆਂ ਨੂੰ ਜਾਨੋਂ ਮਾਰਨ, ਉਨ੍ਹਾਂ ਦੇ ਬੱਚਿਆਂ ਨੂੰ ਡੁਬੋਣ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਵੇਚਣ ਵਰਗੀਆਂ ਖ਼ੌਫ਼ਨਾਕ ਧਮਕੀਆਂ ਦਿੱਤੀਆਂ ਗਈਆਂ ਹਨ, ਜਿਸ ਕਾਰਨ ਬਹੁਤ ਸਾਰੇ ਡਰਾਈਵਰਾਂ ਨੇ ਡਰ ਦੇ ਮਾਰੇ ਰੇਡੀਓ ਦੀ ਵਰਤੋਂ ਹੀ ਬੰਦ ਕਰ ਦਿੱਤੀ ਹੈ।
ਇਸ ਦੌਰਾਨ ਕਈ ਦਰਦਨਾਕ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਕ ਪੰਜਾਬੀ ਡਰਾਈਵਰ ਅਨੁਸਾਰ ਦੱਖਣੀ ਆਸਟ੍ਰੇਲੀਆ ਦੇ ਇੱਕ ਟਰੱਕ ਸਟਾਪ ‘ਤੇ ਜਦੋਂ ਉਹ ਆਪਣੀ ਪਤਨੀ ਨਾਲ ਫ਼ੋਨ ‘ਤੇ ਪੰਜਾਬੀ ਵਿਚ ਗੱਲ ਕਰ ਰਿਹਾ ਸੀ, ਤਾਂ ਇੱਕ ਸਥਾਨਕ ਵਿਅਕਤੀ ਨੇ ਉਸ ‘ਤੇ ਥੁੱਕ ਦਿੱਤਾ ਅਤੇ ਅੰਗਰੇਜ਼ੀ ਵਿਚ ਗੱਲ ਕਰਨ ਲਈ ਕਿਹਾ। ਇਸੇ ਤਰ੍ਹਾਂ 10 ਸਾਲਾਂ ਦੇ ਤਜ਼ਰਬੇ ਵਾਲੇ ਇਕ ਹੋਰ ਪੰਜਾਬੀ ਨੇ ਲਗਾਤਾਰ ਹੁੰਦੀਆਂ ਨਸਲੀ ਟਿੱਪਣੀਆਂ ਅਤੇ ਪੱਗ ਦਾ ਮਜ਼ਾਕ ਉਡਾਏ ਜਾਣ ਤੋਂ ਤੰਗ ਆ ਕੇ ਮਹਿਜ਼ 8 ਮਹੀਨਿਆਂ ਵਿਚ ਹੀ ਆਪਣੀ ਜੌਬ ਛੱਡ ਦਿੱਤੀ। ਆਸਟ੍ਰੇਲੀਅਨ ਟਰੱਕਿੰਗ ਐਸੋਸੀਏਸ਼ਨ (ਏ.ਟੀ.ਏ.) ਅਤੇ ਨੈਸ਼ਨਲ ਹੈਵੀ ਵਹੀਕਲ ਰੈਗੂਲੇਟਰ (ਐੱਨ.ਐੱਚ.ਵੀ.ਆਰ.) ਨੇ ਇਸ ਘਿਨੌਣੇ ਵਿਵਹਾਰ ਦੀ ਨਿੰਦਾ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਮਾਨਸਿਕ ਸਟ੍ਰੈੱਸ ਕਾਰਨ ਸੜਕ ਹਾਦਸਿਆਂ ਦਾ ਰਿਸਕ ਵਧ ਸਕਦਾ ਹੈ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਸਟ੍ਰੇਲੀਆਈ ਗ੍ਰਹਿ ਮੰਤਰੀ ਟੋਨੀ ਬਰਕ ਨੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਇੱਕ ਆਰਕੈਸਟਰਾ ਵਾਂਗ ਹੈ, ਜਿੱਥੇ ਹਰ ਸੱਭਿਆਚਾਰ ਦਾ ਆਪਣਾ ਸਥਾਨ ਹੈ ਅਤੇ ਭਾਰਤੀ-ਸਿੱਖ ਭਾਈਚਾਰੇ ਵਿਰੁੱਧ ਅਜਿਹੀ ਨਫ਼ਰਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰਕਾਰ ਨੇ ਹਰ ਵੱਡੇ ਸ਼ਹਿਰ ਵਿਚ ਮਾਈਗ੍ਰੈਂਟ ਵਰਕਰ ਸਪੋਰਟ ਸੈਂਟਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ, ਜਿੱਥੇ ਡਰਾਈਵਰ ਬਿਨਾਂ ਕਿਸੇ ਝਿਜਕ ਜਾਂ ਵੀਜ਼ਾ ਰੱਦ ਹੋਣ ਦੇ ਡਰ ਤੋਂ ਗੁਪਤ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਸਰਕਾਰ ਨੇ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਵੀਜ਼ਾ ਸੁਰੱਖਿਆ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਹੈ। ਹੁਣ, ਜੇਕਰ ਕੋਈ ਕਾਮਾ ਆਪਣੇ ਨਾਲ ਹੋ ਰਹੀ ਬਦਸਲੂਕੀ ਜਾਂ ਸ਼ੋਸ਼ਣ ਦੀ ਰਿਪੋਰਟ ਕਰਦਾ ਹੈ, ਤਾਂ ਉਸਦਾ ਮਾਲਕ ਬਦਲਾ ਲੈਣ ਦੀ ਨੀਅਤ ਨਾਲ ਉਸਦਾ ਵੀਜ਼ਾ ਰੱਦ ਨਹੀਂ ਕਰਵਾ ਸਕੇਗਾ। ਬਰਕ ਅਨੁਸਾਰ ਪੁਰਾਣੇ ਸਿਸਟਮ ਵਿਚ ਕਾਮਿਆਂ ਕੋਲ ਕੋਈ ਤਾਕਤ ਨਹੀਂ ਸੀ, ਪਰ ਇਹ ਨਵਾਂ ਸੁਧਾਰ ਉਨ੍ਹਾਂ ਨੂੰ ਨਿਡਰ ਹੋ ਕੇ ਬੋਲਣ ਦੀ ਸ਼ਕਤੀ ਦੇਵੇਗਾ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਲਗਭਗ 5,000 ਤੋਂ 8,000 ਪੰਜਾਬੀ ਟਰੱਕ ਡਰਾਈਵਰ ਹਨ, ਜੋ ਦੇਸ਼ ਦੀ ਸਪਲਾਈ ਚੇਨ ਅਤੇ ਲੌਜਿਸਟਿਕਸ ਸੈਕਟਰ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇੰਟਰਨੈਸ਼ਨਲ ਰੋਡ ਟਰਾਂਸਪੋਰਟ ਯੂਨੀਅਨ ਅਨੁਸਾਰ ਆਸਟ੍ਰੇਲੀਆ ਵਿਚ ਪਹਿਲਾਂ ਹੀ 28,000 ਭਾਰੀ ਵਾਹਨ ਚਾਲਕਾਂ ਦੀ ਸ਼ਾਰਟੇਜ ਹੈ। ਅਜਿਹੇ ਵਿਚ ਨਸਲੀ ਹਮਲਿਆਂ ਕਾਰਨ ਭਾਰਤੀ ਡਰਾਈਵਰਾਂ ਦਾ ਇਹ ਖੇਤਰ ਛੱਡਣਾ ਆਸਟ੍ਰੇਲੀਆਈ ਅਰਥਵਿਵਸਥਾ ਅਤੇ ਟਰਾਂਸਪੋਰਟ ਪ੍ਰਣਾਲੀ ਲਈ ਇੱਕ ਵੱਡਾ ਸੰਕਟ ਖੜ੍ਹਾ ਕਰ ਸਕਦਾ ਹੈ।
ਆਸਟ੍ਰੇਲੀਆ ‘ਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਕਰਨਾ ਪੈ ਰਿਹੈ ਨਸਲੀ ਵਿਤਕਰੇ ਦੇ ਸਾਹਮਣਾ!

