#PUNJAB

ਅੰਮ੍ਰਿਤਸਰ ‘ਚ ਐੱਨ.ਆਰ.ਆਈ. ਦੇ ਘਰ ਦਿਨ ਦਿਹਾੜੇ ਚੋਰੀ ਅਤੇ ਭੰਨਤੋੜ

ਅੰਮ੍ਰਿਤਸਰ, 5 ਮਈ (ਪੰਜਾਬ ਮੇਲ)- ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿਚ ਇੱਕ ਐੱਨ.ਆਰ.ਆਈ. ਦੇ ਘਰ ਦਿਨ ਦਿਹਾੜੇ ਦਾਖਲ ਹੋ ਕੇ ਚੋਰੀ ਅਤੇ ਤੋੜਫੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਜ਼ਬਰਦਸਤੀ ਘਰ ਵਿਚ ਦਾਖਲ ਹੋ ਕੇ ਪਹਿਲਾਂ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਫਿਰ ਘਰ ਵਿਚੋਂ ਜ਼ਰੂਰੀ ਕਾਰੋਬਾਰੀ ਡਾਕੂਮੈਂਟ ਚੋਰੀ ਕਰ ਲਏ। ਇਹ ਘਟਨਾ ਨੇੜਲੇ ਘਰ ਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਨਾਲ ਪੁਲਿਸ ਨੂੰ ਜਾਂਚ ਵਿਚ ਮਦਦ ਮਿਲੀ।
ਪੀੜਤ ਪਰਿਵਾਰ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ‘ਚ ਕੰਪਨੀ ਨਾਲ ਸੰਬੰਧਿਤ ਅਹਿਮ ਡਾਕੂਮੈਂਟ, ਸਾਈਨ ਕੀਤੇ ਬਲੈਂਕ ਪੇਪਰ, ਚੈਕ ਬੁੱਕਾਂ ਅਤੇ ਹੋਰ ਕੀਮਤੀ ਚੀਜ਼ਾਂ ਸ਼ਾਮਲ ਹਨ, ਜੋ ਉਨ੍ਹਾਂ ਦੇ ਕਾਰੋਬਾਰ ਲਈ ਬਹੁਤ ਮਹੱਤਵਪੂਰਨ ਹਨ। ਪਰਿਵਾਰ ਦੇ ਮੈਂਬਰ ਆਦਮਜੀਤ ਸਿੰਘ ਦੇ ਮੁਤਾਬਕ ਦੋਸ਼ੀਆਂ ਨੇ ਪਹਿਲਾਂ ਘਰ ਦੇ ਤਾਲੇ ਅਤੇ ਬਾਰੀਆਂ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਪਾਰਕ ਵਾਲੀ ਸਾਈਡ ਤੋਂ ਅੰਦਰ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਮੁੱਖ ਮੁਲਜ਼ਮ ਵਿਸ਼ਾਲ ਚੋਪੜਾ ਪਹਿਲਾਂ ਵੀ ਉਨ੍ਹਾਂ ਨੂੰ ਧਮਕੀਆਂ ਦੇ ਚੁੱਕਾ ਸੀ ਅਤੇ ਘਰ ਦੇ ਬਾਹਰ ਆ ਕੇ ਤੰਗ ਕਰਦਾ ਰਿਹਾ ਹੈ। ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਵਿਸ਼ਾਲ ਚੋਪੜਾ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਗੱਡੀ ਵਿਚੋਂ ਕੁਝ ਸੀ.ਸੀ.ਟੀ.ਵੀ. ਉਪਕਰਣ ਵੀ ਬਰਾਮਦ ਕੀਤੇ ਗਏ ਹਨ।
ਥਾਣਾ ਰਣਜੀਤ ਐਵਨਿਊ ਦੇ ਐੱਸ.ਐੱਚ.ਓ. ਰੋਬਿਨ ਹੰਸ ਅਨੁਸਾਰ, ਇਸ ਮਾਮਲੇ ਵਿਚ 3 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇੱਕ ਦੋਸ਼ੀ ਗ੍ਰਿਫਤਾਰ ਹੋ ਚੁੱਕਾ ਹੈ, ਜਦਕਿ ਹੋਰ ਦੋ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਚੋਰੀ ਹੋਏ ਡਾਕੂਮੈਂਟਾਂ ਦੀ ਬਰਾਮਦਗੀ ਦੀ ਸੰਭਾਵਨਾ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਫਰਾਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਚੋਰੀ ਹੋਏ ਡਾਕੂਮੈਂਟ ਵਾਪਸ ਕਰਵਾਏ ਜਾਣ, ਤਾਂ ਜੋ ਉਨ੍ਹਾਂ ਦੇ ਕਾਰੋਬਾਰ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ।